ਹੁਣ ''ਡੀਜ਼ਲ ਜਨਰੇਟਰ'' ਸੈੱਟ ਲਈ ਲੈਣੀ ਹੋਵੇਗੀ ਇਜਾਜ਼ਤ, ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਜਾਰੀ ਕੀਤੇ ਹੁਕਮ
Tuesday, Jun 08, 2021 - 02:14 PM (IST)

ਚੰਡੀਗੜ੍ਹ (ਰਾਜਿੰਦਰ ਸ਼ਰਮਾ) : ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਹੁਕਮ ਜਾਰੀ ਕੀਤੇ ਹਨ ਕਿ ਡੀਜ਼ਲ ਜਨਰੇਟਰ ਸੈੱਟ ਦਾ ਜਿਹੜੇ ਖ਼ਪਤਕਾਰਾਂ ਨੇ ਇਸਤੇਮਾਲ ਕਰਨ ਦੀ ਵਿਭਾਗ ਤੋਂ ਇਜਾਜ਼ਤ ਨਹੀਂ ਲਈ ਹੈ, ਉਹ ਜਲਦੀ ਹੀ ਇਸ ਦੀ ਇਜਾਜ਼ਤ ਲਈ ਆਨਲਾਈਨ ਅਪਲਾਈ ਕਰਨ। ਅਜਿਹਾ ਨਾ ਕਰਨ ’ਤੇ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨੈਸ਼ਨਲ ਗ੍ਰੀਨ ਟ੍ਰਿਬੀਊਨਲ ਦੇ ਹੁਕਮਾਂ ਤਹਿਤ ਹੀ ਸ਼ਹਿਰ ਵਿਚ ਡੀਜ਼ਲ ਜਨਰੇਟਰ ਸੈੱਟ ਦੇ ਖ਼ਪਤਕਾਰਾਂ ਨੂੰ ਇਸ ਦੇ ਇਸਤੇਮਾਲ ਲਈ ਵਿਭਾਗ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ। ਇਸ ਸਬੰਧ ਵਿਚ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਜਾਜ਼ਤ ਲਈ ਸੀ. ਪੀ. ਸੀ. ਸੀ. ਦੇ ਪੋਰਟਲ ’ਤੇ ਜਾ ਕੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਅਜਿਹਾ ਨਾ ਕਰਨ ’ਤੇ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਜਾਜ਼ਤ ਨਾ ਲੈਣ ਵਾਲਿਆਂ ਦੇ ਜਨਰੇਟਰ ਸੈੱਟ ਵੀ ਜ਼ਬਤ ਕਰ ਲਏ ਜਾਣਗੇ, ਨਾਲ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਮਰਜੈਂਸੀ ਪਲਾਨ ਵੀ ਤਿਆਰ
