550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ''ਘਰ-ਘਰ ਬੂਟਾ ਮੁਹਿੰਮ'' ਦਾ ਧੂਰੀ ਤੋਂ ਆਗਾਜ਼

Thursday, Jul 25, 2019 - 05:18 PM (IST)

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ''ਘਰ-ਘਰ ਬੂਟਾ ਮੁਹਿੰਮ'' ਦਾ ਧੂਰੀ ਤੋਂ ਆਗਾਜ਼

ਸੰਗਰੂਰ(ਵਿਵੇਕ ਸਿੰਧਵਾਨੀ, ਪ੍ਰਵੀਨ,ਦਵਿੰਦਰ ਖਿੱਪਲ) : ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਕੜੀ ਤਹਿਤ ਘਰ ਘਰ ਬੂਟੇ ਪਹੁੰਚਾਉਣ ਦੀ ਮੁਹਿੰਮ ਦਾ ਰਸਮੀ ਆਗਾਜ਼ ਕੀਤਾ। ਧੂਰੀ ਵਿਖੇ ਵਿਧਾਇਕ ਗੋਲਡੀ ਦੇ ਪ੍ਰਬੰਧਾਂ ਹੇਠ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਧਰਮਸੌਤ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ ਰਾਜ ਵਿਚ 175 'ਨਾਨਕ ਬਗੀਚੀਆਂ' ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਧੂਰੀ ਵਿਖੇ ਅਜਿਹੀ ਹੀ ਬਗੀਚੀ ਤਿਆਰ ਕਰਵਾਈ ਜਾਵੇਗੀ, ਜਿਸ ਵਿਚ ਹਰੇਕ ਕਿਸਮ ਦੇ ਬੂਟੇ ਲਗਾਏ ਜਾਣਗੇ, ਜਿਨ੍ਹਾਂ ਵਿਚ ਰਵਾਇਤੀ ਰੁੱਖਾਂ ਜਿਵੇਂ ਪਿੱਪਲ, ਨਿੰਮ, ਬੋਹੜ, ਟਾਹਲੀ ਤੋਂ ਇਲਾਵਾ ਫ਼ਲਾਂ ਦੇ ਰੁੱਖ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਰਾਜ ਦੇ 12 ਹਜ਼ਾਰ 700 ਪਿੰਡਾਂ ਵਿਚ ਪ੍ਰਤੀ ਪਿੰਡ 550 ਬੂਟੇ ਲਗਾਉਣ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ ਅਤੇ ਛੇਤੀ ਹੀ ਇਸ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਦੀਆਂ ਨਰਸਰੀਆਂ ਵਿੱਚ ਲੋੜ ਮੁਤਾਬਕ ਬੂਟੇ ਤਿਆਰ ਹਨ ਅਤੇ ਜਿਥੇ ਕਿਤੇ ਵੀ ਪੰਚਾਇਤਾਂ, ਸਮਾਜ ਸੇਵੀਆਂ ਆਦਿ ਰਾਹੀਂ ਇਹ ਬੂਟੇ ਲਗਾਏ ਜਾ ਰਹੇ ਹਨ, ਉਨ੍ਹਾਂ ਦੀ ਨਿਯਮਤ ਸਾਂਭ-ਸੰਭਾਲ ਕਰਨਾ ਹਰੇਕ ਨਾਗਰਿਕ ਦਾ ਮੁੱਢਲਾ ਫਰਜ਼ ਹੈ ਤਾਂ ਜੋ ਸੂਬੇ ਵਿਚ ਹਰਿਆਲੀ ਨੂੰ ਵਧਾਇਆ ਜਾ ਸਕੇ।

PunjabKesari

ਇਸ ਮੌਕੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ। ਵਿਧਾਇਕ ਨੇ ਕਿਹਾ ਕਿ ਇਹ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਜੀਵਨ ਵਿਚ ਘੱਟੋ-ਘੱਟ 5 ਰੁੱਖ ਜ਼ਰੂਰ ਲਗਾਏ ਅਤੇ ਉਨ੍ਹਾਂ ਰੁੱਖਾਂ ਦਾ ਮਿਆਰੀ ਢੰਗ ਨਾਲ ਪਾਲਣ ਪੋਸ਼ਣ ਕਰੇ। ਗੋਲਡੀ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਹਲਕੇ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਵਿਚ ਘਰ ਘਰ ਤੱਕ ਛਾਂਦਾਰ, ਫੁੱਲਾਂ ਵਾਲੇ ਅਤੇ ਫ਼ਲਾਂ ਵਾਲੇ ਬੂਟੇ ਪਹੁੰਚਾਏ ਜਾਣਗੇ ਅਤੇ ਸ਼ੁੱਕਰਵਾਰ ਤੱਕ ਸਾਰੇ ਪਿੰਡਾਂ ਨੂੰ ਇਸ ਮੁਹਿੰਮ ਦੇ ਦਾਇਰੇ ਅਧੀਨ ਲਿਆਂਦਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਆਲੇ-ਦੁਆਲੇ ਦੀ ਸਫ਼ਾਈ ਅਤੇ ਰੁੱਖਾਂ ਦੀ ਸਾਂਭ-ਸੰਭਾਲ ਲਈ ਇਕਜੁਟ ਹੋ ਕੇ ਯਤਨਸ਼ੀਲ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਵਿਚ ਤੰਦਰੁਸਤ ਜੀਵਨ ਅਤੇ ਸਾਫ-ਸੁਥਰਾ ਚੌਗਿਰਦਾ ਮੁਹੱਈਆ ਕਰਵਾ ਸਕੀਏ। ਇਸ ਦੌਰਾਨ ਵਿਧਾਇਕ ਗੋਲਡੀ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਉਪਰੰਤ ਹੋਰ ਸਖ਼ਸ਼ੀਅਤਾਂ ਅਤੇ ਪਾਰਟੀ ਵਰਕਰਾਂ ਤੇ ਅਧਿਕਾਰੀਆਂ ਨੂੰ ਵੀ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ।

PunjabKesari


author

cherry

Content Editor

Related News