ਜਥੇਬੰਦੀਆਂ ਅਤੇ ਸਤਿਕਾਰ ਕਮੇਟੀਆਂ ਵੱਲੋਂ ਦਿੱਤਾ ਧਰਨਾ ਮਰਿਆਦਾ ਦੇ ਉਲਟ: ਲੌਂਗੋਵਾਲ
Tuesday, Sep 29, 2020 - 12:58 AM (IST)
ਅੰਮ੍ਰਿਤਸਰ, (ਅਣਜਾਣ)- ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਪਵਿੱਤਰ ਸਰੂਪਾਂ ਦਾ ਹਿਸਾਬ ਦੇਣ ਅਤੇ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਦੇ ਮਾਮਲੇ ’ਤੇ ਟਾਲ ਮਟੋਲ ਹੀ ਕੀਤਾ ਗਿਆ। ਇਸ ਮੌਕੇ ਗੁਰੂ ਸਾਹਿਬ ਦੇ ਸਰੂਪਾਂ ਬਾਰੇ ਜਾਂ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਬਾਰੇ ਗੱਲ ਕਰਨ ਵਾਲੇ ਮੈਂਬਰ ਸਾਹਿਬਾਨਾਂ ਕੋਲੋਂ ਮਾਈਕ੍ਰੋਫੋਨ ਖੋਹ ਲਏ ਗਏ। ਬਜਟ ਇਜਲਾਸ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੋ ਲੋਕ ਬਾਹਰ ਮੋਰਚੇ ’ਤੇ ਬੈਠੇ ਹਨ ਉਹ ਮਰਿਆਦਾ ਦੇ ਉਲਟ ਹਨ ਅਤੇ ਉਹ ਸਭ ਕੁਝ ਕਾਂਗਰਸ ਸਰਕਾਰ ਕਰਵਾ ਰਹੀ ਹੈ। ਪਹਿਲਾਂ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਡੇਗਿਆ ਅਤੇ ਹੁਣ ਮਰਿਆਦਾ ਡੇਗਣ ਲੱਗੀ ਹੋਈ ਹੈ। ਮੀਡੀਆ ਨਾਲ ਵੀ ਟਕਰਾਅ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਮੁਲਜ਼ਮਾਂ ’ਤੇ ਸਖ਼ਤ ਕਾਰਵਾਈ ਕੀਤੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਪਿੰਡ-ਪਿੰਡ ਸ਼ਹਿਰ-ਸ਼ਹਿਰ ਪ੍ਰਚਾਰਕ ਭੇਜ ਕੇ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਹੀ ਸ਼੍ਰੋਮਣੀ ਅਕਾਲੀ ਦਲ (ਅ), ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ, ਅਕਾਲੀ ਦਲ ਦਿੱਲੀ, ਯੂਨਾਈਟਿਡ ਅਕਾਲੀ ਦਲ, ਦਲ ਖਾਲਸਾ, ਅਕਾਲ ਫੈਡਰੇਸ਼ਨ, ਪੰਥਕ ਤਾਲਮੇਲ ਸੰਗਠਨ, ਜਾਗੋ ਪਾਰਟੀ, ਸਿੱਖ ਯੂਥ ਆਫ ਪੰਜਾਬ, ਅਲਾਇੰਸ ਫਾਰ ਸਿੱਖ ਆਰਗਨਾਈਜ਼ੇਸ਼ਨ ਅਤੇ ਸਤਿਕਾਰ ਕਮੇਟੀਆਂ ਵੱਲੋਂ ਇਜਲਾਸ ਵਿਚ ਆਉਣ ਵਾਲੇ ਸ਼੍ਰੋਮਣੀ ਮੈਂਬਰਾਂ ਨੂੰ ਖੁੱਲ੍ਹੀ ਚਿੱਠੀ ਪੇਸ਼ ਕਰਦੇ ਹੋਏ ਅਪੀਲ ਕੀਤੀ ਕਿ ਉਹ ਅੰਦਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਕਾਰਜਕਾਰਨੀ ਤੋਂ ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਦਾ ਹਿਸਾਬ ਮੰਗਣ ਅਤੇ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਲਈ ਮੰਗ ਕਰਨ ਪਰ ਇਸ ਬਾਰੇ ਜਦੋਂ ਕੁਝ ਮੈਂਬਰਾਂ ਨੇ ਅੰਦਰ ਜਾ ਕੇ ਇਤਰਾਜ਼ ਜਤਾਇਆ ਤਾਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।
