ਲੁਧਿਆਣਾ ਪੁੱਜੇ ਡੀ. ਜੀ. ਪੀ. ਗੌਰਵ ਯਾਦਵ : ਕ੍ਰਾਈਮ ਕੰਟਰੋਲ ਕਰਨ ਦੀਆਂ ਦਿੱਤੀਆਂ ਹਦਾਇਤਾਂ

07/28/2022 2:34:05 PM

ਲੁਧਿਆਣਾ(ਰਾਜ) : ਡੀ. ਜੀ. ਪੀ. ਦਾ ਅਹੁਦਾ ਸੰਭਾਲਣ ਤੋਂ ਬਾਅਦ ਗੌਰਵ ਯਾਦਵ ਬੁੱਧਵਾਰ ਨੂੰ ਪਹਿਲੀ ਵਾਰ ਲੁਧਿਆਣਾ ਪੁੱਜੇ ਜਿੱਥੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਉਨ੍ਹਾਂ ਨੇ ਪੁਲਸ ਲਾਈਨ ’ਚ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਸਾਰੇ ਜੁਆਇੰਟ ਸੀ.ਪੀ., ਡੀ.ਸੀ.ਪੀ., ਏ.ਡੀ.ਸੀ.ਪੀ. ਅਤੇ ਏ.ਸੀ.ਪੀ. ਅਤੇ ਐੱਸ.ਐੱਚ.ਓ. ਦੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਲੁਧਿਆਣਾ ਰੇਂਜ ਦੇ ਆਈ.ਜੀ.ਐੱਸ.ਪੀ.ਐੱਸ. ਪਰਮਾਰ, ਐੱਸ.ਐੱਸ.ਪੀ. ਖੰਨਾ ਅਤੇ ਐੱਸ.ਐੱਸ.ਪੀ. ਜਗਰਾਓਂ ਦੇ ਨਾਲ ਐੱਸ.ਪੀ. ਅਤੇ ਡੀ.ਐੱਸ.ਪੀ. ਵੀ ਹਾਜ਼ਰ ਰਹੇ। ਡੀ. ਜੀ. ਪੀ. ਗੌਰਵ ਯਾਦਵ ਨੇ ਗੈਂਗਸਟਰਾਂ ’ਤੇ ਨਕੇਲ ਕੱਸਣ ਦੇ ਨਾਲ ਹੀ ਕ੍ਰਾਈਮ ਕੰਟਰੋਲ ਕਰਨ ਲਈ ਅਧਿਕਾਰੀਆਂ ਨੂੰ ਗੁਰਮੰਤਰ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਕਈ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਅਤੇ ਨਾਲ ਹੀ ਪੁਲਸ ਅਧਿਕਾਰੀਆਂ ਨੂੰ ਟਿਪਸ ਵੀ ਦਿੱਤੇ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕਈ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ

ਡੀ.ਜੀ.ਪੀ. ਗੌਰਵ ਯਾਦਵ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਤੋਂ ਉਨ੍ਹਾਂ ਦੇ ਇਲਾਕਿਆਂ ’ਚ ਹੋਣ ਵਾਲੇ ਅਪਰਾਧਾਂ ਬਾਰੇ ਅਪਡੇਟ ਲਿਆ ਅਤੇ ਉਸ ਨੂੰ ਕੰਟਰੋਲ ਕਰਨ ਦੇ ਗੁਰਮੰਤਰ ਵੀ ਦਿੱਤੇ। ਡੀ.ਜੀ.ਪੀ. ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ’ਚ ਗੈਂਗਸਟਰਾਂ ਨੂੰ ਕਿਸੇ ਵੀ ਹਾਲਤ ’ਚ ਹਾਵੀ ਨਹੀਂ ਹੋਣ ਦਿੱਤਾ ਜਾਵੇਗਾ। ਗੈਂਗਸਟਰਾਂ ਨੂੰ ਪੰਜਾਬ ’ਚੋਂ ਖ਼ਤਮ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇਗਾ। ਉਨ੍ਹਾਂ ਨੇ ਕ੍ਰਾਈਮ ਰੀਵਿਊ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਕਈ ਤਰ੍ਹਾਂ ਦੇ ਹੁਕਮ ਤਾਂ ਜਾਰੀ ਕੀਤੇ, ਨਾਲ ਹੀ ਇਹ ਵੀ ਹੁਕਮ ਜਾਰੀ ਕੀਤੇ ਕਿ ਉਹ ਕਿਸੇ ਦੇ ਦਬਾਅ ’ਚ ਨਹੀਂ, ਸਗੋਂ ਆਪਣੇ ਢੰਗ ਨਾਲ ਕੰਮ ਕਰਨਗੇ। ਪੰਜਾਬ ਪੁਲਸ ਦਾ ਪਹਿਲਾ ਮਕਸਦ ਲੋਕਾਂ ਨੂੰ ਇਨਸਾਫ਼ ਦੇਣਾ ਹੈ, ਜਿਸ ਵਿਅਕਤੀ ਦੀ ਸ਼ਿਕਾਇਤ ਆਵੇ, ਉਸ ਦੀ ਜਲਦ ਤੋਂ ਜਲਦ ਜਾਂਚ ਕਰ ਕੇ ਨਿਪਟਾਰਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜਲਦ ਇਨਸਾਫ਼ ਮਿਲ ਸਕੇ।

ਇਹ ਵੀ ਪੜ੍ਹੋ- ਐਕਸ਼ਨ 'ਚ DGP ਗੌਰਵ ਯਾਦਵ, ਪੁਲਸ ਅਧਿਕਾਰੀਆਂ ਨੂੰ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼

ਇਸ ਤੋਂ ਇਲਾਵਾ ਮੀਟਿੰਗ ਦੌਰਾਨ ਡੀ. ਜੀ. ਪੀ. ਨੇ ਕਮਿਸ਼ਨਰੇਟ ਅਧਿਕਾਰੀਆਂ ਨਾਲ ਅਤੇ ਜਗਰਾਓਂ ਅਤੇ ਖੰਨਾ ਦੇ ਅਧਿਕਾਰੀਆਂ ਨਾਲ ਵੀ ਕਈ ਮੁੱਖ ਮੁੱਦਿਆਂ ’ਤੇ ਚਰਚਾ ਕੀਤੀ। ਮੀਟਿੰਗ ਦੌਰਾਨ ਸਭ ਤੋਂ ਮੁੱਖ ਚਰਚਾ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਚੱਲੀ। ਕਮਿਸ਼ਨਰੇਟ ਪੁਲਸ ਵੱਲੋਂ ਵੀ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਕਿਤੇ ਨਾ ਕਿਤੇ ਸ਼ਮੂਲੀਅਤ ਲਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਸਬੰਧੀ ਡੀ. ਜੀ. ਪੀ. ਨੇ ਪੂਰੀ ਅਪਡੇਟ ਲਈ ਅਤੇ ਅਗਲੀ ਕਾਰਵਾਈ ਸਬੰਧੀ ਚਰਚਾ ਕੀਤੀ ਤਾਂ ਕਿ ਬਚੇ ਗੈਂਗਸਟਰਾਂ ਨੂੰ ਪੂਰੀ ਟੀਮ ਪਲਾਨਿੰਗ ਕਰ ਕੇ ਕਾਬੂ ਕਰ ਸਕੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News