ਧਨਤੇਰਸ ''ਤੇ ਵਿਸ਼ੇਸ਼: ਸੋਨੇ-ਚਾਂਦੀ ਸਣੇ ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣਾ ਮੰਨਿਆ ਜਾਂਦਾ ਹੈ ਸ਼ੁੱਭ

Tuesday, Nov 02, 2021 - 09:22 AM (IST)

ਧਨਤੇਰਸ ''ਤੇ ਵਿਸ਼ੇਸ਼: ਸੋਨੇ-ਚਾਂਦੀ ਸਣੇ ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣਾ ਮੰਨਿਆ ਜਾਂਦਾ ਹੈ ਸ਼ੁੱਭ

ਸੰਗਰੂਰ/ ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਭਾਰਤ ਨੂੰ ਜੇ ਤਿਉਹਾਰਾਂ ਦਾ ਦੇਸ਼ ਕਿਹਾ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਸਾਲ ਵਿਚ ਭਾਰਤ ਹਰ ਧਰਮ ਦੇ ਵੱਖ-ਵੱਖ ਤਿਉਹਾਰ ਮਨਾਉਂਦਾ ਹੈ। ਇਨ੍ਹਾਂ ਵਿਚ ਕੁੱਝ ਬਹੁਤ ਵੱਡੇ ਪੱਧਰ 'ਤੇ ਮਨਾਏ ਜਾਣ ਵਾਲੇ ਤਿਉਹਾਰ ਵੀ ਹਨ ਅਤੇ ਕੁੱਝ ਆਪਣੇ ਆਪਣੇ ਇਲਾਕਿਆਂ ਵਿਚ ਮਨਾਏ ਜਾਣ ਵਾਲੇ ਛੋਟੇ ਤਿਉਹਾਰ ਵੀ ਹਨ। ਦੀਵਾਲੀ ਪੂਰੇ ਦੇਸ਼ ਵਿਚ ਮਨਾਇਆ ਜਾਣ ਵਾਲਾ ਵੱਡਾ ਤਿਉਹਾਰ ਹੈ। 
ਹਿੰਦੂ ਧਰਮ ਅਨੁਸਾਰ, ਦੀਵਾਲੀ ਦਾ ਤਿਉਹਾਰ ਧਨਤੇਰਸ ਤੋਂ ਹੀ ਸ਼ੁਰੂ ਹੁੰਦਾ ਹੈ। ਧਨਤੇਰਸ ਇੱਕ ਮਹੱਤਵਪੂਰਨ ਤਿਉਹਾਰ ਮੰਨਿਆ ਜਾਂਦਾ ਹੈ, ਜਿਸ ਵਿਚ ਲੋਕ ਸੋਨੇ ਅਤੇ ਚਾਂਦੀ ਦੇ ਭਾਂਡਿਆਂ ਨੂੰ ਖਰੀਦਣਾ ਸ਼ੁਭ ਮੰਨਦੇ ਹਨ। ਧਨਤੇਰਸ ਦੇ ਵਿਸ਼ੇਸ਼ ਮੌਕੇ 'ਤੇ ਦੇਵੀ ਲਕਸ਼ਮੀ ਦੇ ਨਾਲ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ।

ਧਨਤੇਰਸ ਮਨਾਉਣ ਦਾ ਕਾਰਨ
ਮੰਨਿਆ ਜਾਂਦਾ ਹੈ ਕਿ ਧਨਤੇਰਸ ਦੇ ਦਿਨ, ਭਗਵਾਨ ਧਨਵੰਤਰੀ ਦਾ ਜਨਮ ਸਮੁੰਦਰ ਮੰਥਨ ਤੋਂ ਸੋਨੇ ਦੇ ਕਲਸ਼ ਨਾਲ ਹੋਇਆ ਸੀ। ਧਨਵੰਤਰੀ ਦੇ ਜਨਮ ਤੋਂ ਦੋ ਦਿਨ ਬਾਅਦ, ਲਕਸ਼ਮੀ ਜੀ ਸਮੁੰਦਰ ਮੰਥਨ ਤੋਂ ਪ੍ਰਗਟ ਹੋਏ, ਇਸ ਲਈ ਧਨਤੇਰਸ ਦਾ ਤਿਉਹਾਰ ਦੀਵਾਲੀ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਅਤੇ ਇਸ ਲਈ ਇਸ ਦਿਨ ਸੋਨਾ ਜਾਂ ਬਰਤਨ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ।

ਕੌਣ ਹਨ ਭਗਵਾਨ ਧਨਵੰਤਰੀ
ਕਿਹਾ ਜਾਂਦਾ ਹੈ ਕਿ ਧਨਵੰਤਰੀ ਵਿਸ਼ਨੂੰ ਜੀ ਦਾ ਅੰਸ਼ ਹੈ ਅਤੇ ਉਹ ਦੇਵਤਿਆਂ ਦਾ ਵੈਦ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਸਿਹਤ ਨੂੰ ਲਾਭ ਮਿਲਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਨੇ ਦੁਨੀਆਂ ਵਿਚ ਵਿਗਿਆਨ ਅਤੇ ਦਵਾਈ ਦਾ ਵਿਸਥਾਰ ਕਰਨ ਲਈ ਧਨਵੰਤਰੀ ਦਾ ਅਵਤਾਰ ਲਿਆ ਸੀ।

