DGP ਗੌਰਵ ਯਾਦਵ ਦੀ ਨਿਵੇਕਲੀ ਪਹਿਲ, ਨੇਮ ਪਲੇਟ ’ਤੇ ਪੰਜਾਬੀ ’ਚ ਲਿਖਿਆ ਆਪਣਾ ਨਾਂ
Wednesday, Dec 21, 2022 - 09:03 AM (IST)

ਜਲੰਧਰ (ਧਵਨ)- ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਇਕ ਨਿਵੇਕਲੀ ਪਹਿਲ ਕੀਤੀ ਹੈ, ਜਿਸ ਦਾ ਅਸਰ ਆਉਣ ਵਾਲੇ ਸਮੇਂ ਵਿਚ ਪੁਲਸ ਮੁਲਾਜ਼ਮਾਂ ’ਤੇ ਪੈ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ’ਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਪਿਛਲੇ ਸਮੇਂ ’ਚ ਕਈ ਫੈਸਲੇ ਲਏ ਸਨ, ਜਿਸ ’ਤੇ ਸਰਕਾਰ ਆਉਣ ਵਾਲੇ ਦਿਨਾਂ ’ਚ ਅਮਲ ਕਰਨ ਜਾ ਰਹੀ ਹੈ। ਮੁੱਖ ਮੰਤਰੀ ਵੱਲੋਂ ਲਏ ਫੈਸਲੇ ਦੇ ਮੱਦੇਨਜ਼ਰ ਡੀ. ਜੀ. ਪੀ. ਗੌਰਵ ਯਾਦਵ ਨੇ ਵੀ ਸ਼ਲਾਘਾਯੋਗ ਕਦਮ ਚੁੱਕਿਆ ਹੈ। ਉਨ੍ਹਾਂ ਨੇ ਆਪਣੀ ਵਰਦੀ ’ਤੇ ਅੰਗਰੇਜ਼ੀ ਭਾਸ਼ਾ ’ਚ ਲੱਗੀ ਨੇਮ ਪਲੇਟ ਉਤਾਰ ਦਿੱਤੀ ਹੈ। ਹੁਣ ਉਨ੍ਹਾਂ ਦੀ ਵਰਦੀ ’ਤੇ ਲੱਗੀ ਨੇਮ ਪਲੇਟ ’ਤੇ ਪੰਜਾਬੀ ਭਾਸ਼ਾ ’ਚ ਉਨ੍ਹਾਂ ਦਾ ਨਾਂ ‘ਗੌਰਵ ਯਾਦਵ’ ਲਿਖਿਆ ਹੋਇਆ ਹੈ।
ਪੰਜਾਬ ਪੁਲਸ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਡੀ. ਜੀ. ਪੀ. ਗੌਰਵ ਯਾਦਵ ਨੇ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਜੋ ਕਦਮ ਖੁਦ ਚੁੱਕਿਆ ਹੈ, ਉਸ ਦਾ ਸਕਾਰਾਤਮਕ ਅਤੇ ਮਨੋਵਿਗਿਆਨਕ ਪ੍ਰਭਾਵ ਹੋਰਨਾਂ ਪੁਲਸ ਅਧਿਕਾਰੀਆਂ ’ਤੇ ਵੀ ਵੇਖਣ ਨੂੰ ਮਿਲੇਗਾ। ਹੋਰ ਪੁਲਸ ਅਧਿਕਾਰੀ ਵੀ ਪੁਲਸ ਕਪਤਾਨ ਦੇ ਨਕਸ਼ੇ-ਕਦਮਾਂ ’ਤੇ ਚੱਲਦੇ ਹੋਏ ਆਪਣੀ ਵਰਦੀ ’ਤੇ ਲੱਗੀਆਂ ਨੇਮ ਪਲੇਟਾਂ ’ਤੇ ਪੰਜਾਬੀ ਭਾਸ਼ਾ ਵਿਚ ਆਪਣਾ ਨਾਂ ਲਿਖਵਾ ਸਕਦੇ ਹਨ। ਡੀ. ਜੀ. ਪੀ. ਗੌਰਵ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਨੇਮ ਪਲੇਟ ਪੰਜਾਬੀ ’ਚ ਲਗਵਾਉਣ ਨਾਲ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਸੂਬੇ ਦੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਫਰੀਦਕੋਟ ਦੇ ਗੱਭਰੂ ਨਾਲ ਵਾਪਰਿਆ ਭਾਣਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।