ਦਿਲਜੀਤ ਦੇ ਚੰਡੀਗੜ੍ਹ ਸ਼ੋਅ ਦਾ ਪਿਆ ਨਵਾਂ ਪੰਗਾ, ਦੇਣਾ ਪਵੇਗਾ ਮੋਟਾ ਜੁਰਮਾਨਾ
Thursday, Dec 19, 2024 - 02:47 PM (IST)
ਜਲੰਧਰ (ਅਨਿਲ ਪਾਹਵਾ) – ਆਪਣੇ ‘ਦਿਲ ਲੁਮੀਨਾਤੀ’ ਟੂਰ ਨੂੰ ਲੈ ਕੇ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਖੂਬ ਚਰਚਾ ਵਿਚ ਹਨ ਪਰ ਉਨ੍ਹਾਂ ਦੇ ਭਾਰਤ, ਖਾਸ ਤੌਰ ’ਤੇ ਚੰਡੀਗੜ੍ਹ ਵਿਚ ਹੋਏ ਸ਼ੋਅ ਨੂੰ ਲੈ ਕੇ ਰੋਜ਼ਾਨਾ ਨਵੇਂ ਵਿਵਾਦ ਸਾਹਮਣੇ ਆ ਰਹੇ ਹਨ। ਬੇਸ਼ੱਕ ਇਸ ਕੰਸਰਟ ’ਚ ਦਿਲਜੀਤ ਨੇ ਫੈਨਸ ਦਾ ਦਿਲ ਜਿੱਤ ਲਿਆ ਹੋਵੇ ਪਰ ਉਹ ਆਪਣੇ ਵਿਰੋਧੀਆਂ ਤੇ ਪ੍ਰਸ਼ਾਸਨ ਨੂੰ ਸੰਤੁਸ਼ਟ ਨਹੀਂ ਕਰ ਸਕੇ। ਪਤਾ ਲੱਗਾ ਹੈ ਕਿ ਦਿਲਜੀਤ ਦੀ ਚੰਡੀਗੜ੍ਹ ਕੰਸਰਟ ਸਬੰਧੀ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ’ਚ ਆਯੋਜਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ
ਨਗਰ ਨਿਗਮ ਨੇ ਸਾਲਿਡ ਵੇਸਟ ਮੈਨੇਜਮੈਂਟ ਰੂਲ ਤਹਿਤ ਲਾਇਆ ਜੁਰਮਾਨਾ –
ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿਲਜੀਤ ਦੀ ਕੰਸਰਟ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ ਵੱਲੋਂ ਆਯੋਜਕਾਂ ਨੂੰ ਚਲਾਨ ਜਾਰੀ ਕੀਤਾ ਗਿਆ ਹੈ। ਸਾਲਿਡ ਵੇਸਟ ਮੈਨੇਜਮੈਂਟ ਰੂਲ 2018 ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਇਹ ਚਲਾਨ ਜਾਰੀ ਹੋਇਆ ਹੈ, ਜਿਸ ਵਿਚ ਦੋਸ਼ ਹੈ ਕਿ ਆਯੋਜਨ ਦੌਰਾਨ ਕੰਸਰਟ ਵਾਲੀ ਥਾਂ ’ਤੇ ਕੂੜਾ ਤੇ ਗੰਦਗੀ ਫੈਲਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਨਿਗਮ ਨੂੰ ਸ਼ਿਕਾਇਤ ਮਿਲੀ ਸੀ ਕਿ ਦਿਲਜੀਤ ਦੁਸਾਂਝ ਦੇ ਸ਼ੋਅ ਵਿਚ ਹਿੱਸਾ ਲੈਣ ਵਾਲੇ ਉਨ੍ਹਾਂ ਦੇ ਫੈਨਸ ਨੇ ਇੰਨੀ ਜ਼ਿਆਦਾ ਗੰਦਗੀ ਫੈਲਾਈ ਕਿ ਲੋਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਗਿਆ ਸੀ।
