ਟਵਿਟਰ 'ਤੇ ਮੁੜ ਭਿੜੇ ਦਿਲਜੀਤ-ਕੰਗਨਾ, ਇਸ ਵਾਰ ਦੋਸਾਂਝਾਂ ਵਾਲੇ ਨੇ ਦਿੱਤਾ ਠੋਕਵਾਂ ਜਵਾਬ
Saturday, Dec 12, 2020 - 10:25 AM (IST)
ਮੁੰਬਈ (ਬਿਊਰੋ) : ਟਵਿੱਟਰ 'ਤੇ ਆਹਮੋ-ਸਾਹਮਣੇ ਹੋਏ ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਦਰਮਿਆਨ ਹੋਈ ਲੜਾਈ ਨੂੰ ਸਾਰਿਆਂ ਨੇ ਵੇਖਿਆ ਹੈ। ਉਸ ਤੋਂ ਬਾਅਦ ਦਿਲਜੀਤ 3 ਦਿਨਾਂ ਲਈ ਸ਼ਾਂਤ ਰਹੇ। ਹਾਲਾਂਕਿ ਸ਼ੁੱਕਰਵਾਰ ਜਦੋਂ ਕੰਗਨਾ ਰਣੌਤ ਨੇ ਕੀਤਾ ਟਵੀਟ ਕੀਤਾ #Diljit_Kitthe_aa? ਤਾਂ ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਆਪਣੇ ਅੰਦਾਜ਼ 'ਚ ਜਵਾਬ ਦਿੱਤਾ ਤੇ ਉਸ ਦੀ ਬੋਲਤੀ ਬੰਦ ਕਰ ਦਿੱਤੀ।
ਕੰਗਨਾ ਦੇ ਟਵੀਟ 'ਤੇ ਦਿਲਜੀਤ ਨੇ ਦਿੱਤਾ ਇਹ ਜਵਾਬ
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਵੀ ਟਵਿਟਰ 'ਤੇ ਆਪਣੇ ਦਿਨ ਭਰ ਦੇ ਸ਼ੈਡਿਊਲ ਦਾ ਖ਼ੁਲਾਸਾ ਕੀਤਾ। ਉਹ ਵੀ ਇਕ ਮਜ਼ੇਦਾਰ ਅੰਦਾਜ਼ 'ਚ। ਦਿਲਜੀਤ ਦੋਸਾਂਝ ਨੇ ਲਿਖਿਆ, 'ਸਵੇਰੇ ਉੱਠ ਕੇ ਜਿਮ ਲਾਇਆ, ਫ਼ਿਰ ਸਾਰਾ ਦਿਨ ਕੰਮ ਕੀਤਾ, ਹੁਣ ਮੈਂ ਸਾਉਣ ਲੱਗਾ ਹਾਂ। ਆਹ ਲਓ ਫੜ੍ਹ ਲਓ ਮੇਰਾ ਸ਼ੈਡਿਊਲ।' ਨਾਲ ਹੀ ਦਿਲਜੀਤ ਨੇ ਹਾਸੇ ਵਾਲੇ ਇਮੋਜ਼ੀ ਵੀ ਸਾਂਝੇ ਕੀਤੇ।
ਕੰਗਨਾ ਨੇ ਇਹ ਟਵੀਟ ਕੀਤਾ
ਕੰਗਨਾ ਨੇ ਟਵੀਟ 'ਚ ਲਿਖਿਆ 'ਹੈਦਰਾਬਾਦ 'ਚ 12 ਘੰਟੇ ਦੀ ਸ਼ਿਫਟ ਤੋਂ ਬਾਅਦ ਚੇਨਈ 'ਚ ਇਕ ਚੈਰਿਟੀ ਈਵੈਂਟ 'ਚ ਸ਼ਾਮਲ ਹੋਣ ਪਹੁੰਚੀ। ਮੈਂ ਪੀਲੇ ਰੰਗ 'ਚ ਕਿਵੇਂ ਦੀ ਦਿਖਦੀ ਹਾਂ? ਨਾਲ ਹੀ ਦਿਲਜੀਤ ਦੋਸਾਂਝ ਨੂੰ ਟੈਗ ਕਰਦਿਆਂ ਪੁੱਛਿਆ ਦਿਲਜੀਤ ਕਿੱਥੇ ਆ? ਹਰ ਕੋਈ ਉਸ ਨੂੰ ਟਵਿਟਰ 'ਤੇ ਲੱਭ ਰਿਹਾ ਹੈ।' ਕੰਗਨਾ ਦੇ ਟਵੀਟ ਦੇ ਕੁਝ ਦੇਰ ਬਾਅਦ ਟਵਿਟਰ 'ਤੇ #Diljit_Kitthe_aa? ਟਰੈਂਡ ਕਰਨ ਲੱਗਾ। ਇਸ ਹੈਸ਼ਟੈਗਸ ਨਾਲ ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਟਵੀਟਸ ਕਰ ਰਹੇ ਹਨ।
