ਗੁਰਦੁਆਰਾ ਮਸਤੂਆਣਾ ਸਾਹਿਬ ਨੂੰ ਢੀਂਡਸਾ ਪਰਿਵਾਰ ਦੇ ਕਬਜ਼ੇ ਤੋਂ ਬਹਾਲ ਕੀਤਾ ਜਾਵੇ : ਲੌਂਗੋਵਾਲ

Friday, Mar 13, 2020 - 06:24 PM (IST)

ਗੁਰਦੁਆਰਾ ਮਸਤੂਆਣਾ ਸਾਹਿਬ ਨੂੰ ਢੀਂਡਸਾ ਪਰਿਵਾਰ ਦੇ ਕਬਜ਼ੇ ਤੋਂ ਬਹਾਲ ਕੀਤਾ ਜਾਵੇ : ਲੌਂਗੋਵਾਲ

ਭਵਾਨੀਗੜ੍ਹ (ਅੱਤਰੀ) : ਗੁਰਦੁਆਰਾ ਮਸਤੂਆਣਾ ਸਾਹਿਬ ਨੂੰ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਦੇ ਕਬਜ਼ੇ ਤੋਂ ਬਹਾਲ ਕੀਤਾ ਜਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਕੀਤਾ ਗਿਆ ਹੈ। ਗਰਦੁਆਰਾ ਮਸਤੂਆਣਾ ਸਾਹਿਬ ਵਿਖੇ ਢੀਂਡਸਾ ਵਲੋਂ ਕੀਤੇ ਕਥਿਤ ਕਬਜ਼ੇ ਸਬੰਧੀ ਬੋਲਦੇ ਹੋਏ ਲੌਂਗੋਵਾਲ ਨੇ ਕਿਹਾ ਕਿ ਮਸਤੂਆਣਾ ਸਾਹਿਬ ਬਹੁਤ ਵੱਡਾ ਧਾਰਮਿਕ ਸਥਾਨ ਹੈ, ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਨੇ ਬਹੁਤ ਵੱਡੀਆਂ ਸੇਵਾਵਾਂ ਦਿੱਤੀਆਂ। ਸੰਤ ਅਤਰ ਸਿੰਘ ਨੇ ਵਿੱਦਿਆ ਦੇ ਪ੍ਰਚਾਰ ਲਈ ਅਕਾਲ ਡਿਗਰੀ ਕਾਲਜ ਬਣਾਇਆ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਕਾਲ ਡਿਗਰੀ ਕਾਲਜ ਟਰੱਸਟ ਦਾ ਪ੍ਰਧਾਨ ਇਕ ਅੰਮ੍ਰਿਤਧਾਰੀ ਸਿੱਖ ਹੋਣਾ ਚਾਹੀਦਾ ਹੈ, ਪਹਿਲਾਂ ਜੋ ਪ੍ਰਧਾਨ ਰਹੇ ਹਨ, ਉਹ ਬਹੁਤ ਧਾਰਮਿਕ ਸਖਸ਼ੀਅਤਾਂ ਅਤੇ ਧਾਰਮਿਕ ਵਿਚਾਰਾਂ ਵਾਲੇ ਸਨ। ਪਿਛਲੇ 40 ਸਾਲਾਂ ਤੋਂ ਢੀਂਡਸਾ ਪਰਿਵਾਰ ਨੇ ਹੀ ਇਸ ’ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਸਬੰਧੀ ਲੋਕਾਂ ਦੀ ਮੰਗ ਹੈ ਕਿ ਢੀਂਡਸਾ ਪਰਿਵਾਰ ਦੇ ਕਬਜ਼ੇ ਤੋਂ ਟਰੱਸਟ ਨੂੰ ਬਹਾਲ ਕੀਤਾ ਜਾਵੇ। ਇਸ ਤੋਂ ਬਾਅਦ ਕਿਸੇ ਧਾਰਮਿਕ ਵਿਅਕਤੀ ਨੂੰ ਇਸਦਾ ਪ੍ਰਧਾਨ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਇਸ ਸਬੰਧੀ ਹੇਠਲੀ ਅਦਾਲਤ ਵਿਚੋਂ ਕੇਸ ਜਿੱਤ ਚੁੱਕੀ ਹੈ ਅਤੇ ਹਾਈਕੋਟ ਵਿਚ ਕੇਸ ਚੱਲ ਰਿਹਾ ਹੈ, ਜਿਸ ਸਬੰਧੀ 20 ਮਾਰਚ ਨੂੰ ਵਹਿਸ ਹੋਵੇਗੀ।

