ਗੈਰ-ਜ਼ਿੰਮੇਵਾਰ ਬਿਆਨ ਦੇਣ ਵਾਲੇ ਡੀ. ਜੀ. ਪੀ. ਨੂੰ ਤੁਰੰਤ ਕੀਤਾ ਜਾਵੇ ਬਰਖਾਸਤ : ਜੀ. ਕੇ.

Saturday, Feb 22, 2020 - 09:01 PM (IST)

ਗੈਰ-ਜ਼ਿੰਮੇਵਾਰ ਬਿਆਨ ਦੇਣ ਵਾਲੇ ਡੀ. ਜੀ. ਪੀ. ਨੂੰ ਤੁਰੰਤ ਕੀਤਾ ਜਾਵੇ ਬਰਖਾਸਤ : ਜੀ. ਕੇ.

ਜਲੰਧਰ/ਨਵੀਂ ਦਿੱਲੀ,(ਚਾਵਲਾ): ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਬਾਰੇ ਪੰਜਾਬ ਪੁਲਸ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੇ ਬਿਆਨ ਨੂੰ 'ਜਾਗੋ' ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗੈਰ-ਜ਼ਿੰਮੇਵਾਰਾਨਾ ਦੱਸਦੇ ਹੋਏ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਨ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ। ਮੀਡੀਆ ਨੂੰ ਜਾਰੀ ਬਿਆਨ ਵਿਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਗੁਪਤਾ ਦੀ ਮਾਨਸਿਕਤਾ ਆਪਣੇ ਪੁਰਾਣੇ ਹਮ-ਰੁਤਬਾ ਕੇ. ਪੀ. ਐੱਸ. ਗਿੱਲ ਵਾਂਗ ਸਿੱਖਾਂ ਨੂੰ ਨਫਰਤ ਦੇ ਚਸ਼ਮੇ ਨਾਲ ਵੇਖਦੇ ਹੋਏ ਪੁਲਸੀਆ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਭੂਮਿਕਾ ਤਿਆਰ ਕਰਨ ਵਾਲੀ ਲੱਗਦੀ ਹੈ।
ਜੀ. ਕੇ. ਨੇ ਖਦਸ਼ਾ ਜਤਾਉਂਦੇ ਹੋਏ ਕਿਹਾ ਕਿ ਗੁਪਤਾ ਦਾ ਬਿਆਨ ਖਤਰਨਾਕ ਸੋਚ ਦੇ ਨਾਲ-ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਲੱਗਦਾ ਹੈ। ਇਸ ਬਿਆਨ ਦੇ ਪਿੱਛੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਮਰਥਕ ਅਤੇ ਅੱਤਵਾਦੀ ਦੱਸਣ ਦੀ ਇੱਛਾ ਸਾਫ਼ ਨਜ਼ਰ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਦੀ ਜਾਂਚ ਦੇ ਬਾਅਦ ਕਰਤਾਰਪੁਰ ਸਾਹਿਬ ਜਾਣ ਦੀ ਮਨਜ਼ੂਰੀ ਮਿਲਦੀ ਹੈ, ਜੋ ਕਿ ਕੈਮਰਿਆਂ ਦੇ ਸਾਏ ਵਿਚ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆ ਜਾਂਦੇ ਹਨ। ਉਹ ਕਿਵੇਂ ਕੁੱਝ ਘੰਟਿਆਂ ਵਿਚ ਅੱਤਵਾਦੀ ਬਣ ਸਕਦੇ ਹਨ? ਇਸ ਲਈ ਮੰਨਿਆ ਜਾ ਸਕਦਾ ਹੈ ਕਿ ਗੁਪਤਾ ਦੀ ਮਾਨਸਿਕਤਾ ਇਕ ਵਾਰ ਫਿਰ ਤੋਂ ਸਿੱਖ ਨੌਜਵਾਨਾਂ ਨੂੰ ਨਿਸ਼ਾਨੇ ਉੱਤੇ ਲੈ ਕੇ ਪੁਲਸ ਤੰਤਰ ਨੂੰ ਮਨੁੱਖੀ ਅਧਿਕਾਰਾਂ ਉੱਤੇ ਹਾਵੀ ਕਰਨ ਦੀ ਹੈ ਅਤੇ ਗੁਪਤਾ ਨੂੰ ਕਾਂਗਰਸ ਸਰਕਾਰ ਦੀ ਹਿਫਾਜ਼ਤ ਵੀ ਇਸ ਲਈ ਮਿਲ ਰਹੀ ਹੋਵੇ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
 


Related News