ਢਿੱਲਵਾਂ ਖੁਰਦ ਤੇ ਘੁਗਿਆਣਾ ਦੇ ਕਿਸਾਨਾਂ ਪਰਾਲੀ ਨੂੰ ਲਾਈ ਅੱਗ
Wednesday, Oct 04, 2017 - 02:10 AM (IST)
ਸਾਦਿਕ,(ਪਰਮਜੀਤ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਜਸਪਿੰਦਰ ਸਿੰਘ ਰੁਪਈਆਂਵਾਲਾ ਜ਼ਿਲਾ ਪ੍ਰਧਾਨ ਫ਼ਰੀਦਕੋਟ ਦੀ ਅਗਵਾਈ ਹੇਠ ਪਿੰਡਾਂ ਦੇ ਕਿਸਾਨਾਂ ਵੱਲੋਂ ਆਪਣੇ ਐਲਾਨ ਮੁਤਾਬਿਕ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ।
ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ ਖੁਰਦ ਦੇ ਕਿਸਾਨ ਲਖਵਿੰਦਰ ਸਿੰਘ ਢਿੱਲੋਂ ਨੇ 1 ਲੱਖ 70 ਹਜ਼ਾਰ ਰੁਪਏ ਦਾ ਚੋਪਰ ਖਰੀਦ ਕੇ ਝੋਨੇ ਦੀ ਕਟਾਈ ਤੋਂ ਬਾਅਦ ਇਸ ਸੰਦ ਨੂੰ ਪਰਾਲੀ ਸਮੇਟਣ ਲਈ ਵਰਤਿਆ ਅਤੇ ਇਸ ਦੀ ਵਰਤੋਂ ਤੋਂ ਬਾਅਦ ਜ਼ਮੀਨ ਨੂੰ ਵਾਹੁਣ ਲਈ ਰੋਟਾਵੇਟਰ, ਤਵੀਆਂ ਤੇ ਕਲਟੀਵੇਟਰ ਦੀ ਵਰਤੋਂ ਕਰ ਕੇ ਵੇਖ ਲਈ ਹੈ ਪਰ ਕੋਈ ਵੀ ਸੰਦ ਇਸ ਪਰਾਲੀ ਵਾਲੀ ਜ਼ਮੀਨ 'ਤੇ ਨਹੀਂ ਚੱਲਦਾ। ਚੋਪਰ ਫੇਰਨ 'ਤੇ ਉਸ ਦਾ ਕਾਫੀ ਡੀਜ਼ਲ ਖਰਚ ਆ ਗਿਆ ਹੈ ਤੇ ਇਹ ਸੰਦ ਪੂਰੀ ਤਰ੍ਹਾਂ ਨਾਕਾਮਯਾਬ ਰਿਹਾ ਹੈ। ਹੁਣ ਪਰਾਲੀ ਨੂੰ ਖਤਮ ਕਰਨਾ ਅਤੇ ਜ਼ਮੀਨ ਵਾਹੁਣਾ ਉਸ ਲਈ ਸਮੱਸਿਆ ਬਣ ਗਿਆ ਹੈ।
ਕਿਸਾਨ ਆਗੂਆਂ ਨੇ ਮੌਕੇ 'ਤੇ ਪੁੱਜ ਕੇ ਪ੍ਰਸ਼ਾਸਨ ਨੂੰ ਇਸ ਕਿਸਾਨ ਦੇ ਫਾਰਮ 'ਤੇ ਮੌਕਾ ਵੇਖਣ ਲਈ ਸੂਚਿਤ ਕੀਤਾ ਪਰ ਕੋਈ ਅਧਿਕਾਰੀ ਕਾਫੀ ਦੇਰ ਉਡੀਕਣ ਤੋਂ ਬਾਅਦ ਵੀ ਨਾ ਪੁੱਜਾ ਤਾਂ ਕਿਸਾਨ ਆਗੂਆਂ ਨੇ ਪਰਾਲੀ ਨੂੰ ਅੱਗ ਲਾ ਦਿੱਤੀ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਪਰਾਲੀ ਦਾ ਕੋਈ ਹੱਲ ਕਰਨਾ ਹੈ ਤਾਂ ਕਿਸਾਨਾਂ ਨੂੰ ਪ੍ਰਤੀ ਏਕੜ 5000 ਰੁਪਏ ਮੁਆਵਜ਼ਾ ਜਾਂ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਨਹੀਂ ਤਾਂ ਇਸ ਦਾ ਕਿਸਾਨਾਂ ਕੋਲ ਅੱਗ ਲਾਉਣ ਤੋਂ ਸਿਵਾਏ ਕੋਈ ਹੱਲ ਨਹੀਂ।
ਜ਼ਿਲਾ ਪ੍ਰਧਾਨ ਜਸਪਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਫੈਸਲਾ ਪੂਰਨ ਰੂਪ ਵਿਚ ਲਾਗੂ ਨਹੀਂ ਕਰ ਸਕੀ, ਜਿਸ ਕਰਕੇ ਕਿਸਾਨ ਸਰਕਾਰ ਦੇ ਇਕ ਤਰਫਾ ਹੁਕਮ ਨੂੰ ਮੰਨਣ ਲਈ ਪਾਬੰਦ ਨਹੀਂ ਹੋਣਗੇ ਤੇ ਪਰਾਲੀ ਨੂੰ ਅੱਗ ਲਾਉਣਗੇ, ਜਿਸ ਦੀ ਸਰਕਾਰ ਖੁਦ ਜ਼ਿੰਮੇਵਾਰ ਹੈ।
ਇਸ ਮੌਕੇ ਸੁਖਦੇਵ ਸਿੰਘ, ਮੱਖਣ ਸਿੰਘ ਡੋਡ, ਭਾਗ ਸਿੰਘ ਸੰਗਰਾਹੂਰ, ਵਜ਼ੀਰ ਸਿੰਘ ਡੋਡ, ਬਲਵੀਰ ਸਿੰਘ ਸਾਦਿਕ, ਜਸਕਰਨ ਸਿੰਘ ਘੁਗਿਆਣਾ, ਲਖਵਿੰਦਰ ਸਿੰਘ ਢਿੱਲਵਾਂ, ਸੁਖਚੈਨ ਸਿੰਘ, ਛਿੰਦਰਪਾਲ ਸਿੰਘ, ਮੋਹਕਮ ਸਿੰਘ ਸ਼ਿਮਰੇਵਾਲਾ ਤੇ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।