ਪੜ੍ਹੋ ਇਹ ਵੀ ਖਬਰ - ਢੱਡਰੀਆਂਵਾਲਿਆਂ ਦੇ ਚੱਲ ਰਹੇ ਵਿਵਾਦ ’ਤੇ ਜਾਣੋ ਕੀ ਬੋਲੇ ਲੌਂਗੋਵਾਲ

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਲਈ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਰਜਿਸਟਰੇਸ਼ਨ ਕਰਵਾਉਣੀ ਜਰੂਰੀ ਹੈ। ਸਾਰੇ ਗੁਰੂ ਘਰਾਂ ਦੇ ਮੈਨੇਜਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਰਜਿਸ਼ਟਰੇਸ਼ਨ ਕੀਤੀ ਜਾਵੇ। ਸ਼ੋਸ਼ਲ ਮੀਡੀਆਂ ਉਪਰ ਚੱਲ ਰਹੀ ਇਕ ਵੀਡੀਓ, ਜਿਸ ਵਿਚ ਦਰਬਾਰ ਸਾਹਿਬ ਵਿਖੇ ਸਫਾਈ ਦੌਰਾਨ ਇਕ ਬੱਚੇ ਨੂੰ ਕਰੰਟ ਲੱਗਿਆ ਹੈ, ਦੇ ਸਬੰਧੀ ਭਾਈ ਲੌਂਗੋਵਾਲ ਨੇ ਕਿਹਾ ਕਿ ਉਹ ਇਸਦੀ ਮੈਨੇਜਰ ਤੋਂ ਰਿਪੋਰਟ ਲੈਣਗੇ। ਇਸ ਤੋਂ ਬਾਅਦ ਉਹ ਬੱਚੇ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ। ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸਿੱਖ ਸਿਕਲੀਗਰ ਬਰਾਦਰੀ ਦੇ 23 ਪਰਿਵਾਰਾਂ ਨੂੰ ਅੱਜ 2 ਲੱਖ 30 ਹਜਾਰ ਅਤੇ ਪਿੰਡ ਕਾਕੜਾ ਵਿਖੇ ਦੀਵਾਨ ਟੋਡਰ ਮੱਲ ਯਾਦਗਾਰੀ ਗੇਟ ਦੇ ਰੰਗ ਰੋਗਨ ਲਈ 50 ਹਜ਼ਾਰ ਰੁਪਏ ਦੇ ਚੈੱਕ ਵੰਡੇ ਗਏ।

ਚੈੱਕ ਵੰਡਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਭਾਈ ਲੌਂਗੋਵਾਲ ਨੇ ਦੱਸਿਆ ਸਿੱਖ ਸਿਕਲੀਗਰ ਬਰਾਦਰੀ ਦੇ ਲੋਕ ਜਿੱਥੇ ਵੀ ਵਸਦੇ ਹਨ, ਉਹ ਸਿੱਖੀ ਨਾਲ ਜੁੜੇ ਰਹਿੰਦੇ ਹਨ। ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦੀ ਹਰ ਪੱਖੋਂ ਆਰਥਿਕ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 23 ਪਰਿਵਾਰਾਂ ਦੀ ਮਦਦ ਤੋਂ ਇਲਾਵਾ ਦੀਵਾਨ ਟੋਡਰ ਮੱਲ ਦੀ ਯਾਦ ਵਿਚ ਪਿੰਡ ਕਾਕੜਾ ਵਿਖੇ ਬਣਾਏ ਗੇਟ ਲਈ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ 2 ਲੱਖ ਦੀ ਮਦਦ ਕੀਤੀ ਗਈ ਸੀ ਅਤੇ ਅੱਜ ਗੇਟ ਦੇ ਰੰਗ ਰੋਗਨ ਲਈ 50 ਹਜ਼ਾਰ ਰੁਪਏ ਦਾ ਹੋਰ ਚੈੱਕ ਦਿੱਤਾ ਗਿਆ। ਲੌਂਗੋਵਾਲ ਨੇ ਦੱਸਿਆ ਕਿ ਦੀਵਾਨ ਟੋਡਰ ਮੱਲ ਦੀ ਪਿੰਡ ਕਾਕੜਾ ਦੇ ਜੰਮਪਲ ਸਨ। ਉਨ੍ਹਾਂ ਨੇ ਸਿੱਖੀ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਅਤੇ ਉਨ੍ਹਾਂ ਵਲੋਂ ਛੋਟੇ ਸਾਹਿਬਜਾਂਦਿਆਂ ਦਾ ਸੰਸਕਾਰ ਵੀ ਕੀਤਾ ਗਿਆ।
 


author

rajwinder kaur

Content Editor

Related News