ਮੀਲਵਾਂ ’ਚ ਢਾਬੇ ’ਤੇ ਅਣਪਛਾਤਿਆਂ ਚਲਾਈਆਂ ਗੋਲੀਆਂ
Thursday, Aug 30, 2018 - 02:10 AM (IST)
ਮੁਕੇਰੀਆਂ, (ਰਾਜੂ)- ਪੰਜਾਬ-ਹਿਮਾਚਲ ਹੱਦ ’ਤੇ ਮਾਨਸਰ ਨਜ਼ਦੀਕ ਪਿੰਡ ਮੀਲਵਾਂ ਵਿਖੇ ਬੋਪਾਰਾਏ ਵੈਸ਼ਨੋ ਢਾਬੇ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੱਤਰਕਾਰਾਂ ਨੇ ਜਦੋਂ ਮੌਕੇ ਦਾ ਦੌਰਾ ਕੀਤਾ ਤਾਂ ਢਾਬੇ ਦੇ ਮਾਲਕ ਲਖਵੀਰ ਸਿੰਘ ਬੋਪਾਰਾਏ, ਉਪ ਪ੍ਰਧਾਨ ਗਗਨ ਸਿੰਘ ਮੀਲਵਾਂ ਪੰਚਾਇਤ, ਮਾ. ਵਿਨੋਦ ਸ਼ਰਮਾ, ਸੁਖਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀ ਰਾਤ ਲਗਭਗ 8.25 ਵਜੇ ਮੁਕੇਰੀਆਂ ਤੋਂ ਪਠਾਨਕੋਟ ਵੱਲ ਜਾ ਰਹੀ ਸਵਿਫਟ ਡਿਜ਼ਾਇਰ ਕਾਰ ਢਾਬੇ ਸਾਹਮਣੇ ਖਡ਼੍ਹੀ ਹੋਈ ਤਾਂ ਉਸ ’ਚ ਸਵਾਰ ਵਿਅਕਤੀਆਂ ਨੇ ਕਾਰ ਦੀਆਂ ਲਾਈਟਾਂ ਬੰਦ ਕਰ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਢਾਬੇ ਦਾ ਮਾਲਕ ਤੇ ਨੌਕਰ ਜੋ ਮੌਕੇ ’ਤੇ ਮੌਜੂਦ ਸਨ, ਵਾਲ-ਵਾਲ ਬਚੇ।
ਢਾਬਾ ਮਾਲਕ ਲਖਵੀਰ ਸਿੰਘ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਦੇ ਨਸ਼ਾ ਤਸਕਰ ਹੋਣ ਦਾ ਸ਼ੱਕ ਹੈ। ਘਟਨਾ ਦੇ ਤੁਰੰਤ ਬਾਅਦ ਉਨ੍ਹਾਂ ਹਿਮਾਚਲ ਪੁਲਸ ਨੂੰ ਸੂਚਨਾ ਦਿੱਤੀ ਤਾਂ ਮੌਕੇ ’ਤੇ ਨੂਰਪੁਰ ਤੋਂ ਡੀ.ਐੱਸ.ਪੀ., ਇੰਦੌਰਾ ਦਾ ਐੱਸ.ਐੱਚ.ਓ. ਅਤੇ ਠਾਕੁਰਦੁਆਰਾ ਤੋਂ ਏ.ਐੱਸ.ਆਈ. ਪੁਲਸ ਪਾਰਟੀਆਂ ਸਮੇਤ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਢਾਬੇ ਦੇ ਮਾਲਕ ਅਤੇ ਸਮੂਹ ਪੰਚਾਇਤ ਨੇ ਮੰਗ ਕੀਤੀ ਹੈ ਕਿ ਮੀਲਵਾਂ ਵਿਖੇ ਪੱਕੇ ਤੌਰ ’ਤੇ ਪੁਲਸ ਦਾ ਨਾਕਾ ਲਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ’ਚ ਅਜਿਹੀ ਕੋਈ ਘਟਨਾ ਨਾ ਵਾਪਰੇ।
