ਧਾਰੀਵਾਲ ਜ਼ਿਮਨੀ ਚੋਣ : ਪ੍ਰਵੀਨ ਮਲਹੋਤਰਾ ਨੂੰ 80 ਵੋਟਾਂ ਨਾਲ ਜੇਤੂ ਕਰਾਰ

06/22/2019 3:36:19 PM

ਗੁਰਦਾਸਪੁਰ : ਧਾਰੀਵਾਲ ਦੇ ਵਾਰਡ ਨੰਬਰ 2 ਦੀ ਭਾਜਪਾ ਕੌਂਸਲਰ ਸਰੋਜ ਰਾਣੀ ਦੇ ਦਿਹਾਂਤ ਤੋਂ ਬਾਅਦ ਤਕਰੀਬਨ 15 ਮਹੀਨਿਆਂ ਬਾਅਦ ਅੱਜ ਮੁੜ ਇਸ ਵਾਰਡ ਦੀ ਜ਼ਿਮਨੀ ਚੋਣ ਬੂਥ ਨੰਬਰ 33 ਡੀ. ਏ. ਵੀ. ਸਕੂਲ ਧਾਰੀਵਾਲ ਵਿਖੇ ਹੋ ਰਹੀ ਸੀ, ਜਿਸ ਵਿਚ ਭਾਜਪਾ ਉਮੀਦਵਾਰ ਗੋਰੀ ਬਲੱਗਣ, ਕਾਂਗਰਸੀ ਉਮਦੀਵਾਰ ਪ੍ਰਵੀਨ ਮਲਹੋਤਰਾ ਅਤੇ ਆਜ਼ਾਦ ਉਮੀਦਵਾਰ ਪੂਨਮ ਚੋਣ ਮੈਦਾਨ 'ਚ ਸਨ। ਭਾਵੇਂ ਸਵੇਰ ਤੋਂ ਇਹ ਚੋਣ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤਮਈ ਢੰਗ ਨਾਲ ਹੋ ਰਹੀ ਸੀ ਪਰ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਵਰਕਰ ਤੇ ਸੀਨੀਅਰ ਆਗੂ ਵੱਡੀ ਗਿਣਤੀ 'ਚ ਇਕੱਠੇ ਹੋਏ ਸਨ, ਜਿਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਵਲੋਂ ਪੁਲਸ ਫੋਰਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਤਣਾਅਪੂਰਨ ਸਥਿਤੀ ਉਦੋਂ ਪੈਦਾ ਹੋ ਗਈ ਜਦ ਪੋਲਿੰਗ ਪਾਰਟੀ ਨੇ ਮੌਕੇ ਦੀ ਨਜ਼ਾਕਤ ਦੇਖਦੇ ਹੋਏ ਈ. ਵੀ. ਐੱਮ. ਮਸ਼ੀਨ ਤੇ ਉਮੀਦਵਾਰਾਂ ਨੂੰ ਆਪਣੇ ਨਾਲ ਗੁਰਦਾਸਪੁਰ ਸਥਿਤ ਚੋਣ ਰਿਟਰਨਿੰਗ ਅਫਸਰ ਅਰਵਿੰਦਰ ਪਾਲ ਸਿੰਘ ਦੇ ਦਫਤਰ ਲੈ ਗਏ। ਜਿਸਦੀ ਭਿਣਕ ਪੈਂਦਿਆਂ ਹੀ ਅਕਾਲੀ-ਭਾਜਪਾ ਦੇ ਵਰਕਰ ਤੇ ਆਗੂ ਵੱਡੀ ਗਿਣਤੀ ਵਿਚ ਪੋਲਿੰਗ ਬੂਥ 'ਤੇ ਇਕੱਠੇ ਹੋ ਗਏ ਅਤੇ ਪੁਲਸ ਪ੍ਰਸ਼ਾਸਨ ਦੇ ਵਿਰੁੱਧ ਸਖ਼ਤ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ 'ਤੇ ਪੁਲਸ ਅਤੇ ਅਕਾਲੀ-ਭਾਜਪਾ ਵਰਕਰਾਂ ਦਰਮਿਆਨ ਤਕਰਾਰਬਾਜ਼ੀ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਪੁਲਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ, ਜਿਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ, ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ, ਸੀਨੀਅਰ ਅਕਾਲੀ ਆਗੂ ਕੰਵਲਪ੍ਰੀਤ ਸਿੰਘ ਕਾਕੀ ਅਤੇ ਭਾਜਪਾ ਆਗੂ ਗੁਲੂ ਮਲਹੋਤਰਾ ਦੀ ਅਗਵਾਈ ਹੇਠ ਡਡਵਾਂ ਚੌਕ ਧਾਰੀਵਾਲ ਵਿਚ ਰੋਸ ਧਰਨਾ ਦੇ ਕੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਇਸ ਜ਼ਿਮਨੀ ਚੋਣ ਦਾ ਨਤੀਜਾ ਮੌਕੇ 'ਤੇ ਹੀ ਐਲਾਨ ਕਰਨਾ ਚਾਹੀਦਾ ਸੀ। ਕੁਝ ਸਮਾਂ ਧਰਨਾ ਦੇਣ ਤੋਂ ਬਾਅਦ ਉਕਤ ਆਗੂਆਂ ਨੇ ਇਨਸਾਫ ਲੈਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲ ਕੂਚ ਕਰ ਦਿੱਤਾ। ਦੇਰ ਸ਼ਾਮ ਚੋਣ ਰਿਟਰਨਿੰਗ ਅਫਸਰ ਰਵਿੰਦਰ ਸਿੰਘ ਨੇ ਕਾਂਗਰਸ ਦੀ ਪ੍ਰਵੀਨ ਮਲਹੋਤਰਾ ਨੂੰ 80 ਵੋਟਾਂ ਨਾਲ ਜੇਤੂ ਕਰਾਰ ਦੇ ਦਿੱਤਾ।


Baljeet Kaur

Content Editor

Related News