ਢਕੋਲੀ ਦੇ ਸੀ. ਐਚ. ਸੀ ਤੋਂ ਡਾਕਟਰਾਂ ਦੇ ਤਬਾਦਲਿਆਂ ਕਾਰਨ ਮਰੀਜ਼ਾਂ ਨੂੰ ਕੀਤਾ ਜਾ ਰਿਹੈ ਰੈਫਰ

Monday, Dec 21, 2020 - 02:36 PM (IST)

ਜ਼ੀਰਕਪੁਰ (ਮੇਸ਼ੀ) : ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਵਾਅਦੇ ਅਤੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦੀ ਸੱਚਾਈ ਇਸ ਦੇ ਉਲਟ ਵੇਖਣ ਨੂੰ ਮਿਲੀ। ਇੱਥੇ ਜ਼ੀਰਕਪੁਰ ਦੇ ਢਕੋਲੀ ਕਮਯੂਨਿਟੀ ਹੈਲਥ ਸੈਂਟਰ ਵਿਖੇ ਮਹਿਕਮੇ ਨੇ ਡਾਕਰਰਾਂ ਦੀ ਗਿਣਤੀ ਵਧਾਉਣ ਦੀ ਬਜਾਏ ਤਾਇਨਾਤ ਹੋਏ ਡਾਕਟਰਾਂ ਦੇ ਵੀ ਤਬਾਦਲੇ ਤੱਕ ਕਰ ਦਿੱਤੇ। ਖੇਤਰ ਦੀ ਅਬਾਦੀ ਨੂੰ ਦੇਖਦਿਆਂ ਸਹੂਲਤ ਅਨੁਸਾਰ ਇਨਫ੍ਰਾਸਟੱਰਚਰ ਨਾ ਹੋਣ ਨਾਲ ਢਕੋਲੀ ਦੇ ਸੀ.ਐਚ.ਸੀ ਵਿਖੇ ਜਨਤਾ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਨਹੀ ਮਿਲ ਰਹੀਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਸਹੂਲਤਾਂ ਦੀ ਕਮੀ ਦੇ ਚੱਲਦਿਆਂ ਗਾਇਨੀ ਵਾਰਡ ਬੰਦ ਹੋਣ ਦੀ ਹਾਲਤ ’ਚ ਹੈ। ਇਸ ਦੇ ਆਪਰੇਸ਼ਨ ਥੀਏਟਰ ’ਚ ਤਾਇਨਾਤ ਡਾਕਟਰ ਵੀ ਇੱਥੋਂ ਬਦਲ ਕੇ ਦੂਜੇ ਹਸਪਤਾਲਾਂ ਵਿਖੇ ਭੇਜ ਦਿੱਤੇ ਗਏ ਹਨ। ਇਨ੍ਹਾਂ ਕਮੀਆਂ ਕਾਰਨ ਮਰੀਜ਼ਾਂ ਨੂੰ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਹਸਪਤਾਲਾਂ ਵਿਖੇ ਰੈਫਰ ਕੀਤਾ ਜਾ ਰਿਹਾ ਹੈ। ਸੀ. ਐਚ. ਸੀ ’ਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਹੈ, ਜਿਸ ਦੇ ਚੱਲਦਿਆਂ 24 ਘੰਟੇ ਦੀ ਐਂਮਰਜੈਂਸੀ ਸੇਵਾ ਸ਼ੁਰੂ ਕਰਨ ਦੇ ਬਾਵਜੂਦ ਵੀ ਲੋਕਾਂ ਨੂੰ ਕੋਈ ਫਾਇਦਾ ਨਹੀ ਮਿਲਿਆ।

ਮਾਮੂਲੀ ਬੀਮਾਰੀਆਂ ਅਤੇ ਸੱਟ ਆਦਿ ਤੋਂ ਇਲਾਵਾ ਇੱਥੋਂ ਦੀ ਓ. ਪੀ. ਡੀ ’ਚ ਵੀ ਸਹੂਲਤਾਂ ਨਾ ਹੋਣ ਕਾਰਨ ਗਾਇਨੀ ਵਾਰਡ ਨੂੰ ਛੱਡ ਕੇ ਬਾਕੀ ਓ. ਪੀ. ਡੀ ’ਚ ਹੁਣ ਸਿਰਫ ਛੋਟੇ-ਮੋਟੇ ਕੇਸਾਂ ਦਾ ਹੀ ਇਲਾਜ ਕੀਤਾ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਜ਼ੀਰਕਪੁਰ 'ਚ ਕੋਈ ਹਸਪਤਾਲ ਨਾ ਹੋਣ ਕਾਰਨ ਢਕੌਲੀ ਸੀ. ਐਚ. ਸੀ ਦੀਆਂ ਸਿਹਤ ਸਹੂਲਤਾਂ ਵਧਾਉਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ। ਲੋਕਾਂ ਮੰਗ ਕੀਤੀ ਕਿ ਇਸ ਤੋਂ ਇਲਾਵਾ ਗਾਇਨੀ ਵਾਰਡ ਅਤੇ ਆਪਰੇਸ਼ਨ ਥੀਏਟਰ ਸਮੇਤ ਜ਼ੀਰਕਪੁਰ ’ਚ ਵੀ ਵੱਡਾ ਸਰਕਾਰੀ ਹਸਪਤਾਲ ਬਣਾਇਆ ਜਾਵੇ। 
 


Babita

Content Editor

Related News