ਗੈਂਗਸਟਰਾਂ ਤੇ ਅੱਤਵਾਦੀ ਸੰਗਠਨਾਂ ਨੂੰ ਲੈ ਕੇ ਪੰਜਾਬ ਪੁਲਸ ਸਖ਼ਤ, DGP ਗੌਰਵ ਯਾਦਵ ਨੇ ਦਿੱਤਾ ਅਹਿਮ ਬਿਆਨ
Sunday, Feb 12, 2023 - 11:45 AM (IST)
ਜਲੰਧਰ (ਧਵਨ)-1992 ਬੈਚ ਦੇ ਆਈ. ਪੀ. ਐੱਸ. ਅਫ਼ਸਰ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਸ ਨੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ’ਤੇ ਦਬਦਬਾ ਕਾਇਮ ਕੀਤਾ ਹੈ ਅਤੇ ਸੂਬਾ ਪੁਲਸ ਵੱਲੋਂ ਡੀ. ਜੀ. ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਸਮਾਜ ਵਿਰੋਧੀ ਅਨਸਰਾਂ, ਗੈਂਗਸਟਰਾਂ, ਅੱਤਵਾਦੀਆਂ ਅਤੇ ਨਸ਼ਾ ਸਮੱਗਲਰਾਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਨੂੰ ਮਿਲ ਰਹੀ ਕਾਮਯਾਬੀ ਬਾਰੇ ਡੀ. ਜੀ. ਪੀ. ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਜਿਸ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ :
ਸਵਾਲ : ਪੰਜਾਬ ਪੁਲਸ ਨੂੰ ਡਰੱਗਜ਼ ਅਤੇ ਗੈਂਗਸਟਰਾਂ ਖ਼ਿਲਾਫ਼ ਲਗਾਤਾਰ ਸਫ਼ਲਤਾਵਾਂ ਮਿਲ ਰਹੀਆਂ ਹਨ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
- ਪਿਛਲੇ 6-7 ਮਹੀਨਿਆਂ ਵਿਚ ਪੰਜਾਬ ਪੁਲਸ ਨੇ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਣ ਵਿਚ ਸਫ਼ਲਤਾ ਹਾਸਲ ਕੀਤੀ ਹੈ ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਸੂਬਾ ਪੁਲਸ ਪੰਜਾਬ ਨੂੰ ਅਪਰਾਧ ਅਤੇ ਨਸ਼ਿਆਂ ਤੋਂ ਮੁਕਤ ਬਣਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਫ਼ਨੇ ਨੂੰ ਸਾਕਾਰ ਕਰਨ ਵਿਚ ਲੱਗੀ ਹੋਈ ਹੈ।
ਸਵਾਲ : ਸਰਹੱਦ ਪਾਰੋਂ ਡਰੋਨ ਆਉਣ ਦੀਆਂ ਘਟਨਾਵਾਂ ਵਿਚ ਵਾਧੇ ਸਬੰਧੀ ਪੰਜਾਬ ਪੁਲਸ ਨੇ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਹੈ?
– ਸਰਹੱਦ ਪਾਰੋਂ ਡਰੋਨ ਆਉਣ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ, ਜਿਸ ਨਾਲ ਨਜਿੱਠਣ ਲਈ ਪੰਜਾਬ ਪੁਲਸ ਅਤੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ਼.) ਦੋਵਾਂ ਨੇ ਆਪਣਾ ਤਾਲਮੇਲ ਕਾਫ਼ੀ ਵਧਾ ਦਿੱਤਾ ਹੈ। ਪਹਿਲਾਂ ਡਰੋਨ 4-5 ਮਹੀਨਿਆਂ ਵਿਚ ਇਕ ਜਾਂ ਦੋ ਵਾਰ ਹੀ ਆਉਂਦੇ ਸਨ ਪਰ ਹੁਣ ਹਰ ਹਫ਼ਤੇ ਕਈ ਡਰੋਨ ਆ ਰਹੇ ਹਨ।
ਇਹ ਵੀ ਪੜ੍ਹੋ : ਮਕਾਨ ਬਣਾਉਣ ਲਈ ਸਸਤੀ ਰੇਤਾ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਅਹਿਮ ਖ਼ਬਰ
ਸਵਾਲ : ਡਰੋਨ ਭੇਜਣ ਦਾ ਅਸਲ ਮਕਸਦ ਕੀ ਹੈ?
