ਕੰਗਨਾ ਵਿਵਾਦ ਤੋਂ ਬਾਅਦ ਦਿਲਜੀਤ ਦੀ ਬੱਲੇ-ਬੱਲੇ, ਟਵਿਟਰ-ਇੰਸਟਾ ’ਤੇ ਲੱਖਾਂ ਦੀ ਗਿਣਤੀ ’ਚ ਵਧੇ ਫਾਲੋਅਰਜ਼
Wednesday, Dec 09, 2020 - 11:57 PM (IST)
ਜਲੰਧਰ (ਬਿਊਰੋ)– ਬਾਲੀਵੁੱਡ ’ਚ ਧੁੰਮਾਂ ਪਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਖਿਲਾਫ ਆਪਣੀ ਭੜਾਸ ਕੱਢਦੇ ਦੇਖੇ ਗਏ। ਕੰਗਨਾ ਨੂੰ ਕਿਸਾਨ ਧਰਨਿਆਂ ’ਚ ਸ਼ਾਮਲ ਇਕ ਬਜ਼ੁਰਗ ਮਹਿਲਾ ’ਤੇ ਟਿੱਪਣੀ ਕਰਨੀ ਇੰਨੀ ਭਾਰੀ ਪੈ ਗਈ ਕਿ ਪੂਰਾ ਪੰਜਾਬੀ ਕਲਾਕਾਰ ਭਾਈਚਾਰਾ ਉਸ ’ਤੇ ਭੜਾਸ ਕੱਢਣ ਲੱਗ ਗਿਆ। ਹਾਲਾਂਕਿ ਬਾਲੀਵੁੱਡ ’ਚ ਵੱਡਾ ਨਾਂ ਕਮਾ ਚੁੱਕੇ ਦਿਲਜੀਤ ਦੋਸਾਂਝ ਨੇ 2 ਦਸੰਬਰ ਨੂੰ ਜਦੋਂ ਕੰਗਨਾ ਨੂੰ ਟਵਿਟਰ ’ਤੇ ਟੈਗ ਕਰਕੇ ਆਪਣਾ ਰੋਸ ਜ਼ਾਹਿਰ ਕੀਤਾ ਤਾਂ ਸਭ ਦੀਆਂ ਨਜ਼ਰਾਂ ਕੰਗਨਾ ਦੇ ਟਵਿਟਰ ਅਕਾਊਂਟ ’ਤੇ ਟਿਕ ਗਈਆਂ। ਇਹ ਸਾਧਾਰਨ ਗੱਲ ਸੀ ਕਿ ਕੰਗਨਾ ਵਲੋਂ ਜਵਾਬ ਵੀ ਦਿੱਤਾ ਜਾਣਾ ਸੀ ਤੇ ਜਿਵੇਂ ਹੀ 3 ਦਸੰਬਰ ਨੂੰ ਕੰਗਨਾ ਨੇ ਦਿਲਜੀਤ ਨੂੰ ਜਵਾਬ ਦਿੱਤਾ ਤਾਂ ਇਨ੍ਹਾਂ ਦਾ ਵਿਵਾਦ ਪੂਰਾ ਦਿਨ ਚੱਲਦਾ ਰਿਹਾ। ਨਾ ਤਾਂ ਕੰਗਨਾ ਆਪਣੀ ਗਲਤੀ ਮੰਨਣ ਨੂੰ ਤਿਆਰ ਸੀ ਤੇ ਨਾ ਹੀ ਦਿਲਜੀਤ ਕੰਗਨਾ ਨੂੰ ਬੋਲਣ ’ਚ ਪਿੱਛੇ ਹੱਟ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਲੋਕਾਂ ਦੀ ਮਦਦ ਲਈ ਸੋਨੂੰ ਸੂਦ ਨੇ ਆਪਣਾ ਘਰ-ਬਾਰ ਰੱਖਿਆ ਗਹਿਣੇ, ਚੁੱਕਿਆ 10 ਕਰੋੜ ਦਾ ਕਰਜ਼ਾ
ਦਿਲਜੀਤ ਕੰਗਨਾ ਨੂੰ ਉਸ ਦੀ ਗਲਤੀ ਦਾ ਅਹਿਸਾਸ ਵਾਰ-ਵਾਰ ਕਰਵਾਉਂਦੇ ਰਹੇ ਤੇ ਉਸ ਨੂੰ ਮੁਆਫੀ ਮੰਗਣ ਲਈ ਕਹਿੰਦੇ ਰਹੇ ਪਰ ਕੰਗਨਾ ਨੇ ਆਪਣੀ ਗਲਤੀ ’ਤੇ ਅਜੇ ਤਕ ਮੁਆਫੀ ਨਹੀਂ ਮੰਗੀ। ਬਾਅਦ ’ਚ ਸਮੂਹ ਪੰਜਾਬੀ ਕਲਾਕਾਰ ਭਾਈਚਾਰਾ ਦਿਲਜੀਤ ਦੇ ਹੱਕ ’ਚ ਆਇਆ ਤੇ ਸੋਸ਼ਲ ਮੀਡੀਆ ’ਤੇ ਦਿਲਜੀਤ ਦੋਸਾਂਝ ਟਰੈਂਡ ਕਰਨ ਲੱਗ ਗਏ। ਟਰੈਂਡਿੰਗ ’ਚ ਆਉਣ ਕਰਕੇ ਦਿਲਜੀਤ ਦੇ ਫਾਲੋਅਰਜ਼ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਗਈ।
