ਜਾਣੋ ਕਿੱਥੇ, ਕਿਵੇਂ ਅਤੇ ਕਿਸ ਨੇ ਗ੍ਰਿਫਤਾਰ ਕੀਤਾ ਗੈਂਗਸਟਰ ਦਿਲਪ੍ਰੀਤ ਬਾਬਾ

Monday, Jul 09, 2018 - 03:58 PM (IST)

ਜਾਣੋ ਕਿੱਥੇ, ਕਿਵੇਂ ਅਤੇ ਕਿਸ ਨੇ ਗ੍ਰਿਫਤਾਰ ਕੀਤਾ ਗੈਂਗਸਟਰ ਦਿਲਪ੍ਰੀਤ ਬਾਬਾ

ਚੰਡੀਗੜ੍ਹ (ਮਨਮੋਹਨ) : ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਜ ਚੰਡੀਗੜ੍ਹ ਅਤੇ ਪੰਜਾਬ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਸੈਕਟਰ-43 ਤੋਂ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਬੱਸ ਸਟੈਂਡ ਨੂੰ ਪੁਲਸ ਛਾਉਣੀ 'ਚ ਬਦਲ ਦਿੱਤਾ ਗਿਆ ਸੀ। ਅਸਲ 'ਚ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਲਪ੍ਰੀਤ ਬਾਬਾ ਸੈਕਟਰ-43 ਦੇ ਬੱਸ ਸਟੈਂਡ 'ਤੇ ਹੈ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜ ਗਈ। 
ਇੰਝ ਗ੍ਰਿਫਤਾਰ ਹੋਇਆ ਗੈਂਗਸਟਰ
ਪੰਜਾਬ ਪੁਲਸ ਨੇ ਚੰਡੀਗੜ੍ਹ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਦਿਲਪ੍ਰੀਤ ਬਾਬਾ ਸੈਕਟਰ-43 ਦੇ ਬਸ ਸਟੈਂਡ 'ਤੇ ਹੈ, ਜਿਸ ਤੋਂ ਬਾਅਦ ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਅਮਨਜੋਤ ਆਪਣੀ ਨਿਜੀ ਗੱਡੀ 'ਚ ਦਿਲਪ੍ਰੀਤ ਦੀ ਗੱਡੀ ਦੇ ਪਿੱਛੇ ਖੜ੍ਹੇ ਹੋ ਗਏ।
ਦਿਲਪ੍ਰੀਤ 'ਤੇ ਚਲਾਈਆਂ ਗੋਲੀਆਂ
ਦਿਲਪ੍ਰੀਤ ਜਿਵੇਂ ਹੀ ਪੁਲਸ ਦੀ ਗੱਡੀ ਦੇਖ ਕੇ ਭੱਜਣ ਲੱਗਾ ਤਾਂ ਇੰਸਪੈਕਟਰ ਅਮਨਜੋਤ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਇਕ ਗੋਲੀ ਉਸ ਦੇ ਪੱਟ 'ਤੇ ਲੱਗੀ ਅਤੇ ਇਕ ਉਸ ਦੀ ਲੱਤ 'ਤੇ। ਦਿਲਪ੍ਰੀਤ ਬਾਬਾ ਨੇ ਵੀ ਇੰਸਪੈਕਟਰ 'ਤੇ ਗੋਲੀਆਂ ਚਲਾਈਆਂ ਪਰ ਉਨ੍ਹਾਂ ਨੂੰ ਗੋਲੀ ਨਹੀਂ ਲੱਗੀ। ਗੋਲੀਆਂ ਦਾ ਸ਼ਿਕਾਰ ਹੋਏ ਦਿਲਪ੍ਰੀਤ ਨੂੰ ਪੀ. ਜੀ. ਆਈ. ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਸੂਚਨਾ ਮਿਲੀ ਸੀ ਕਿ ਦਿਲਪ੍ਰੀਤ ਬਾਬਾ ਸੈਕਟਰ-43 ਬੱਸ ਅੱਡੇ ਦੇ ਨੇੜੇ-ਤੇੜੇ ਹੈ। ਇਕ ਵਾਰ ਕੰਟਰੋਲ ਰੂਮ 'ਤੇ ਕਾਲ ਵੀ ਕੀਤੀ ਗਈ ਸੀ ਕਿ ਦਿਲਪ੍ਰੀਤ ਹਾਈਕੋਰਟ 'ਚ ਧਮਾਕਾ ਕਰਨ ਵਾਲਾ ਹੈ, ਜਿਸ ਤੋਂ ਬਾਅਦ ਇਹ ਸਾਹਮਣੇ ਆਇਆ ਸੀ ਕਿ ਉਹ ਕਾਲ ਇਕ ਆਟੋ ਡਰਾਈਵਰ ਦੇ ਫੋਨ ਤੋਂ ਕੀਤੀ ਗਈ ਸੀ। 


Related News