ਦੱਸ ਦਈਏ ਕਿ ਨੈਸ਼ਨਲ ਗ੍ਰੀਨ ਟ੍ਰਿਬੀਊਨਲ ਦੇ ਹੁਕਮਾਂ ’ਤੇ ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਯੂ. ਟੀ. ਪ੍ਰਸ਼ਾਸਨ ਨੇ ਅਮਰਜੈਂਸੀ ਪਲਾਨ ਵੀ ਤਿਆਰ ਕੀਤਾ ਹੈ, ਜਿਸ ਨੂੰ ਭਵਿੱਖ ਵਿਚ ਧਿਆਨ ਵਿਚ ਰੱਖਦੇ ਹੋਏ ਲਾਗੂ ਕਰ ਦਿੱਤਾ ਜਾ ਰਿਹਾ ਹੈ। ਐੱਨ. ਜੀ. ਟੀ. ਨਾਲ ਪਿਛਲੇ ਸਾਲ ਹੋਈ ਮੀਟਿੰਗ ਵਿਚ ਪ੍ਰਸ਼ਾਸਨ ਨੇ ਪਲਾਨ ਦੇ ਸੰਬੰਧ ਵਿਚ ਜਾਣਕਾਰੀ ਦਿੱਤੀ ਸੀ। ਵੱਖ-ਵੱਖ ਏਅਰ ਕੁਆਲਟੀ ਇੰਡੈਕਸ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਪਲਾਨ ਅੰਦਰ ਉਪਾਅ, ਜਿਸ ਵਿਚ ਮਾਡਰੇਟ ਪੁਅਰ ਅਤੇ ਵੈਰੀ ਪੁਅਰ ਕੈਟਾਗਿਰੀ ਸ਼ਾਮਲ ਹਨ। ਇਨ੍ਹਾਂ ਉਪਾਵਾਂ ਵਿਚ ਵਾਹਨਾਂ ਨੂੰ ਘੱਟ ਕਰਨਾ, ਟ੍ਰੈਫਿਕ ਮੈਨੇਜਮੈਂਟ, ਪ੍ਰਦੂਸ਼ਣ ਕਰਨ ਵਾਲੀ ਇੰਡਸਟਰੀ ਨੂੰ ਬੰਦ ਕਰਨਾ, ਖੁੱਲ੍ਹੇ ਵਿਚ ਕੂੜੇ ਨੂੰ ਜਲਾਉਣਾ, ਰੋਡ ਡਸਟ, ਕੰਡਕਸ਼ਨ ਡਸਟ, ਨਿਰਮਾਣ ਗਤੀਵਿਧੀਆਂ ਰੋਕਣਾ, ਪਬਲਿਕ ਟਰਾਂਸਪੋਰਟ ਸਰਵਿਸ ਨੂੰ ਮਜ਼ਬੂਤ ਕਰਨਾ, ਮਸ਼ੀਨੀ ਤਕਨੀਕ ਨਾਲ ਸੜਕਾਂ ਦੀ ਸਫ਼ਾਈ ਅਤੇ ਡੀਜਲ ਜਨਰੇਟਰ ਸੈਟ ਦੇ ਇਸਤੇਮਾਲ ਨੂੰ ਰੋਕਣਾ ਵੀ ਸ਼ਾਮਲ ਹੈ।
ਮਿੰਨੀ ਲਾਕਡਾਊਨ ਨਾਲ ਹਵਾ ਪ੍ਰਦੂਸ਼ਣ ਕੁਝ ਘਟਿਆ
ਪ੍ਰਸ਼ਾਸਨ ਨੇ ਮਿੰਨੀ ਲਾਕਡਾਊਨ ਨਾਲ ਹਵਾ ਪ੍ਰਦੂਸ਼ਣ ਵਿਚ ਕੁਝ ਕਮੀ ਆਈ ਹੈ, ਜਿਵੇਂ ਆਮ ਦਿਨਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਵਧਿਆ ਜਾ ਰਿਹਾ ਹੈ, ਜਿਸ ਨੂੰ ਕੰਟਰੋਲ ਕਰਨ ਲਈ ਹੀ ਪ੍ਰਸ਼ਾਸਨ ਲੱਗਾ ਹੋਇਆ ਹੈ। ਏਅਰ ਕੁਆਲਿਟੀ ਇੰਡੈਕਸ 200 ਤੋਂ ਉੱਪਰ ਪੁਅਰ ਮੰਨਿਆ ਜਾਂਦਾ ਹੈ ਅਤੇ 300 ਤੋਂ ਉਪਰ ਵੈਰੀ ਪੁਅਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ 100 ਤੋਂ ਉੱਪਰ ਇਹ ਮਾਡਰੇਟ ਮੰਨਿਆ ਜਾਂਦਾ ਹੈ ਅਤੇ 58 ਤੋਂ 100 ਦੇ ਵਿਚ ਇਸ ਨੂੰ ਸੰਤੋਖਜਨਕ ਜਾਂ ਜ਼ੀਰੋ ਤੋਂ 50 ਵਿਚ ਗੁੱਡ ਮੰਨਿਆ ਜਾਂਦਾ ਹੈ।