– ਡਰੋਨਾਂ ਰਾਹੀਂ ਸਰਹੱਦ ਪਾਰੋਂ ਨਸ਼ੇ ਵਾਲੇ ਪਦਾਰਥ, ਹਥਿਆਰ ਅਤੇ ਗੋਲੀ-ਸਿੱਕਾ ਭੇਜਿਆ ਜਾ ਰਿਹਾ ਹੈ। ਦੁਸ਼ਮਣ ਦੇਸ਼, ਅੱਤਵਾਦੀ ਅਤੇ ਸਮੱਗਲਰ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ ਪੁਲਸ ਲਗਾਤਾਰ ਸਾਵਧਾਨੀ ਨਾਲ ਕੰਮ ਕਰ ਰਹੀ ਹੈ। ਪੰਜਾਬ ਪੁਲਸ ਤੇ ਬੀ. ਐੱਸ. ਐੱਫ਼. ਸਰਹੱਦ ਪਾਰ ਤੋਂ ਹੋਣ ਵਾਲੀ ਕਿਸੇ ਵੀ ਘਟਨਾ ਦਾ ਮੁਕਾਬਲਾ ਕਰਨ ’ਚ ਸਮਰੱਥ ਹਨ ਅਤੇ ਦੋਵਾਂ ਦੇ ਆਪਸੀ ਸਹਿਯੋਗ ਨਾਲ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਸਵਾਲ : ਪੰਜਾਬ ਪੁਲਸ ਤੇ ਚੰਡੀਗੜ੍ਹ ਪੁਲਸ ਨੇ ਆਪਸ ਵਿਚ ਬੈਠਕ ਕੀਤੀ ਹੈ। ਇਸ ਦਾ ਮਕਸਦ ਕੀ ਸੀ?
–ਇਨ੍ਹਾਂ ਬੈਠਕਾਂ ਵਿਚ ਗੈਂਗਸਟਰਾਂ, ਅਪਰਾਧੀਆਂ ਨਾਲ ਨਜਿੱਠਣ ਦੇ ਮਾਮਲਿਆਂ ’ਤੇ ਚਰਚਾ ਹੁੰਦੀ ਹੈ ਅਤੇ ਦੋਵਾਂ ਫੋਰਸਾਂ ਦਾ ਆਪਸ ’ਚ ਤਾਲਮੇਲ ਵਧਦਾ ਹੈ। ਅਜਿਹੀਆਂ ਬੈਠਕਾਂ ਸਮੇਂ-ਸਮੇਂ ’ਤੇ ਹੋਣੀਆਂ ਚਾਹੀਦੀਆਂ ਹਨ, ਜਿਸ ਨਾਲ ਅਪਰਾਧਿਕ ਅਨਸਰਾਂ ਨੂੰ ਨੱਥ ਪਾਉਣ ਵਿਚ ਮਦਦ ਮਿਲਦੀ ਹੈ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਵਿਚ ਸੁਧਾਰ ਹੁੰਦਾ ਹੈ। ਹੁਣ ਪੰਜਾਬ ਅਤੇ ਚੰਡੀਗੜ੍ਹ ਪੁਲਸ ’ਚ ਆਪਸੀ ਤਾਲਮੇਲ ਕਾਫ਼ੀ ਬਿਹਤਰ ਰਿਹਾ ਕਰੇਗਾ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਬਰਲਟਨ ਪਾਰਕ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਸਵਾਲ : ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਨੂੰ ਪੰਜਾਬ ਵਾਪਸ ਲਿਆਉਣ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ?
