ਡੀ. ਐੱਸ. ਆਰ. ਤਕਨੀਕ ਦੋਆਬੇ ਦੇ ਕਿਸਾਨਾਂ ਨੂੰ ਉਤਸ਼ਾਹਤ ਕਰਨ ''ਚ ਰਹੀ ਅਸਫ਼ਲ, ਜਾਣੋ ਕਿਉਂ
Monday, Jun 05, 2023 - 11:22 AM (IST)

ਜਲੰਧਰ - ਜਲੰਧਰ ਜ਼ਿਲ੍ਹੇ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ (ਡੀ. ਐੱਸ. ਆਰ.) ਤਕਨੀਕ ਨੂੰ ਅਪਣਾਉਣ ਵਿੱਚ ਢਿੱਲੇ ਪੈ ਰਹੇ ਹਨ। ਇਸ ਤਕਨੀਕ ਜ਼ਰੀਏ ਝੋਨੇ ਦੀ ਬਿਜਾਈ ਹੇਠ ਰਕਬਾ ਕਾਫ਼ੀ ਘੱਟ ਗਿਆ ਹੈ। ਡੀ. ਐੱਸ. ਆਰ. ਅਧੀਨ 2021 ਵਿਚ ਰਕਬਾ 21,000 ਹੈਕਟੇਅਰ ਦੇ ਮੁਕਾਬਲੇ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਘਟ ਕੇ 1,435 ਹੈਕਟੇਅਰ ਰਹਿ ਗਿਆ ਹੈ। 2020 ਵਿੱਚ ਇਸ ਵਿਧੀ ਦੀ ਵਰਤੋਂ ਕਰਕੇ ਲਗਭਗ 15,000 ਹੈਕਟੇਅਰ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਸੀ। ਦੱਸਣਯੋਗ ਹੈ ਕਿ ਜ਼ਮੀਨੀ ਪਾਣੀ ਦੀ ਕਮੀ ਨੂੰ ਰੋਕਣ ਅਤੇ ਮਜ਼ਦੂਰੀ ਦੀਆਂ ਲਾਗਤਾਂ ਨੂੰ ਘਟਾਉਣ ਲਈ ਡੀ. ਐੱਸ. ਆਰ. ਨੂੰ ਇਕ ਟਿਕਾਊ ਤਰੀਕੇ ਵਜੋਂ ਉਤਸ਼ਾਹ ਕਰਨ ਲਈ ਸਰਕਾਰ ਦੇ ਯਤਨਾਂ ਦੇ ਬਾਵਜੂਦ ਕੁਝ ਕਿਸਾਨ ਅਣਚਾਹੇ ਬੂਟਿਆਂ, ਘੱਟ ਪੈਦਾਵਾਰ ਅਤੇ ਲਗਾਤਾਰ ਚੌਕਸੀ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਇਸ ਵਿਧੀ ਨੂੰ ਅਪਣਾਉਣ ਤੋਂ ਝਿਜਕ ਰਹੇ ਹਨ।
ਇਹ ਵੀ ਪੜ੍ਹੋ-ਮੌਸਮ 'ਚ ਹੋ ਰਹੀ ਤਬਦੀਲੀ, ਜੂਨ ਮਹੀਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦੀ ਹੈ ਗਰਮੀ, ਜਾਣੋ ਤਾਜ਼ਾ ਅਪਡੇਟ
ਸ਼ਾਹਕੋਟ ਦੇ ਇਕ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਡੀ. ਐੱਸ. ਆਰ. ਦੀ ਵਰਤੋਂ ਕਰਦੇ ਝੋਨੇ ਦੀ ਬਿਜਾਈ ਕਰ ਰਹੇ ਹਨ। ਖੇਤਰ ਦੇ ਬਹੁਤੇ ਕਿਸਾਨ ਡੀ. ਐੱਸ. ਆਰ. ਵਿਧੀ ਨਾਲ ਝੋਨੇ ਦੀ ਬਿਜਾਈ ਵਿਚ ਦਿਲਚਸਪੀ ਨਹੀਂ ਰੱਖਦੇ ਹਨ ਕਿਉਂਕਿ ਜੇਕਰ ਇਸ ਤਕਨੀਕ ਨਾਲ ਝੋਨਾ ਬੀਜਿਆ ਜਾਂਦਾ ਹੈ ਤਾਂ ਅਣਚਾਹੇ ਪੌਦਿਆਂ ਦੀ ਸਮੱਸਿਆ ਪੈਦਾ ਹੁੰਦੀ ਹੈ। ਉਥੇ ਹੀ ਸੁਲਤਾਨਪੁਰ ਲੋਧੀ ਦੇ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਤਕਨੀਕ ਦੀ ਵਰਤੋਂ ਕਰਕੇ ਝੋਨਾ ਉਗਾ ਰਹੇ ਹਨ। ਇਸ ਵਾਰ ਉਹ ਰਵਾਇਤੀ ਢੰਗ ਨਾਲ ਝੋਨਾ ਬੀਜਣਗੇ। ਡੀ. ਐੱਸ. ਆਰ. ਤਕਨੀਕ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ। ਜੇਕਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ ਤਾਂ ਖੇਤ ਦਾ ਕੰਮ ਵੀ ਵੱਧਦਾ ਹੈ।
ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਇਸ ਸਾਲ ਕਿੰਨੇ ਕਿਸਾਨ ਡੀ. ਐੱਸ. ਆਰ. ਦੀ ਵਰਤੋਂ ਕਰਨਗੇ। ਪਿਛਲੇ ਸਾਲ ਸਰਕਾਰ ਨੇ ਡੀ. ਐੱਸ. ਆਰ. ਦੀ ਵਰਤੋਂ ਕਰਕੇ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ 1500 ਰੁਪਏ ਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ। ਕਿਸਾਨਾਂ ਦਰਮਿਆਨ ਇਸ ਤਕਨੀਕ ਨੂੰ ਅਪਣਾਉਣ ਅਤੇ ਵਾਧਾ ਦੇਣ ਲਈ ਖੇਤੀਬਾੜੀ ਵਿਭਾਗ ਨੇ ਸੂਬੇ ਵਿਚ ਕੈਂਪਾਂ ਦਾ ਵੀ ਆਯੋਜਨ ਕੀਤਾ। ਇਸ ਵਾਰ ਵੀ ਸਰਕਾਰ ਨੇ ਪ੍ਰੋਤਸਾਹਨ ਦਾ ਐਲਾਨ ਕੀਤਾ ਹੈ ਅਤੇ ਕਿਸਾਨਾਂ ਨੂੰ ਵਾਤਾਵਰਣ ਬਚਾਉਣ ਦੀ ਤਕਨੀਕ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ।
ਇਹ ਵੀ ਪੜ੍ਹੋ-ਨਸ਼ੇ ਦੇ ਦੈਂਤ ਨੇ ਉਜਾੜਿਆ ਘਰ, ਫਿਲੌਰ ਵਿਖੇ 2 ਸਾਲਾਂ ’ਚ ਨਿਗਲੀਆਂ ਪਰਿਵਾਰ ਦੇ 3 ਨੌਜਵਾਨਾਂ ਦੀਆਂ ਜ਼ਿੰਦਗੀਆਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani