ਸੀਵਰੇਜ ਬੰਦ ਰਹਿਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

Thursday, Mar 15, 2018 - 01:04 AM (IST)

ਸੀਵਰੇਜ ਬੰਦ ਰਹਿਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

ਜ਼ੀਰਾ(ਗੁਰਮੇਲ)—ਸ਼ਹਿਰ 'ਚ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਸੀਵਰੇਜ ਅਕਸਰ ਬਲਾਕ ਰਹਿੰਦਾ ਹੈ ਅਤੇ ਸੀਵਰੇਜ ਦਾ ਗੰਦਾ ਪਾਣੀ ਮੈਨਹੋਲਾਂ ਰਾਹੀਂ ਓਵਰਫਲੋਅ ਹੋਣ ਕਾਰਨ ਸੜਕਾਂ 'ਤੇ ਤੇ ਗਲੀਆਂ 'ਚ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਸਥਾਨਕ ਲੋਕਾਂ ਅਤੇ ਰਾਹਗੀਰਾਂ ਲਈ ਮੁਸੀਬਤਾਂ ਖੜ੍ਹੀਆਂ ਹੋ ਜਾਂਦੀਆਂ ਹਨ ਪਰ ਅਫਸੋਸ ਕਿ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੋਵੇਂ ਇਸ ਦੀ ਸਾਫ-ਸਫਾਈ ਦੀ ਜ਼ਿੰਮੇਵਾਰੀ ਇਕ-ਦੂਜੇ ਉਪਰ ਸੁੱਟ ਰਹੇ ਹਨ ਅਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਗੌਰਤਲਬ ਹੈ ਕਿ ਬੀਤੇ ਵਰ੍ਹੇ ਸੀਵਰੇਜ ਪਾਈਪਾਂ ਪਾਉਣ ਤੋਂ ਬਾਅਦ ਕਈ ਥਾਈਂ ਨਿਕਾਸੀ ਨਾਲੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਲੋਕਾਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਕਦੇ ਵੀ ਸੀਵਰੇਜ ਦੀ ਸਫਾਈ ਲਈ ਕੋਈ ਉਚੇਚਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਅਕਸਰ ਸੀਵਰੇਜ ਬਲਾਕ ਹੋ ਜਾਣ ਕਾਰਨ ਪਾਣੀ ਓਵਰਫਲੋਅ ਹੋ ਕੇ ਸੜਕਾਂ 'ਤੇ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦ ਉਹ ਸੀਵਰੇਜ ਦੀ ਸਫਾਈ ਸਬੰਧੀ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਕਹਿੰਦੇ ਹਨ ਤਾਂ ਉਥੋਂ ਜਵਾਬ ਮਿਲਦਾ ਹੈ ਕਿ ਸੀਵਰੇਜ ਦੀ ਸਫਾਈ ਕਰਨ ਦੀ ਜ਼ਿੰੰਮੇਵਾਰੀ ਨਗਰ ਕੌਂਸਲ ਦੀ ਨਹੀਂ ਸਗੋਂ ਸੀਵਰੇਜ ਬੋਰਡ ਦੀ ਹੈ। ਇਸ ਸਬੰਧੀ ਪੱਖ ਜਾਣਨ ਲਈ ਜਦ ਨੀਰਜ ਗੋਇਲ ਜੇ. ਈ. ਸੀਵਰੇਜ ਬੋਰਡ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਾਂਭ-ਸੰਭਾਲ ਤੇ ਸਫਾਈ ਪ੍ਰਬੰਧ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੈ, ਜਦਕਿ ਕੌਂਸਲਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸੀਵਰੇਜ ਸਫਾਈ ਵਾਲੀ ਆਧੁਨਿਕ ਮਸ਼ੀਨ ਹੀ ਮੁਹੱਈਆ ਨਹੀਂ ਹੈ, ਜਿਸ ਸਬੰਧੀ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਹੈ।


Related News