ਜੇਲ ਭੇਜੇ ਕਿਸਾਨ ਨੂੰ ਛੁਡਵਾਉਣ ਲਈ ਕਿਸਾਨਾਂ ਨੇ ਬੈਂਕ ਅੱਗੇ ਲਾਇਆ ਪੱਕਾ ਧਰਨਾ

Thursday, Nov 21, 2019 - 04:45 PM (IST)

ਜੇਲ ਭੇਜੇ ਕਿਸਾਨ ਨੂੰ ਛੁਡਵਾਉਣ ਲਈ ਕਿਸਾਨਾਂ ਨੇ ਬੈਂਕ ਅੱਗੇ ਲਾਇਆ ਪੱਕਾ ਧਰਨਾ

ਧੂਰੀ ( ਦਵਿੰਦਰ ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਵਲੋਂ ਯੂਨੀਅਨ ਦੇ ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਬੈਂਕ ਆਫ਼ ਇੰਡੀਆ ਦੀ ਸ਼ਾਖਾ ਅੱਗੇ ਪੱਕੇ ਤੌਰ ’ਤੇ ਧਰਨਾ ਲਾਇਆ ਗਿਆ। ਇਸ ਮੌਕੇ ਯੂਨੀਅਨ ਦੇ ਜ਼ਿਲਾ ਵਿੱਤ ਸਕੱਤਰ ਕਿਰਪਾਲ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਜਾਣਕਾਰੀ ਅਨੁਸਾਰ ਇਹ ਧਰਨਾ ਕਰਜ਼ਾ ਨਾ ਦੇਣ ਕਾਰਨ ਜੇਲ ਭੇਜੇ ਪਿੰਡ ਜਹਾਂਗੀਰ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਬੀਰ ਸਿੰਘ ਨੂੰ ਜੇਲ ’ਚੋਂ ਬਾਹਰ ਕਢਵਾਉਣ ਲਈ ਲਾਇਆ ਗਿਆ, ਜਿਥੇ ਬੈਂਕ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। 

ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਜਦੋਂ ਦਰਸ਼ਨ ਸਿੰਘ ਨੇ ਬੈਂਕ ਤੋਂ 15 ਲੱਖ ਰੁਪਏ ਦਾ ਲੋਨ ਲਿਆ ਸੀ ਤਾਂ ਜ਼ਮੀਨ ਗਿਰਵੀ ਰੱਖਣ ਦੇ ਨਾਲ-ਨਾਲ ਬੈਂਕ ਵਲੋਂ ਉਸ ਤੋਂ ਖਾਲੀ ਚੈੱਕ ਵੀ ਲਏ ਸਨ। ਉਨ੍ਹਾਂ ਖਾਲੀ ਚੈੱਕ ਲੈਣ ਨੂੰ ਗੈਰ-ਕਾਨੂੰਨੀ ਦੱਸਦਿਆਂ ਕਿਹਾ ਕਿ ਜਦੋਂ ਕਿਸਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੈਂਕ ਦੀ ਕਿਸ਼ਤ ਨਹੀਂ ਭਰ ਸਕਿਆ ਤਾਂ ਬੈਂਕ ਅਧਿਕਾਰੀਆਂ ਨੇ ਚੈੱਕ ਕੋਰਟ ’ਚ ਲਾ ਦਿੱਤਾ। ਕਿਸਾਨ ਦੇ ਖਾਤੇ ’ਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋਣ ’ਤੇ ਕੋਰਟ ਰਾਹੀਂ ਦਰਸ਼ਨ ਨੂੰ ਤਕਰੀਬਨ 28-29 ਦਿਨ ਪਹਿਲਾਂ ਮਾਲੇਰਕੋਟਲਾ ਜੇਲ ’ਚ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਨੋਟਬੰਦੀ ਕਾਰਨ ਕਿਸਾਨ ਦਾ ਆਰਥਿਕ ਸਿਸਟਮ ਹਿੱਲ ਗਿਆ ਸੀ, ਜਿਸ ਦੇ ਚੱਲਦਿਆਂ ਪਹਿਲਾਂ ਉਸ ਨੂੰ 5 ਵਿੱਘੇ ਜ਼ਮੀਨ ਤੇ ਬਾਅਦ ’ਚ ਟਰੈਕਟਰ ਵੇਚਣਾ ਪਿਆ। ਫਿਰ ਕੈਪਟਨ ਸਰਕਾਰ ਨੇ ਸ੍ਰੀ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਕਰਜ਼ਾ ਮੁਆਫ ਕਰਨ ਦੀ ਸਹੁੰ ਖਾ ਕੇ ਕਰਜ਼ਾ ਤਾਂ ਖਤਮ ਕੀ ਕਰਨਾ ਸੀ, ਉਲਟਾ ਕਿਸਾਨਾਂ ਦੀਆਂ ਕੁਰਕੀਆਂ ਕਰਕੇ ਉਨ੍ਹਾਂ ਨੂੰ ਜੇਲਾਂ ’ਚ ਬੰਦ ਕਰਵਾ ਦਿੱਤਾ। ਇਸੇ ਕਾਰਨ ਅੱਜ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਪੱਕੇ ਤੌਰ ’ਤੇ ਲਾਏ ਗਏ ਧਰਨੇ ਨੂੰ ਖਤਮ ਕਰਵਾਉਣ ਲਈ ਬੈਂਕ ਪ੍ਰਬੰਧਕ ਵਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ ਪਰ ਕੋਈ ਗੱਲਬਾਤ ਸਿਰੇ ਨਾ ਚਡ਼੍ਹਨ ਦੇ ਚੱਲਦਿਆਂ ਖਬਰ ਭੇਜੇ ਜਾਣ ਤੱਕ ਧਰਨਾ ਜਾਰੀ ਸੀ। 


author

rajwinder kaur

Content Editor

Related News