ਚੰਡੀਗੜ੍ਹ ਪ੍ਰਸ਼ਾਸਨ ਨੇ ਅਦਾਲਤ ’ਚ ਦਿੱਤਾ ਹਲਫਨਾਮਾ –
ਸੈਕਟਰ 34, ਐਗਜ਼ੀਬਿਸ਼ਨ ਗਰਾਊਂਡ, ਚੰਡੀਗੜ੍ਹ ’ਚ ਆਯੋਜਿਤ ਇਸ ਕੰਸਰਟ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੰਜਾਬ-ਹਰਿਆਣਾ ਹਾਈ ਕੋਰਟ ’ਚ ਇਕ ਹਲਫਨਾਮਾ ਦਾਖਲ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਪ੍ਰੋਗਰਾਮ ਦੌਰਾਨ ਕੰਸਰਟ ਵਾਲੀ ਥਾਂ ਦੇ ਆਸ-ਪਾਸ ਆਵਾਜ਼ ਦਾ ਲੈਵਲ ਤੈਅ ਹੱਦ ਤੋਂ ਵੱਧ ਸੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸ਼ੋਰ ਪ੍ਰਦੂਸ਼ਣ ਨਿਯਮ 2000 ਤਹਿਤ ਤੈਅ ਹੱਦ ਤੋਂ ਵੱਧ ਆਵਾਜ਼ ਰਿਕਾਰਡ ਕੀਤੀ ਗਈ ਅਤੇ ਇਸ ਆਧਾਰ ’ਤੇ ਐਕਟ 1986 ਤੇ ਸ਼ੋਰ ਪ੍ਰਦੂਸ਼ਣ ਨਿਯਮ 2000 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਚੰਡੀਗੜ੍ਹ ਸਾਊਥ ਦੀ ਐੱਸ. ਡੀ. ਐੱਮ. ਖੁਸ਼ਪ੍ਰੀਤ ਕੌਰ ਵੱਲੋਂ ਇਹ ਹਲਫਨਾਮਾ ਅਦਾਲਤ ’ਚ ਦਿੱਤਾ ਗਿਆ ਹੈ। ਇਸ ਦੀ ਇਕ ਰਿਪੋਰਟ ਚੰਡੀਗੜ੍ਹ ਪ੍ਰਸ਼ਾਸਨ ਦੇ ਚੌਗਿਰਦਾ ਸਕੱਤਰ ਨੂੰ ਵੀ ਭੇਜੀ ਗਈ ਹੈ ਅਤੇ ਸਖਤ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ - ਗਾਇਕ ਰਣਜੀਤ ਬਾਵਾ ਦਾ ਪੋਸਟ ਸੁਰਖੀਆਂ 'ਚ, ਕਿਹਾ- ਹਿੰਦੂ-ਸਿੱਖ ਦਾ ਮੁੱਦਾ ਬਣਾਉਣਾ ਚੰਗਾ ਨਹੀਂ
ਲੋਕੇਸ਼ਨਾਂ ’ਤੇ ਜਾਂਚ ’ਚ ਤੈਅ ਮਾਪਦੰਡਾਂ ਤੋਂ ਉੱਪਰ ਮਿਲਿਆ ਆਵਾਜ਼ ਦਾ ਲੈਵਲ–