ਪ੍ਰਿਯੰਕਾ ਤੇ ਦਿਲਜੀਤ ਨੂੰ ਆਖੀ ਸੀ ਇਹ ਗੱਲ
ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਟਵੀਟ ਕੀਤਾ, "ਸਮੱਸਿਆ ਸਿਰਫ ਉਨ੍ਹਾਂ ਲੋਕਾਂ ਦੀ ਨਹੀਂ ਹੈ ਬਲਕਿ ਹਰ ਉਹ ਇਨਸਾਨ ਇਸ ਲਈ ਜ਼ਿੰਮੇਵਾਰ ਹੈ, ਜੋ ਕਿਸਾਨਾਂ ਲਈ ਬਣਾਏ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਇਹ ਕਾਨੂੰਨ ਕਿੰਨੇ ਅਹਿਮ ਹਨ, ਪਰ ਫਿਰ ਵੀ ਉਹ ਕਿਸਾਨਾਂ ਨੂੰ ਭੜਕਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਹਿੰਸਾ ਭੜਕਾ ਰਹੇ ਹਨ ਅਤੇ ਭਾਰਤ ਬੰਦ ਦਾ ਪ੍ਰਚਾਰ ਕਰ ਰਹੇ ਹਨ।"
ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ 'ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ ਵਰਗੇ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅੰਦੋਲਨ ਲਈ ਲਾਮਬੰਦ ਕਰ ਰਹੇ ਹਨ। ਭਾਰਤ ਦਾ ਖੱਬਾ ਮੀਡੀਆ ਵੀ ਅਜਿਹੇ ਲੋਕਾਂ ਨੂੰ ਉਤਸ਼ਾਹ ਅਤੇ ਸਨਮਾਨ ਦੇਵੇਗਾ। ਇੰਨਾ ਹੀ ਨਹੀਂ, ਕੰਗਨਾ ਨੇ ਇਸ 'ਤੇ ਵੀ ਹਮਲਾ ਬੋਲਿਆ ਕਿ ਕਿਵੇਂ ਕੁਝ ਲੋਕਾਂ ਨੇ ਇੰਟਰਨੈੱਟ 'ਤੇ ਬਹਿਸ ਦੌਰਾਨ ਦਿਲਜੀਤ ਦੁਸਾਂਝ ਨੂੰ ਜੇਤੂ ਐਲਾਨ ਕਰਨ ਦੀ ਕੋਸ਼ਿਸ਼ ਕੀਤੀ।
ਦਰਅਸਲ, ਕੰਗਨਾ ਰਣੌਤ ਅਤੇ ਦਿਲਜੀਤ ਦੁਸਾਂਝ ਦਰਮਿਆਨ ਟਵਿਟਰ ਜੰਗ 3 ਦਸੰਬਰ ਨੂੰ ਉਸ ਸਮੇਂ ਸ਼ੁਰੂ ਹੋਇਆ, ਜਦੋਂ ਪੰਜਾਬੀ ਅਦਾਕਾਰ ਨੇ 27 ਨਵੰਬਰ ਨੂੰ ਕੰਗਨਾ ਦੇ ਟਵੀਟ 'ਤੇ ਟਿੱਪਣੀ ਕੀਤੀ ਸੀ।