ਵਾਰਡ ਨੰਬਰ-4 ਦੇ ਨਿਵਾਸੀ ਕੱਚੀ ਗਲੀ ਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰੇਸ਼ਾਨ

Friday, Jul 20, 2018 - 04:11 AM (IST)

ਵਾਰਡ ਨੰਬਰ-4 ਦੇ ਨਿਵਾਸੀ ਕੱਚੀ ਗਲੀ ਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰੇਸ਼ਾਨ

 ਮੋਰਿੰਡਾ,   (ਅਰਨੌਲੀ)-  ਵਾਰਡ ਨੰਬਰ-4 ਮੋਰਿੰਡਾ ਵਿਖੇ ਵੇਅਰ ਹਾਊਸ ਦੇ ਗੋਦਾਮ ਦੇ ਪਿੱਛੇ ਅਧੂਰੀ ਪਈ ਗਲੀ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 
ਇਸ ਸਬੰਧੀ ਵਾਰਡ ਵਾਸੀ ਮਲਕੀਤ ਸਿੰਘ, ਸੁਰਿੰਦਰ ਸਿੰਘ, ਦਲਬਾਰਾ ਸਿੰਘ, ਹਰਦੀਪ ਸਿੰਘ, ਬਲਜੀਤ ਸਿੰਘ, ਬਹਾਦਰ ਸਿੰਘ ਫੌਜੀ, ਲਖਬੀਰ ਸਿੰਘ ਆਦਿ ਨੇ ਦੱਸਿਆ ਕਿ ਵਾਰਡ ਨੰਬਰ-4 ਵਿਖੇ ਮਹਿਤਾ ਲਾਟਰੀ ਵਾਲੀ ਗਲੀ ਤੋਂ ਅੱਗੇ ਜਾ ਕੇ 300 ਗਜ਼ ਦੇ ਕਰੀਬ ਦਾ ਟੋਟਾ ਕਾਫੀ ਸਮੇਂ ਤੋਂ ਕੱਚਾ ਪਿਆ ਹੈ ਅਤੇ ਨਾ  ਹੀ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਨਾਲਾ ਬਣਾਇਆ ਗਿਆ, ਜਿਸ ਕਾਰਨ ਹਲਕਾ ਜਿਹਾ  ਮੀਂਹ ਪੈਣ ’ਤੇ ਪਾਣੀ ਗਲੀ ਵਿਚ ਖਡ਼੍ਹਾ ਰਹਿੰਦਾ ਹੈ, ਜਿਸ ਕਾਰਨ ਜਿੱਥੇ ਲੋਕਾਂ ਦਾ ਲੰਘਣਾ ਮੁਸ਼ਕਿਲ  ਹੁੰਦਾ ਹੈ, ਉਥੇ ਹੀ ਗਲੀ ਵਿਚ ਗੰਦਾ ਪਾਣੀ ਖਡ਼੍ਹਨ ਕਾਰਨ ਬੀਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ। 
ਇਸ ਸਬੰਧੀ ਵਾਰਡ ਵਾਸੀਆਂ ਨੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਅਤੇ ਕਾਰਜਸਾਧਕ ਅਫਸਰ ਰਾਜੇਸ਼ ਸ਼ਰਮਾ ਤੋਂ ਮੰਗ ਕੀਤੀ ਕਿ ਗਲੀ ਦੇ ਇਸ ਕੱਚੇ ਟੋਟੇ ਨੂੰ ਪੱਕਾ ਕੀਤਾ ਜਾਵੇ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਪੱਕਾ ਨਾਲਾ ਬਣਾਇਆ ਜਾਵੇ।
 ਕੀ ਕਹਿੰਦੇ ਹਨ ਵਾਰਡ ਦੇ ਕੌਂਸਲਰ :  ਇਸ ਸਬੰਧੀ ਵਾਰਡ ਨੰਬਰ-4 ਦੀ ਕੌਂਸਲਰ ਮਨਜੀਤ ਕੌਰ ਕੰਗ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਜਾਰੀ ਹੋਈ ਗ੍ਰਾਂਟ ਨਾਲ ਇਸ ਗਲੀ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਗ੍ਰਾਂਟ ਦੀ ਕਮੀ ਕਾਰਨ ਗਲੀ ਦਾ ਇਹ ਟੋਟਾ ਬਣਾਉਣ ਤੋਂ ਰਹਿ ਗਿਆ, ਕੌਂਸਲ ਵਲੋਂ ਜਦੋਂ ਵੀ ਕੋਈ ਗ੍ਰਾਂਟ ਜਾਰੀ ਹੋਈ ਤਾਂ ਇਸ ਗਲੀ ਨੂੰ ਮੁਕੰਮਲ ਕਰਵਾਇਆ ਜਾਵੇਗਾ।
 ਕੀ ਕਹਿੰਦੇ ਹਨ ਕਾਰਜਸਾਧਕ ਅਫਸਰ:  :  ਨਗਰ ਕੌਂਸਲ ਮੋਰਿੰਡਾ ਦੇ ਕਾਰਜਸਾਧਕ ਅਫਸਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਸ ਗਲੀ ਦੀ ਸਮੱਸਿਆ ਦਾ ਮਾਮਲਾ ਸਾਡੇ ਧਿਆਨ ਵਿਚ ਹੈ, ਹਾਊਸ ਦੀ ਪ੍ਰਵਾਨਗੀ ਮਿਲਣ ’ਤੇ ਜਲਦੀ ਹੀ ਇਸ ਗਲੀ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।
 


Related News