–ਇਸ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੁਝ ਗੈਂਗਸਟਰਾਂ ਸਬੰਧੀ ਪੰਜਾਬ ਪੁਲਸ ਨੇ ਕੇਂਦਰ ਸਰਕਾਰ ਤੋਂ ਲੁਕਆਊਟ ਨੋਟਿਸ ਵੀ ਜਾਰੀ ਕਰਵਾਇਆ ਹੋਇਆ ਹੈ। ਗੈਂਗਸਟਰਾਂ ਦੀ ਹਵਾਲਗੀ ਦੀ ਪ੍ਰਕਿਰਿਆ ’ਚ ਕੁਝ ਸਮਾਂ ਲੱਗਦਾ ਹੈ। ਪੰਜਾਬ ਪੁਲਸ ਅਤੇ ਹੋਰ ਏਜੰਸੀਆਂ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਦੀਆਂ ਸਰਗਰਮੀਆਂ ’ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਕਿਸੇ ਵੀ ਗੈਂਗਸਟਰ ਜਾਂ ਅੱਤਵਾਦੀ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸਵਾਲ : ਪੰਜਾਬ ਦੇ ਕੁਝ ਆਈ. ਪੀ. ਐੱਸ. ਅਧਿਕਾਰੀਆਂ ਦੀ ਚੋਣ ਕੇਂਦਰ ਵੱਲੋਂ ਕੀਤੀ ਗਈ ਹੈ। ਇਸ ਬਾਰੇ ਤੁਸੀਂ ਕੀ ਕਹੋਗੇ?
-ਕੇਂਦਰ ਵੱਲੋਂ ਸਮੇਂ-ਸਮੇਂ ’ਤੇ ਸੂਬਿਆਂ ਦੇ ਆਈ. ਪੀ. ਐੱਸ. ਅਫ਼ਸਰਾਂ ਦੀ ਚੋਣ ਕੀਤੀ ਜਾਂਦੀ ਹੈ। ਇਹ ਚੋਣ ਅਸਲ ਵਿਚ ਸਬੰਧਤ ਅਧਿਕਾਰੀਆਂ ਦੀ ਮੁਹਾਰਤ, ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਨੂੰ ਵੇਖ ਕੇ ਕੀਤੀ ਜਾਂਦੀ ਹੈ। ਇਹ ਇਕ ਆਮ ਪ੍ਰਕਿਰਿਆ ਹੈ। ਇਹ ਪੰਜਾਬ ਦੇ ਅਧਿਕਾਰੀਆਂ ਅਤੇ ਸਰਕਾਰ ਲਈ ਮਾਣ ਵਾਲੀ ਗੱਲ ਹੁੰਦੀ ਹੈ। ਇਸ ਵਿਚ ਕੋਈ ਵੀ ਅਧਿਕਾਰੀ ਅਰਜ਼ੀ ਨਹੀਂ ਦਿੰਦਾ। ਕੇਂਦਰ ਸਰਕਾਰ ਖ਼ੁਦ ਸਮੇਂ-ਸਮੇਂ ’ਤੇ ਮੈਰਿਟ ਦੇ ਆਧਾਰ ’ਤੇ ਚੰਗੇ ਅਧਿਕਾਰੀਆਂ ਦੀਆਂ ਸੂਚੀਆਂ ਤਿਆਰ ਕਰਦੀ ਹੈ। ਇਸ ਕਾਰਨ ਪੰਜਾਬ ਦਾ ਮਾਣ ਵਧਿਆ ਹੈ।
ਸਵਾਲ : ਕੀ ਗੈਂਗਸਟਰਾਂ ਖ਼ਿਲਾਫ਼ ਮਿਲੀਆਂ ਸਫ਼ਲਤਾਵਾਂ ਕਾਰਨ ਪੰਜਾਬ ਪੁਲਸ ਦਾ ਮਨੋਬਲ ਵੀ ਵਧਿਆ ਹੈ?
–ਇਹ ਸਹੀ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਮਿਲੀਆਂ ਸਫ਼ਲਤਾਵਾਂ ਨਾਲ ਪੰਜਾਬ ਪੁਲਸ ਦਾ ਮਨੋਬਲ ਵਧਿਆ ਹੈ। ਪੰਜਾਬ ਵਿਚ ਸ਼ਾਂਤੀ ਬਹਾਲ ਕਰਨ ਲਈ ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਗੰਨ ਕਲਚਰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ। ਹਥਿਆਰਾਂ ਦੇ ਪ੍ਰਦਰਸ਼ਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ 'ਚ ਇੰਨੇ ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਸਕਦੀ ਹੈ ਬਿਜਲੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।