5 ਮਹੀਨੇ ਦੇਸ਼ ਤੋਂ ਕੱਟਿਆ ਰਹਿੰਦੈ ਦਰਿਆ ਪਾਰ ਇਲਾਕਿਆਂ ਦਾ ਸੜਕ ਸੰਪਰਕ
Sunday, Jul 02, 2017 - 01:07 AM (IST)

ਗੁਰਦਾਸਪੁਰ (ਵਿਨੋਦ)-ਰਾਵੀ, ਉਜ ਤੇ ਜਲਾਲੀਆਂ ਦਰਿਆ ਦੇ ਨਾਲ-ਨਾਲ ਚੱਕੀ ਪੁਲ ਤੋਂ ਸਾਰੇ ਪਲਟੂਨ ਪੁਲ ਖੋਲ੍ਹ ਦਿੱਤੇ ਜਾਣ ਕਾਰਨ ਹੁਣ ਲੋਕਾਂ ਨੂੰ ਹਰ ਸਾਲ ਦੀ ਤਰ੍ਹਾਂ ਨਵੰਬਰ ਮਹੀਨੇ ਤੱਕ ਦਰਿਆ ਨੂੰ ਪਾਰ ਕਰਨ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪਵੇਗਾ। ਜ਼ਿਲਾ ਗੁਰਦਾਸਪੁਰ ਵਿਚ ਮਕੌੜਾ ਪੱਤਣ ਕੋਲ ਰਾਵੀ ਦਰਿਆ 'ਤੇ ਬਣਿਆ ਪਲਟੂਨ ਪੁਲ, ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਕੋਲ ਘਣੀਏ-ਕੇ ਬੇਟ ਇਲਾਕੇ ਵਿਚ ਜਾਣ ਲਈ ਬਣਿਆ ਪਲਟੂਨ ਪੁਲ ਸਮੇਤ ਜ਼ਿਲਾ ਪਠਾਨਕੋਟ ਵਿਚ ਜਲਾਲੀਆਂ ਦਰਿਆ 'ਤੇ ਬਣਿਆ ਪੁਲ ਤੇ ਚੱਕੀ ਦਰਿਆ ਤੇ ਸਿੰਬਲੀ-ਤਲਵਾੜਾ ਜੱਟਾਂ ਦੇ ਕੋਲ ਪਲਟੂਨ ਪੁਲ ਖੋਲ੍ਹ ਦਿੱਤੇ ਗਏ ਹਨ। ਸਿੰਚਾਈ ਵਿਭਾਗ ਅਨੁਸਾਰ ਹੜ੍ਹ ਦਾ ਮੌਸਮ 15 ਜੂਨ ਤੋਂ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਪਾਣੀ ਜ਼ਿਆਦਾ ਆਉਣ ਨਾਲ ਦਰਿਆਵਾਂ 'ਤੇ ਬਣੇ ਪਲਟੂਨ ਪੁਲ ਪਾਣੀ ਦੇ ਵਹਾਅ ਵਿਚ ਰੁੜ੍ਹ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਖਤਰੇ ਕਰ ਕੇ ਲੋਕ ਨਿਰਮਾਣ ਵਿਭਾਗ ਵੱਲੋਂ ਇਨ੍ਹਾਂ ਸਾਰੇ ਦਰਿਆਵਾਂ ਤੇ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਏ ਪਲਟੂਨ ਪੁਲ ਬਰਸਾਤ ਦੇ ਮੌਸਮ ਵਿਚ ਪਹਿਲਾਂ ਹੀ ਖੋਲ੍ਹ ਦਿੱਤੇ ਜਾਂਦੇ ਹਨ ਅਤੇ ਫਿਰ 15 ਨਵੰਬਰ ਤੋਂ ਇਹ ਪੁਲ ਬਣਾਏ ਜਾਂਦੇ ਹਨ। ਇਸੇ ਤਰ੍ਹਾਂ 5 ਮਹੀਨਿਆਂ ਤੱਕ ਰਾਵੀ ਦਰਿਆ ਦੇ ਪਾਰ ਵੱਸੇ ਭਰਿਆਲ, ਘਣੀਏ-ਕੇ-ਬੇਟ ਅਤੇ ਪਹਾੜੀਪੁਰ ਇਲਾਕਿਆਂ ਤੋਂ ਸੰਪਰਕ ਟੁੱਟ ਜਾਂਦਾ ਹੈ।
ਖਸਤਾਹਾਲ ਕਿਸ਼ਤੀ ਇਕ ਮਾਤਰ ਸਹਾਰਾ, ਵਿਦਿਆਰਥੀ ਪ੍ਰੇਸ਼ਾਨ
ਇਸ ਇਲਾਕੇ ਦੇ ਲੋਕਾਂ ਲਈ ਦਰਿਆ ਪਾਰ ਕਰਨ ਲਈ ਇਕ ਮਾਤਰ ਸਹਾਰਾ ਕਿਸ਼ਤੀ ਰਹਿ ਜਾਂਦੀ ਹੈ। ਜੇਕਰ ਕਿਸ਼ਤੀਆਂ ਦੀ ਹਾਲਤ ਵੇਖੀ ਜਾਵੇ ਤਾਂ ਵੈਸੇ ਹੀ ਇਸ ਵਿਚ ਬੈਠਣ ਤੋਂ ਪਹਿਲਾਂ ਦਿਲ ਕੰਬ ਜਾਂਦਾ ਹੈ। ਲੋਕਾਂ ਨੂੰ ਆਪਣੇ ਮੋਟਰਸਾਈਕਲ, ਸਾਈਕਲ, ਪਸ਼ੂ ਸਮੇਤ ਆਪਣਾ ਸਾਮਾਨ ਵੀ ਕਿਸ਼ਤੀ ਦੇ ਸਹਾਰੇ ਪਾਰ ਕਰਨਾ ਪੈਂਦਾ ਹੈ, ਜੋ ਕਿ ਬਹੁਤ ਹੀ ਜੋਖ਼ਮ ਵਾਲਾ ਕੰਮ ਹੈ। ਦਰਿਆ ਦੇ ਪਾਰ ਪਿੰਡਾਂ 'ਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦੀਨਾਨਗਰ, ਬਹਿਰਾਮਪੁਰ, ਗੁਰਦਾਸਪੁਰ ਆਦਿ ਆਉਣਾ-ਜਾਣਾ ਪੈਂਦਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਆਰ-ਪਾਰ ਜਾਣ ਲਈ ਇਕ ਮਾਤਰ ਕਿਸ਼ਤੀ ਹੀ ਸਹਾਰਾ ਹੁੰਦੀ ਹੈ ਤੇ ਕਈ ਵਾਰ ਸਵਾਰੀਆਂ ਘੱਟ ਹੋਣ ਕਾਰਨ ਕਿਸ਼ਤੀ ਲੇਟ ਚਲਦੀ ਹੈ ਅਤੇ ਦਰਿਆ ਵਿਚ ਪਾਣੀ ਜ਼ਿਆਦਾ ਆ ਜਾਣ ਕਾਰਨ ਕਿਸ਼ਤੀ ਦਰਿਆ ਵਿਚ ਚਲਾਈ ਨਹੀਂ ਜਾਂਦੀ, ਜਿਸ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦਰਿਆ ਵਿਚ ਪਾਣੀ ਜ਼ਿਆਦਾ ਹੋਣ 'ਤੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਹੀ ਨਹੀਂ ਹਨ ਤੇ ਜਦੋਂ ਪ੍ਰੀਖਿਆਵਾਂ ਹੋਣ ਤਾਂ ਇਹ ਪ੍ਰੀਖਿਆਵਾਂ ਦੇਣ 'ਚ ਵੀ ਵਾਂਝੇ ਰਹਿ ਜਾਂਦੇ ਹਨ।