ਇਸ ਦਿਨ ਸੋਨਾ-ਚਾਂਦੀ ਖਰੀਦਣ ਦੇ ਪਿੱਛੇ ਦੀ ਕਹਾਣੀ
ਦੰਤਕਥਾ ਇਹ ਹੈ ਕਿ ਹਿਮ ਨਾਮ ਦਾ ਇੱਕ ਰਾਜਾ ਸੀ ਜਿਸ ਦੇ ਪੁੱਤਰ ਨੂੰ ਸਰਾਪ ਮਿਲਿਆ ਸੀ ਕਿ ਉਹ ਵਿਆਹ ਦੇ ਚੌਥੇ ਦਿਨ ਹੀ ਮਰ ਜਾਵੇਗਾ। ਜਦੋਂ ਉਸ ਰਾਜਕੁਮਾਰੀ ਨੂੰ, ਜਿਸ ਨਾਲ ਰਾਜਾ ਹਿਮ ਦੇ ਪੁੱਤਰ ਦਾ ਵਿਆਹ ਹੋਣਾ ਸੀ, ਤਾਂ ਉਸ ਨੇ ਆਪਣੇ ਪਤੀ ਨੂੰ ਵਿਆਹ ਦੇ ਚੌਥੇ ਦਿਨ ਜਾਗਦੇ ਰਹਿਣ ਲਈ ਕਿਹਾ। ਪਤੀ ਨੂੰ ਕਿਤੇ ਨੀਂਦ ਨਾ ਜਾਵੇ, ਇਸ ਲਈ ਉਹ ਸਾਰੀ ਰਾਤ ਉਸ ਨੂੰ ਕਹਾਣੀਆਂ ਅਤੇ ਗੀਤ ਸੁਣਾਉਂਦੀ ਰਹੀ।ਉਸ ਨੇ ਘਰ ਦੇ ਦਰਵਾਜ਼ੇ 'ਤੇ ਸੋਨਾ-ਚਾਂਦੀ ਅਤੇ ਬਹੁਤ ਸਾਰੇ ਗਹਿਣੇ ਰੱਖ ਦਿੱਤੇ ਅਤੇ ਬਹੁਤ ਸਾਰੇ ਦੀਵੇ ਜਗਾਏ। ਜਦੋਂ ਯਮਰਾਜ ਸੱਪ ਦੇ ਰੂਪ ਵਿੱਚ ਹਿਮ ਦੇ ਪੁੱਤਰ ਦੀ ਜਾਨ ਲੈਣ ਆਏ ਤਾਂ ਇੰਨੀ ਚਮਕ ਦੇਖ ਕੇ ਉਹ ਅੰਨ੍ਹੇ ਹੋ ਗਏ। ਇਸ ਤਰ੍ਹਾਂ ਸੱਪ ਘਰ ਦੇ ਅੰਦਰ ਨਹੀਂ ਵੜ ਸਕਿਆ ਅਤੇ ਗਹਿਣਿਆਂ ਦੇ ਉੱਪਰ ਬੈਠ ਕੇ ਕਥਾ-ਗੀਤ ਸੁਣਨ ਲੱਗਾ। ਇਸ ਤਰ੍ਹਾਂ ਸਵੇਰ ਹੋ ਗਈ ਅਤੇ ਰਾਜਕੁਮਾਰ ਦੀ ਮੌਤ ਦਾ ਸਮਾਂ ਟਲ ਗਿਆ। ਉਦੋਂ ਤੋਂ ਇਹ ਮੰਨਿਆ ਜਾਂਦਾ ਹੈ ਕਿ ਸੋਨਾ-ਚਾਂਦੀ ਖਰੀਦਣ ਨਾਲ ਘਰ ਦੇ ਅੰਦਰ ਅਸ਼ੁਭ ਅਤੇ ਨਕਾਰਾਤਮਕ ਸ਼ਕਤੀਆਂ ਪ੍ਰਵੇਸ਼ ਨਹੀਂ ਹੁੰਦੀਆਂ ਹਨ। ਦੂਜੇ ਪਾਸੇ ਇਸ ਦਿਨ ਆਪਣੇ ਘਰ ‘ਚ ਨਵੇਂ ਭਾਂਡੇ ਲਿਆਉਣਾ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਪਿੱਤਲ ਦੇ ਬਣੇ ਭਾਂਡੇ ਖਰੀਦਣੇ ਬਹੁਤ ਸ਼ੁਭ ਹੁੰਦੇ ਹਨ।

ਨੋਟ - ਇਸ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News