ਸ਼ਹੀਦ ਰਣਜੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ, 3 ਮਹੀਨੇ ਦੀ ਬੱਚੀ ਨੇ ਦਿੱਤੀ ਮੁੱਖ ਅਗਨੀ
Friday, Jan 17, 2020 - 01:57 PM (IST)
ਦੀਨਾਨਗਰ (ਦੀਪਕ) : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਮਾਛਿਲ ਸੈਕਟਰ ਵਿਖੇ ਐੱਲ. ਓ. ਸੀ. ਵਿਖੇ ਗਸ਼ਤ ਕਰਦੇ ਹੋਏ ਬੀਤੇ ਸੋਮਵਾਰ ਬਰਫ ਖਿਸਕਣ ਕਾਰਣ ਹੇਠਾਂ ਦੱਬ ਜਾਣ ਨਾਲ ਸ਼ਹੀਦ ਹੋਏ 45 ਰਾਸ਼ਟਰੀ ਰਾਇਫਲ ਦੇ ਜਵਾਨ ਰਣਜੀਤ ਸਿੰਘ ਸਲਾਰੀਆ ਦੀ ਮ੍ਰਿਤਕ ਦੇਹ ਅੱਜ ਜੱਦੀ ਪਿੰਡ ਸਿੱਧਪੁਰ ਪਹੁੰਚੀ, ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰਕੀਤਾ ਗਿਆ। ਇਸ ਮੌਕੇ ਸ਼ਹੀਦ ਨੂੰ ਮੁੱਖ ਅਗਨੀਂ ਉਸ ਦੀ ਤਿੰਨ ਮਹੀਨਿਆਂ ਦੀ ਬੱਚੀ ਵਲੋਂ ਦਿੱਤੀ ਗਈ।
ਸ਼ਹੀਦ ਰਣਜੀਤ ਸਿੰਘ ਸਲਾਰੀਆ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨੇ ਕਿਹਾ ਸਾਨੂੰ ਇਸ ਜਵਾਨ ਉਤੇ ਮਾਣ ਹੈ ਕਿ ਇਸਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਪਰਿਵਾਰ ਦੀ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇਗੀ ਅਤੇ ਉਸਦੀ ਯਾਦਗੀਰੀ ਵੀ ਬਣਾਈ ਜਾਵੇਗੀ।
ਇਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਸਥਿਤ ਮਾਛਿੱਲ, ਉੜੀ ਸੈਕਟਰ 'ਚ ਬਰਫੀਲਾ ਤੂਫਾਨ ਦੀ ਲਪੇਟ 'ਚ ਆ ਕੇ ਫੌਜ ਦੇ 3 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਨ੍ਹਾਂ ਨੌਜਵਾਨਾਂ 'ਚੋਂ ਇਕ ਗੁਰਦਾਸਪੁਰ ਦੇ ਦੀਨਾਨਗਰ ਸਥਿਤ ਪਿੰਡ ਸਿੱਧਪੁਰ, ਨਵਾਂ ਪਿੰਡ ਦੇ ਰਹਿਣ ਵਾਲੇ 26 ਸਾਲਾ ਰਣਜੀਤ ਸਿੰਘ ਸਲਾਰੀਆ ਵੀ ਹਨ, ਜੋ ਕਿ 45 ਰਾਸ਼ਟਰੀ ਰਾਈਫਲਸ 'ਚ ਤਾਇਨਾਤ ਸਨ। ਰਣਜੀਤ ਸਲਾਰੀਆ ਦੇ ਘਰ ਪਿਛਲੇ ਸਾਲ ਦਸੰਬਰ 'ਚ ਹੀ ਧੀ ਨੇ ਜਨਮ ਲਿਆ ਸੀ, ਜਿਸ ਦਾ ਮੂੰਹ ਦੇਖਣਾ ਰਣਜੀਤ ਨੂੰ ਨਸੀਬ ਨਾ ਹੋਇਆ।