ਡਿੰਪਲ ਦੀ ਮੌਤ ਤੋਂ ਬਾਅਦ ਵੀ ਨਹੀਂ ਜਾਗਿਆ ਪ੍ਰਸ਼ਾਸਨ

Wednesday, Dec 20, 2017 - 06:19 AM (IST)

ਡਿੰਪਲ ਦੀ ਮੌਤ ਤੋਂ ਬਾਅਦ ਵੀ ਨਹੀਂ ਜਾਗਿਆ ਪ੍ਰਸ਼ਾਸਨ

ਜਲੰਧਰ, (ਬੁਲੰਦ)- ਨਿਗਮ ਪ੍ਰਸ਼ਾਸਨ ਲੋਕਾਂ ਦੀਆਂ ਸਮੱਸਿਆਵਾਂ ਤੋਂ ਮੂੰਹ ਫੇਰ ਕੇ ਬੈਠਾ ਹੈ। ਲੋਕ ਖਰਾਬ ਸਿਸਟਮ ਦੀ ਬਲੀ ਚੜ੍ਹ ਰਹੇ ਹਨ ਪਰ ਪ੍ਰਸ਼ਾਸਨ ਦਾ ਸਾਰਾ ਧਿਆਨ ਵੀ. ਆਈ. ਪੀਜ਼ ਦੀ ਸੇਵਾ ਵਿਚ ਲੱਗਾ ਹੋਇਆ ਹੈ। ਬੀਤੇ ਦਿਨੀਂ ਗੁਰੂ ਰਵਿਦਾਸ ਚੌਕ ਵਿਖੇ ਦੇਰ ਰਾਤ ਵਾਪਰੇ ਇਕ ਹਾਦਸੇ ਵਿਚ ਭਜਨ ਫਿਸ਼ ਕਾਰਨਰ ਦੇ ਮਾਲਕ ਡਿੰਪਲ ਦੀ ਮੌਤ ਹੋ ਗਈ ਸੀ ਪਰ ਇਸਦੇ ਬਾਵਜੂਦ ਨਿਗਮ ਪ੍ਰਸ਼ਾਸਨ ਨੇ ਅੱਜ ਤਕ ਉਸ ਚੌਕ ਦੀਆਂ ਟਰੈਫਿਕ ਲਾਈਟਾਂ ਦੀ ਮੁਰੰਮਤ ਨਹੀਂ ਕਰਵਾਈ। 
ਇਸ ਮਾਮਲੇ ਨੂੰ ਲੈ ਕੇ ਅੱਜ ਸ਼੍ਰੀ ਗੁਰੂ ਰਵਿਦਾਸ ਮਾਰਕੀਟ ਦੇ ਦੁਕਾਨਦਾਰਾਂ ਨੇ ਰਵਿਦਾਸ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਨੋਦ ਮੋਦੀ, ਕੁਲਵਿੰਦਰ ਕੁਮਾਰ, ਅਮਰਜੋਤ ਸਿੰਘ ਬਰਾੜ, ਅਨਮੋਲ ਰਾਜਾ, ਜੱਸੀ, ਅਮਰਜੀਤ, ਰੂਪ ਲਾਲ, ਬਲਜਿੰਦਰ, ਬੌਬੀ ਤੇ ਜਸਵੰਤ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਹਰ ਸਮੇਂ ਇਸੇ ਕਾਰਨ ਟਰੈਫਿਕ  ਜਾਮ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਸ ਦਾ ਸਾਰਾ ਧਿਆਨ ਚਲਾਨ ਕੱਟਣ ਅਤੇ ਧੱਕੇ ਨਾਲ ਵਾਹਨਾਂ ਨੂੰ ਟੋ ਕਰਨ 'ਤੇ ਲੱਗਾ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਚੌਕ ਵਿਖੇ ਟਰੈਫਿਕ ਲਾਈਟਾਂ ਕੰਮ ਕਰ ਰਹੀਆਂ ਹੋਣ ਉਥੇ ਪੁਲਸ ਵਾਲੇ ਨਾਕੇ ਲਾ ਕੇ ਖੜ੍ਹੇ ਰਹਿੰਦੇ ਹਨ ਤੇ ਜਿਸ ਚੌਕ ਵਿਚ ਟਰੈਫਿਕ ਲਾਈਟਾਂ ਖਰਾਬ ਹੋਣ ਉਥੇ ਕੋਈ ਟਰੈਫਿਕ ਕਰਮਚਾਰੀ ਨਜ਼ਰ ਹੀ ਨਹੀਂ ਆਉਂਦਾ। ਇਸ ਵਰਤਾਰੇ ਤੋਂ ਸਾਫ ਹੈ ਕਿ ਪੁਲਸ ਡਿਊਟੀ ਕਰਨ ਦੀ ਬਜਾਏ ਚਲਾਨ ਕੱਟਣ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ਨਿਗਮ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚੌਕ ਦੀ ਮੁਰੰਮਤ ਕਰਵਾਈ ਜਾਵੇ ਤੇ ਇਥੇ 24 ਘੰਟੇ ਲਈ 4-5 ਟਰੈਫਿਕ  ਕਰਮਚਾਰੀ ਤਾਇਨਾਤ ਹੋਣ ਤਾਂ ਜੋ ਲੋਕ ਹਾਦਸੇ ਦਾ ਸ਼ਿਕਾਰ ਨਾ ਹੋ ਸਕਣ। 


Related News