ਦੱਸਣਯੋਗ ਹੈ ਕਿ 14 ਦਸੰਬਰ ਨੂੰ ਚੰਡੀਗੜ੍ਹ ’ਚ ਆਯੋਜਿਤ ਦਿਲਜੀਤ ਦੁਸਾਂਝ ਦੀ ਕੰਸਰਟ ਦੀ ਮਨਜ਼ੂਰੀ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਗਈ ਸੀ ਪਰ ਉਸ ਵਿਚ ਕੁਝ ਸ਼ਰਤਾਂ ਜੋੜੀਆਂ ਗਈਆਂ ਸਨ। ਇਨ੍ਹਾਂ ਵਿਚ ਪ੍ਰਮੁੱਖ ਸ਼ਰਤ ਇਹ ਸੀ ਕਿ ਕੰਸਰਟ ਦੇ ਆਯੋਜਨ ਦੌਰਾਨ ਆਵਾਜ਼ ਦਾ ਲੈਵਲ 75 ਡੈਸੀਬਲ ਤੋਂ ਵੱਧ ਨਹੀਂ ਹੋਵੇਗਾ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜੇ ਆਵਾਜ਼ ਦਾ ਲੈਵਲ ਵੱਧ ਹੁੰਦਾ ਹੈ ਤਾਂ ਕੰਸਰਟ ਦੇ ਆਯੋਜਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸੇ ਆਧਾਰ ’ਤੇ ਆਯੋਜਨ ਵਾਲੀ ਥਾਂ ਦੇ ਆਸ-ਪਾਸ 3 ਵੱਖ-ਵੱਖ ਲੋਕੇਸ਼ਨਾਂ ’ਤੇ ਜਾਂਚ ਕੀਤੀ ਗਈ ਤਾਂ ਆਵਾਜ਼ ਦਾ ਲੈਵਲ 76 ਤੋਂ 93 ਡੈਸੀਬਲ ਮਿਲਿਆ, ਜਿਸ ਦੇ ਆਧਾਰ ’ਤੇ ਆਯੋਜਕਾਂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਹੋ ਰਹੀ ਹੈ।
ਇਹ ਵੀ ਪੜ੍ਹੋ - 'ਜਿਨ੍ਹਾਂ ਦੇ ਸਿਰ 'ਤੇ ਵੱਡਿਆ ਦਾ ਹੱਥ ਹੋਵੇ, ਉਨ੍ਹਾਂ ਦਾ ਹਰ ਰਸਤਾ ਸੌਖਾ ਹੋ ਜਾਂਦੈ'
ਕਰਨ ਔਜਲਾ ਦੇ ਸ਼ੋਅ ’ਚ ਵੀ ਉਡਾਈਆਂ ਗਈਆਂ ਸਨ ਨਿਯਮਾਂ ਦੀਆਂ ਧੱਜੀਆਂ–
ਇਸ ਤੋਂ ਪਹਿਲਾਂ 7 ਦਸੰਬਰ ਨੂੰ ਚੰਡੀਗੜ੍ਹ ’ਚ ਕਰਨ ਔਜਲਾ ਦੀ ਵੀ ਕੰਸਰਟ ਹੋਈ ਸੀ ਅਤੇ ਇਸ ਦੌਰਾਨ ਵੀ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਟਰੈਫਿਕ ਦੀ ਸਮੱਸਿਆ ਦੇ ਨਾਲ-ਨਾਲ ਆਵਾਜ਼ ਦਾ ਲੈਵਲ ਵੀ ਕਾਫੀ ਵੱਧ ਸੀ, ਜਿਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਵਿਰੋਧ ਕੀਤਾ ਸੀ। ਇਸੇ ਆਧਾਰ ’ਤੇ ਐਡਵੋਕੇਟ ਰਣਜੀਤ ਸਿੰਘ ਨੇ ਪੰਜਾਬ-ਹਰਿਆਣਾ ਹਾਈ ਕੋਰਟ ’ਚ ਇਕ ਪਟੀਸ਼ਨ ਦਾਖਲ ਕੀਤੀ ਸੀ।
ਵਰਣਨਯੋਗ ਹੈ ਕਿ ਚੰਡੀਗੜ੍ਹ ’ਚ 21 ਦਸੰਬਰ ਨੂੰ ਏ. ਪੀ. ਢਿੱਲੋਂ ਦਾ ਸ਼ੋਅ ਸੈਕਟਰ 34 ਦੀ ਪ੍ਰਦਰਸ਼ਨੀ ਗਰਾਊਂਡ ਵਿਚ ਹੋਣਾ ਸੀ, ਜਿਸ ਨੂੰ ਹੁਣ ਸੈਕਟਰ 25 ’ਚ ਸ਼ਿਫਟ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।