ਆਂਗਣਵਾੜੀ ਵਰਕਰਾਂ ਨੇ ਦਿੱਤਾ ਧਰਨਾ

11/04/2017 6:13:04 AM

ਕਪੂਰਥਲਾ, (ਮਲਹੋਤਰਾ)- ਆਂਗਣਵਾੜੀ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਵਿਸ਼ਾਲ ਧਰਨਾ ਪ੍ਰਦਰਸ਼ਨ ਦਾ ਆਯੋਜਨ ਜ਼ਿਲਾ ਪ੍ਰਧਾਨ ਸਤਵੰਤ ਕੌਰ ਦੀ ਪ੍ਰਧਾਨਗੀ 'ਚ ਸਥਾਨਕ ਸ਼ਾਲੀਮਾਰ ਬਾਗ 'ਚ ਕੀਤਾ ਗਿਆ, ਜਿਸ 'ਚ ਯੂਨੀਅਨ ਨਾਲ ਸਬੰਧਤ ਅਹੁਦੇਦਾਰਾਂ ਤੇ ਕਾਰਜਕਰਤਾਵਾਂ ਨੇ ਭਾਰੀ ਗਿਣਤੀ 'ਚ ਭਾਗ ਲਿਆ। ਧਰਨਾ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ ਗਈ ਤੇ ਨਾਅਰੇਬਾਜ਼ੀ ਕੀਤੀ ਗਈ।
 ਧਰਨਾ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਸਤਵੰਤ ਕੌਰ ਨੇ ਕਿਹਾ ਕਿ ਆਂਗਣਵਾੜੀ ਕੇਂਦਰਾਂ 'ਚ ਬੱਚੇ ਭੇਜੇ ਜਾਣ ਨਹੀਂ ਤਾਂ ਆਂਗਣਵਾੜੀ ਕੇਂਦਰਾਂ 'ਚ ਕੰਮ ਕਰਨ ਵਾਲੇ ਵਰਕਰਾਂ ਤੇ ਹੈਲਪਰਾਂ ਨੂੰ ਸਕੂਲਾਂ 'ਚ ਸ਼ਿਫਟ ਕਰਨ ਲਈ ਸੰਯੁਕਤ ਤੌਰ 'ਤੇ ਪਾਲਸੀ ਬਣਾ ਕੇ ਫੈਸਲਾ ਕੀਤਾ ਜਾਵੇ। ਆਪਣੇ ਸੰਬੋਧਨ 'ਚ ਉਪ ਪ੍ਰਧਾਨ ਕ੍ਰਿਸ਼ਨ ਕੁਮਾਰੀ ਤੇ ਪਰਮਜੀਤ ਕੌਰ ਨੇ ਕਿਹਾ ਕਿ ਪਿਛਲੇ ਕਰੀਬ 41 ਦਿਨ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੈਲਪਰ ਤੇ ਵਰਕਰ ਸੰਘਰਸ਼ 'ਤੇ ਬੈਠੇ ਹਨ।
 ਇਸ ਸਬੰਧੀ ਪੰਜਾਬ ਸਰਕਾਰ ਤੇ ਵਿਭਾਗ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ 'ਤੇ ਲਾਠੀਚਾਰਜ ਤੇ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ, ਪਰਚੇ ਦਰਜ ਕਰ ਕੇ ਜੇਲ ਭੇਜਿਆ ਗਿਆ ਪਰ ਇਸ ਦੇ ਬਾਵਜੂਦ ਵੀ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਵਰਕਰਾਂ ਦੇ ਹੌਸਲੇ ਬੁਲੰਦ ਹਨ। ਚੇਅਰਪਰਸਨ ਪਰਮਜੀਤ ਕੌਰ ਨੇ ਕਿਹਾ ਕਿ ਰਾਤ ਦੇ ਸਮੇਂ ਬਜ਼ੁਰਗ ਔਰਤਾਂ 'ਤੇ ਅੱਤਿਆਚਾਰ ਕਰਨ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਮਜੀਤ ਕੌਰ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਦਾ ਭੱਤਾ ਹਰਿਆਣਾ ਪੈਟਰਨ ਦੇ ਆਧਾਰ 'ਤੇ ਕੀਤਾ ਜਾਵੇ। ਪੈਨਸ਼ਨ ਤੇ ਗ੍ਰੈਚੂਟੀ ਦਾ ਪ੍ਰਬੰਧ ਕੀਤਾ ਜਾਵੇ, ਐਡਵਾਈਜ਼ ਬੋਰਡ ਨੂੰ ਦਿੱਤੇ ਪ੍ਰੋਜੈਕਟ ਵਾਪਸ ਲਏ ਜਾਣ। ਆਪਣੇ ਸੰਬੋਧਨ 'ਚ ਸਰਬਜੀਤ ਕੌਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਮੰਨਿਆ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲਿਆਂ 'ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
 ਇਸ ਮੌਕੇ ਹਰਮੇਸ਼ ਕੌਰ, ਜਸਬੀਰ ਕੌਰ, ਮਨਜੀਤ, ਮੰਜੂ, ਕੁਲਵੰਤ, ਬਲਵੀਰ, ਕੁਲਵਿੰਦਰ ਕੌਰ, ਬੰਸ ਕੌਰ, ਨਰੇਸ਼ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।


Related News