ਬਲਵਿੰਦਰ ਸਿੰਘ ਬੈਂਸ ਨੇ ਚੁੱਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੇ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਦਾ ਮੁੱਦਾ
ਸ਼੍ਰੋਮਣੀ ਕਮੇਟੀ ਮੈਂਬਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਜਲਾਸ ਅੰਦਰ ਜਦੋਂ ਗੁਰੂ ਸਾਹਿਬ ਦੇ ਸਰੂਪਾਂ ਅਤੇ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਬਾਰੇ ਅਤੇ ਬਾਦਲ ਸਾਹਿਬ ਤੋਂ ਫਖਰੇ ਕੌਮ ਦਾ ਖਿਤਾਬ ਵਾਪਸ ਲੈਣ ਦੀ ਗੱਲ ਕੀਤੀ ਗਈ ਤਾਂ ਮੇਰੇ ਕੋਲੋਂ ਮਾਈਕ੍ਰੋਫੋਨ ਖੋਹ ਲਿਆ ਗਿਆ ਪਰ ਲੋਕਤੰਤਰ ਦੇ ਚੌਥੇ ਸਤੰਭ ਮੀਡੀਆ ਦਾ ਮਾਈਕ੍ਰੋਫੋਨ ਤਾਂ ਚੱਲਦਾ ਰਿਹਾ ਜਿਸ ਨਾਲ ਮੇਰੀ ਆਵਾਜ਼ ਸੰਗਤ ਤੱਕ ਜ਼ਰੂਰ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜਿਸ ਮੁੱਖ ਮੰਤਰੀ ਦੇ ਹੁੰਦੇ ਨਿਰੰਕਾਰੀ ਕਾਂਡ, ਬਰਗਾੜੀ ਕਾਂਡ, ਕੋਟਕਪੂਰਾ ਕਾਂਡ ਵਰਗੀਆਂ ਘਟਨਾਵਾਂ ਹੋਈਆਂ ਹੋਣ ਉਹ ਫਖਰੇ ਕੌਮ ਕਹਾਉਣ ਦੇ ਹੱਕਦਾਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਮੀਡੀਆ ਕਰਮਚਾਰੀਆਂ ਨਾਲ ਇਸ ਕਾਰਨ ਭੇਦਭਾਵ ਕੀਤਾ ਕਿਉਂਕਿ ਉਹ ਸੱਚਾਈ ਨੂੰ ਮੀਡੀਆ ਤੋਂ ਦੂਰ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਉਕਤ ਅਧਿਕਾਰੀਆਂ ’ਤੇ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ।
ਥਾਣੇ ਵਿਚ ਐੱਫ. ਆਈ. ਆਰ. ਦਰਜ ਕਰਵਾ ਕੇ ਪੁੱਛਾਂਗੇ ਕਿੱਥੇ ਹਨ ਗੁਰੂ ਸਾਹਿਬ ਦੇ ਪਵਿੱਤਰ ਸਰੂਪ : ਮਾਨ, ਸਖੀਰਾ
ਅਕਾਲੀ ਦਲ (ਅ) ਦੇ ਇਮਾਨ ਸਿੰਘ ਮਾਨ ਅਤੇ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਥਾਣੇ ਵਿਚ ਐੱਫ. ਆਈ. ਆਰ. ਦਰਜ ਕਰਵਾ ਕੇ ਗੁਰੂ ਸਾਹਿਬ ਦੇ ਸਵਰੂਪ ਕਿੱਥੇ ਹਨ, ਬਾਰੇ ਪੁੱਛਿਆ ਜਾਵੇਗਾ। ਭਾਈ ਲੌਂਗੋਵਾਲ ਦੇ ਘਰ ਦੇ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਉਦੋਂ ਤੱਕ ਨਹੀਂ ਉੱਠੇਗਾ ਜਦੋਂ ਤੱਕ ਪਵਿੱਤਰ ਸਰੂਪਾਂ ਬਾਰੇ ਪਤਾ ਨਹੀਂ ਲੱਗ ਜਾਂਦਾ।