ਰਾਜਪੁਰਾ 'ਚ ਡਾਇਰੀਆ ਫੈਲਣ ਨਾਲ ਮਚੀ ਹਾਹਾਕਾਰ, ਹੁਣ ਤੱਕ 2 ਬੱਚਿਆਂ ਸਣੇ 3 ਦੀ ਮੌਤ (ਤਸਵੀਰਾਂ)
Friday, Jun 17, 2022 - 01:48 PM (IST)
ਰਾਜਪੁਰਾ (ਇਕਬਾਲ) : ਰਾਜਪੁਰਾ ਦੇ ਨਜ਼ਦੀਕ ਪਿੰਡ ਸ਼ਾਮਦੂ ਕੈਂਪ 'ਚ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਡਾਇਰੀਆ ਫੈਲਣ ਨਾਲ 2 ਬੱਚਿਆਂ ਸਮੇਤ 3 ਲੋਕਾਂ ਦੀ ਮੌਤ ਹੋਣ ਤੋਂ ਇਲਾਵਾ ਦਰਜਨਾਂ ਲੋਕ ਬੀਮਾਰ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਡਾਇਰੀਆ ਫੈਲਣ ਦੀ ਖ਼ਬਰ ਮਿਲਦੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਪਹੁੰਚ ਕੇ ਡੋਰ-ਟੂ-ਡੋਰ ਸਰਵੇ ਕਰਕੇ ਦਵਾਈ ਦੇਣ ਤੋਂ ਇਲਾਵਾ ਸਾਵਧਾਨੀਆਂ ਵਰਤਣ ਦੇ ਹੁਕਮ ਦਿੱਤੇ। ਇਸ ਸਬੰਧੀ ਸਿਵਲ ਸਰਜਨ ਨੇ ਕਿਹਾ ਕਿ ਬੱਚਿਆਂ ਦੀ ਮੌਤ ਦੀ ਹਿਸਟਰੀ ਜਾਣ ਕੇ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਰਾਮ ਰਹੀਮ' ਨੂੰ ਮਿਲੀ ਪੈਰੋਲ, ਇਕ ਮਹੀਨਾ UP ਦੇ ਬਾਗਪਤ 'ਚ ਰਹੇਗਾ ਡੇਰਾ ਮੁਖੀ
ਇੰਨਾ ਹੀ ਨਹੀਂ, ਸਟੂਲ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਸੈਂਪਲ ਲੈ ਕੇ ਟੈਸਟ ਨੂੰ ਭੇਜ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਪਿੰਡ ਸ਼ਾਮਦੂ ਕੈਂਪ 'ਚ ਡਾਇਰੀਆ ਫੈਲਣ ਨਾਲ ਦਰਜਨਾਂ ਦੀ ਗਿਣਤੀ 'ਚ ਲੋਕ ਲਪੇਟ 'ਚ ਆ ਗਏ, ਜਿਸ ਨਾਲ ਕਰੀਬ 24 ਮਰੀਜ਼ਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੇਖਦੇ ਹੀ ਦੇਖਦੇ ਮਰੀਜ਼ਾਂ ਦੀ ਗਿਣਤੀ ਵੱਧਣ ਲੱਗੀ। ਡਾਇਰੀਆ ਕਾਰਨ ਕੁੜੀ ਸਿਮਰਨ, ਸਤਿੱਅਮ ਅਤੇ ਇਕ ਜਨਾਨੀ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਦੂਸ਼ਿਤ ਪਾਣੀ ਪੀਣ ਕਾਰਨ ਪਿੰਡ 'ਚ ਡਾਇਰੀਆ ਫੈਲਿਆ ਹੈ। ਮਾਮਲੇ ਦੀ ਖ਼ਬਰ ਮਿਲਣ 'ਤੇ ਸਿਹਤ ਵਿਭਾਗ ਬਿਨਾਂ ਦੇਰੀ ਕੀਤੇ ਪਿੰਡ ਪਹੁੰਚ ਕੇ ਮਰੀਜ਼ਾਂ ਦੀ ਦੇਖਭਾਲ 'ਚ ਜੁੱਟ ਗਿਆ ਹੈ।
ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁਲਸ ਨੂੰ ਉਲਝਾਇਆ, 50 ਸਵਾਲਾਂ ਦੇ ਘੁਮਾ-ਫਿਰਾ ਕੇ ਦਿੱਤੇ ਜਵਾਬ
ਸਿਹਤ ਵਿਭਾਗ ਵੱਲੋਂ ਓ. ਆਰ. ਐੱਸ. ਦੇ ਪੈਕਟ, ਕਲੋਰੀਨ ਦੀਆਂ ਗੋਲੀਆਂ ਵੰਡਣ ਤੋਂ ਇਲਾਵਾ ਸਾਵਧਾਨੀ ਵਰਤਦੇ ਹੋਏ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਲਈ ਕਿਹਾ ਗਿਆ ਹੈ। ਇੰਨਾ ਹੀ ਨਹੀਂ, ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਆਰਜ਼ੀ ਤੌਰ 'ਤੇ ਇੱਥੇ ਡਿਸਪੈਂਸਰੀ ਬਣਾ ਦਿੱਤੀ ਹੈ ਤਾਂ ਜੋ ਡਾਇਰੀਆ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਸਬੰਧੀ ਫੋਨ ਕਰਨ 'ਤੇ ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਜਿਨ੍ਹਾਂ 2 ਬੱਚਿਆਂ ਦੀ ਸ਼ੱਕੀ ਮੌਤ ਹੋਈ ਹੈ, ਉਨ੍ਹਾਂ 'ਚ ਇਕ ਬੱਚਾ ਪਿਛਲੇ 10 ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ। ਇਸ ਲਈ ਬੱਚਿਆਂ ਦੀ ਹਿਸਟਰੀ ਲੈ ਕੇ ਜਾਂਚ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