ਹਾਰ ਚੋਰੀ ਮਾਮਲਾ, ਖਹਿਰਾ ਦੇ ਪੀ.ਏ. ਦੇ ਦੋਸਤ ਤੇ ਡਰਾਈਵਰ ਤੋਂ ਪੁੱਛਗਿੱਛ ਕਰੇਗੀ ਪੁਲਸ

Friday, Nov 22, 2019 - 11:26 AM (IST)

ਚੰਡੀਗੜ੍ਹ (ਸੁਸ਼ੀਲ) - ਪੰਜਾਬ ਦੇ ਐੱਮ. ਐੱਲ. ਏ. ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਦਾ ਕੁਝ ਦਿਨ ਪਹਿਲਾਂ ਵਿਆਹ ਸੀ, ਜਿਸ ਦੌਰਾਨ ਤੋਹਫੇ ’ਚ ਮਿਲੇ 7 ਲੱਖ ਦੇ ਹੀਰਿਆਂ ਦੇ ਹਾਰ ਦੇ ਚੋਰੀ ਹੋ ਗਿਆ ਸੀ। ਹਾਰ ਚੋਰੀ ਹੋਣ ਦੇ ਮਾਮਲੇ ਦੇ ਸਬੰਧ ’ਚ ਪੁਲਸ ਵਿਧਾਇਕ ਕੋਲ ਕੰਮ ਕਰਨ ਵਾਲੇ ਸਟਾਫ ਤੋਂ ਪੁੱਛਗਿਛ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਸੈਕਟਰ-3 ਥਾਣਾ ਪੁਲਸ ਸਭ ਤੋਂ ਪਹਿਲਾਂ ਇਨੋਵਾ ਗੱਡੀ ਦੇ ਡਰਾਈਵਰ ਹੈੱਡ ਕਾਂਸਟੇਬਲ ਹਰਿੰਦਰ ਸਿੰਘ ਅਤੇ ਪੀ. ਏ. ਮਨੀਸ਼ ਦੇ ਦੋਸਤ ਪਵਨ ਕੁਮਾਰ ਨੂੰ ਸੱਦ ਕੇ ਉਨ੍ਹਾਂ ਦੇ ਬਿਆਨ ਦਰਜ ਕਰੇਗੀ। 

ਜਾਣਕਾਰੀ ਅਨੁਸਾਰ ਹਾਰ ਦਾ ਖੁੱਲ੍ਹਾ ਹੋਇਆ ਬਾਕਸ, ਜਿਸ ਇਨੋਵਾ ਗੱਡੀ ’ਚੋਂ ਮਿਲਿਆ ਸੀ, ਉਸ ’ਚ ਇਹ ਦੋਵੇਂ ਸਫਰ ਕਰ ਰਹੇ ਸਨ। ਸੈਕਟਰ-3 ਥਾਣਾ ਪੁਲਸ ਨੇ ਐੱਮ. ਐੱਲ. ਏ. ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਸੀ। ਦੱਸ ਦੇਈਏ ਕਿ ਖਹਿਰਾ ਦੇ ਪੁੱਤਰ ਦਾ ਵਿਆਹ 10 ਨਵੰਬਰ ਨੂੰ ਪਟਿਆਲਾ ’ਚ ਹੋਇਆ ਸੀ। ਵਿਆਹ ’ਚ ਮਿਲੇ ਸਾਰੇ ਤੋਹਫੇ ਪਟਿਆਲਾ ਤੋਂ ਚੰਡੀਗਡ਼੍ਹ ਸੈਕਟਰ-5 ਸਥਿਤ ਕੋਠੀ ’ਚ ਲਿਆਂਦੇ ਗਏ ਸਨ। ਖਹਿਰਾ ਦੇ ਪੀ. ਏ. ਮਨੀਸ਼ ਨੂੰ ਹਾਰ ਵਾਲਾ ਬਾਕਸ ਗੱਡੀ ’ਚ ਖੁੱਲ੍ਹਾ ਪਿਆ ਮਿਲਿਆ ਸੀ। ਇਸ ਦੇ ਅੰਦਰੋਂ ਹਾਰ ਗਾਇਬ ਸੀ ਅਤੇ ਸਿਰਫ ਦੋ ਕੰਨਾਂ ਦੇ ਝੁਮਕੇ ਹੀ ਸਨ।


rajwinder kaur

Content Editor

Related News