ਦਿਲਜੀਤ ਦੇ ਟਵਿਟਰ ਅਕਾਊਂਟ ਦੀ ਗੱਲ ਕਰੀਏ ਤਾਂ ਮੰਗਲਵਾਰ ਤਕ ਦਿਲਜੀਤ ਦੇ 38 ਲੱਖ 49 ਹਜ਼ਾਰ ਫਾਲੋਅਰਜ਼ ਸਨ, ਉਥੇ ਬੁੱਧਵਾਰ ਤੇ ਵੀਰਵਾਰ ਨੂੰ ਦਿਲਜੀਤ ਦੇ 12 ਹਜ਼ਾਰ ਦੇ ਹਿਸਾਬ ਨਾਲ ਫਾਲੋਅਰਜ਼ ਵਧੇ ਪਰ ਸ਼ੁੱਕਰਵਾਰ ਨੂੰ ਦਿਲਜੀਤ ਦੇ ਫਾਲੋਅਰਜ਼ ਰਿਕਾਰਡ 3 ਲੱਖ ਤੋਂ ਵੱਧ ਗਿਣਤੀ ’ਚ ਵਧੇ। ਇਸ ਨਾਲ ਦਿਲਜੀਤ ਦੇ ਫਾਲੋਅਰਜ਼ 38 ਲੱਖ ਤੋਂ ਸਿੱਧਾ 42 ਲੱਖ ’ਤੇ ਪਹੁੰਚ ਗਏ। ਹਾਲਾਂਕਿ ਇਸ ਤੋਂ ਬਾਅਦ ਵੀ ਦਿਲਜੀਤ ਦੇ ਫਾਲੋਅਰਜ਼ ਟਵਿਟਰ ’ਤੇ ਸ਼ਨੀਵਾਰ ਨੂੰ 1 ਲੱਖ 44 ਹਜ਼ਾਰ ਤੇ ਐਤਵਾਰ ਨੂੰ 75 ਹਜ਼ਾਰ ਵਧੇ। ਖ਼ਬਰ ਲਿਖੇ ਜਾਣ ਤਕ ਦਿਲਜੀਤ ਦੇ ਟਵਿਟਰ ’ਤੇ ਫਾਲੋਅਰਜ਼ 45 ਲੱਖ ਤੋਂ ਵੱਧ ਹਨ।
ਇੰਸਟਾਗ੍ਰਾਮ ’ਤੇ ਵੀ ਦਿਲਜੀਤ ਦੇ ਫਾਲੋਅਰਜ਼ ਦੀ ਗਿਣਤੀ ਤੇਜ਼ੀ ਨਾਲ ਵਧੀ। ਇੰਸਟਾਗ੍ਰਾਮ ’ਤੇ ਦਿਲਜੀਤ ਦੇ ਜਿਥੇ 4 ਦਸੰਬਰ ਨੂੰ 1 ਲੱਖ ਦੇ ਕਰੀਬ ਫਾਲੋਅਰਜ਼ ਵਧੇ, ਉਥੇ ਸ਼ਨੀਵਾਰ 49 ਹਜ਼ਾਰ ਤੇ ਐਤਵਾਰ ਨੂੰ 56 ਹਜ਼ਾਰ ਤੋਂ ਵੱਧ ਫਾਲੋਅਰਜ਼ ਵਧੇ। ਦਿਲਜੀਤ ਦੇ ਬੁੱਧਵਾਰ ਨੂੰ 1 ਕਰੋੜ 5 ਲੱਖ ਤੋਂ ਵੱਧ ਫਾਲੋਅਰਜ਼ ਸਨ, ਜੋ ਹੁਣ 1 ਕਰੋੜ 8 ਲੱਖ ਤੋਂ ਵੱਧ ਹੋ ਗਏ ਹਨ। ਭਾਵ ਦਿਲਜੀਤ ਨੂੰ ਇਸ ਹਫਤੇ ਇੰਸਟਾਗ੍ਰਾਮ ’ਤੇ 3 ਲੱਖ ਤੋਂ ਵੱਧ ਫਾਲੋਅਰਜ਼ ਮਿਲੇ ਹਨ।
ਦੱਸਣਯੋਗ ਹੈ ਕਿ ਫਾਲੋਅਰਜ਼ ਦੀ ਗਿਣਤੀ ਵਾਲਾ ਇਹ ਡਾਟਾ ਸੋਸ਼ਲ ਬਲੇਡ ਵੈੱਬਸਾਈਟ ਤੋਂ ਲਿਆ ਗਿਆ ਹੈ।
ਨੋਟ– ਤੁਸੀਂ ਦਿਲਜੀਤ ਤੇ ਕੰਗਨਾ ਦੇ ਵਿਵਾਦ ’ਤੇ ਕੀ ਕਹੋਗੇ? ਕੁਮੈਂਟ ’ਚ ਆਪਣੀ ਰਾਏ ਜ਼ਰੂਰ ਦਿਓ।