ਬੀਮਾਰ ਹੋਣ 'ਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਕਰਦੇ ਹਨ ਮਦਦ
ਜਦੋਂ ਇਨ੍ਹਾਂ ਇਲਾਕਿਆਂ 'ਚ ਕੋਈ ਔਰਤ ਜਾਂ ਪੁਰਸ਼ ਬਹੁਤ ਜ਼ਿਆਦਾ ਬੀਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਦਰਿਆ ਪਾਰ ਲਿਆਉਣ ਲਈ ਸਿਰਫ ਸੀਮਾ ਸੁਰੱਖਿਆ ਬਲ ਦੇ ਜਵਾਨ ਹੀ ਸਹਾਰਾ ਬਣਦੇ ਹਨ। ਉਹੀ ਆਪਣਾ ਵਾਹਨ ਮੁਹੱਈਆ ਕਰਵਾ ਕੇ ਬੀਮਾਰ ਵਿਅਕਤੀ ਨੂੰ ਦਰਿਆ ਦੇ ਪਾਰ ਭੇਜਦੇ ਹਨ। ਇਹੀ ਕਾਰਨ ਹੈ ਕਿ ਹੜ੍ਹ ਦੇ ਦਿਨਾਂ 'ਚ ਦਰਿਆ ਪਾਰ ਦੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਦਾ ਸਹਾਰਾ ਇਹ ਸੀਮਾ ਸੁਰੱਖਿਆ ਬਲ ਦੇ ਜਵਾਨ ਹੀ ਹੁੰਦੇ ਹਨ।
ਦੋ ਦਰਜਨ ਪਿੰਡਾਂ ਲਈ ਖੋਲ੍ਹਿਆ ਚੱਕੀ ਦਰਿਆ 'ਤੇ ਬਣਿਆ ਪੁਲ
ਘਰੋਟਾ ਇਲਾਕੇ ਦੇ ਸਾਹਮਣੇ ਚੱਕੀ ਦਰਿਆ ਤੇ ਸਿੰਬਲੀ-ਤਲਵਾੜਾ ਜੱਟਾਂ 'ਤੇ ਇਕ ਪਲਟੂਨ ਪੁਲ ਬਣਿਆ ਹੋਇਆ ਹੈ। ਵੈਸੇ ਤਾਂ ਇਹ ਪੁਲ ਕਾਫੀ ਸਮਾਂ ਪਹਿਲਾਂ ਹੀ ਹਾਦਸਾਗ੍ਰਸਤ ਹੋ ਗਿਆ ਸੀ ਤੇ ਬੰਦ ਕਰ ਦਿੱਤਾ ਗਿਆ ਸੀ ਪਰ ਲੋਕ ਨਿਰਮਾਣ ਵਿਭਾਗ ਨੇ ਹੁਣ ਇਸ ਨੂੰ ਵੀ ਖੋਲ੍ਹ ਦਿੱਤਾ ਹੈ। ਇਸ ਇਲਾਕੇ ਦੇ ਲੋਕਾਂ ਨੂੰ ਨੰਗਲਭੂਰ ਜਾਂ ਹਿਮਾਚਲ ਪ੍ਰਦੇਸ਼ ਜਾਣ ਲਈ ਵਾਇਆ ਪਠਾਨਕੋਟ ਜਾਣਾ ਪੈਂਦਾ ਹੈ, ਜਿਸ ਕਾਰਨ 30 ਤੋਂ 35 ਕਿਲੋਮੀਟਰ ਵਾਧੂ ਸਫਰ ਤੈਅ ਕਰਨਾ ਪੈਂਦਾ ਹੈ ਜਦਕਿ ਗਰੀਬ ਪਰਿਵਾਰਾਂ ਲਈ ਇਕ ਕਿਸ਼ਤੀ ਰੱਖੀ ਜਾਂਦੀ ਹੈ। ਦਰਿਆ ਵਿਚ ਪਾਣੀ ਜ਼ਿਆਦਾ ਹੋਣ ਕਾਰਨ ਇਥੇ ਕਿਸ਼ਤੀ ਨੂੰ ਰੱਸੇ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ ਤੇ ਰਸਤੇ 'ਚੋਂ ਹੀ ਖਿੱਚ ਕੇ ਦਰਿਆ ਪਾਰ ਲਿਜਾਇਆ ਜਾਂਦਾ ਹੈ। ਇਸ ਕਿਸ਼ਤੀ ਦਾ ਸਫਰ ਬਹੁਤ ਹੀ ਖਤਰਨਾਕ ਹੈ।
ਹਰ ਚੋਣ 'ਚ ਪੁਲ ਮੁੱਦਾ ਬਣਦੇ ਹਨ ਪਰ ਸਰਕਾਰ ਬਣਦੇ ਭੁੱਲ ਜਾਂਦੈ ਹਨ ਸੱਤਾਧਾਰੀ
ਮਕੌੜਾ ਪੱਤਣ ਦੀਨਾਨਗਰ ਵਿਧਾਨ ਸਭਾ ਇਲਾਕੇ ਵਿਚ ਆਉਂਦਾ ਹੈ ਜਦਕਿ ਘਣੀਏ-ਕੇ-ਬੇਟ ਇਲਾਕਾ ਡੇਰਾ ਬਾਬਾ ਨਾਨਕ ਵਿਧਾਨ ਸਭਾ ਦਾ ਹਿੱਸਾ ਹੈ। ਇਸੇ ਤਰ੍ਹਾਂ ਜਲਾਲੀਆਂ ਦਰਿਆ ਦੇ ਪਾਰ ਦੇ ਪਿੰਡ ਭੋਆ ਵਿਧਾਨ ਸਭਾ ਤੇ ਚੱਕੀ ਦਰਿਆ ਦੇ ਘਰੋਟਾ ਆਦਿ ਇਲਾਕੇ ਪਠਾਨਕੋਟ ਵਿਧਾਨ ਸਭਾ ਹਲਕੇ ਦੇ ਹਿੱਸੇ ਹਨ। ਇਹ ਸਾਰੇ ਪਲਟੂਨ ਪੁਲ ਦੇ ਸਥਾਨ 'ਤੇ ਸਥਾਈ ਪੁਲ ਬਣਾਉਣ ਦੀ ਮੰਗ ਹਰੇਕ ਚੋਣ ਵਿਚ ਉੱਠਦੀ ਹੈ ਅਤੇ ਚੋਣ ਤੋਂ ਬਾਅਦ ਇਹ ਮਾਮਲਾ ਫਿਰ ਠੱਪ ਹੋ ਜਾਂਦਾ ਹੈ।
ਚੋਣਾਂ ਸਮੇਂ ਸਾਰੇ ਰਾਜਨੀਤਿਕ ਦਲਾਂ ਦੇ ਨੇਤਾ ਇਨ੍ਹਾਂ ਦਰਿਆਵਾਂ 'ਤੇ ਸਥਾਈ ਪੁਲ ਬਣਾਉਣ ਦਾ ਵਾਅਦਾ ਕਰਦੇ ਹਨ ਜਦਕਿ ਚੋਣਾਂ ਖਤਮ ਹੁੰਦਿਆਂ ਹੀ ਇਹ ਵਾਅਦਾ ਭੁੱਲ ਜਾਂਦੇ ਹਨ। ਚੋਣਾਂ ਤੋਂ ਬਾਅਦ ਇਨ੍ਹਾਂ ਇਲਾਕਿਆਂ 'ਚ ਕੋਈ ਨੇਤਾ ਜਾਂਦਾ ਹੀ ਨਹੀਂ। ਇਨ੍ਹਾਂ ਦਰਿਆਵਾਂ 'ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਕਈ ਸੰਘਰਸ਼ ਵੀ ਹੋਏ ਪਰ ਕੁਝ ਲਾਭ ਨਹੀਂ ਹੋਇਆ। ਇਹੀ ਕਾਰਨ ਹੈ ਕਿ ਇਹ ਸਾਰੇ ਇਲਾਕੇ ਬਹੁਤ ਹੀ ਪੱਛੜੇ ਹੋਏ ਹਨ ਤੇ ਦਰਿਆਵਾਂ ਵਿਚ ਹੜ੍ਹ ਆਉਣ 'ਤੇ ਪੂਰੇ ਦੇਸ਼ ਤੋਂ ਕੱਟ ਕੇ ਰਹਿ ਜਾਂਦੇ ਹਨ।