ਮਾਛੀਵਾੜਾ ਨੇੜੇ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਸੁਰੱਖਿਅਤ, ਅਫ਼ਵਾਹਾਂ ''ਤੇ ਯਕੀਨ ਨਾ ਕਰਨ ਲੋਕ : SSP

Tuesday, Sep 02, 2025 - 01:57 PM (IST)

ਮਾਛੀਵਾੜਾ ਨੇੜੇ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਸੁਰੱਖਿਅਤ, ਅਫ਼ਵਾਹਾਂ ''ਤੇ ਯਕੀਨ ਨਾ ਕਰਨ ਲੋਕ : SSP

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜੇ ਵੱਗਦੇ ਸਤਲੁਜ ਦਰਿਆ ਦੇ ਨਾਜ਼ੁਕ ਸਥਾਨ ਪਿੰਡ ਧੁੱਲੇਵਾਲ ਦੇ ਧੁੱਸੀ ਬੰਨ੍ਹ ਦਾ ਅੱਜ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਡਾ. ਜੋਤੀ ਯਾਦਵ ਵਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹ ਪਿੰਡਾਂ ਦੀਆਂ ਔਰਤਾਂ ਨਾਲ ਮਿਲੇ ਅਤੇ ਉਨ੍ਹਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਸਤਲੁਜ ਦਰਿਆ ਕਿਨਾਰੇ ਵੱਸਦੇ ਪਿੰਡਾਂ ਦੇ ਲੋਕਾਂ ਦੀ ਜਾਨ, ਮਾਲ ਰੱਖਿਆ ਲਈ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ’ਤੇ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਨੇ ਕਿਹਾ ਕਿ ਮਾਛੀਵਾੜਾ ਨੇੜੇ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਕੁੱਝ ਘਟਿਆ ਹੈ ਅਤੇ ਜਿੱਥੇ ਵੀ ਜ਼ਮੀਨ ਨੂੰ ਖੋਰਾ ਲੱਗਿਆ ਹੈ, ਉੱਥੇ ਫਿਰ ਤੋਂ ਮਜ਼ਦੂਰਾਂ ਵਲੋਂ ਬੋਰੀਆਂ ਲਗਾਉਣ ਦਾ ਕੰਮ ਜਾਰੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੁਲਸ ਜ਼ਿਲ੍ਹਾ ਖੰਨਾ ਦੀ ਹੱਦ ਖ਼ਤਮ ਹੁੰਦਿਆਂ ਹੀ ਰੋਪੜ ਜ਼ਿਲ੍ਹੇ ਦੀ ਸ਼ੁਰੂਆਤ ’ਤੇ ਪਿੰਡ ਫੱਸਿਆ ਵਿਖੇ ਵੀ ਸਤਲੁਜ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਨੂੰ ਢਾਹ ਲਗਾ ਰਿਹਾ ਹੈ ਪਰ ਉੱਥੇ ਵੀ ਵੱਡੇ ਪੱਧਰ ’ਤੇ ਰਾਹਤ ਕਾਰਜ ਜਾਰੀ ਹਨ ਤਾਂ ਜੋ ਬੰਨ੍ਹ ਨੂੰ ਕੋਈ ਨੁਕਸਾਨ ਨਾ ਹੋਵੇ।

PunjabKesari
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਘਟ ਕੇ 70 ਹਜ਼ਾਰ ਕਿਊਸਿਕ ’ਤੇ ਪੁੱਜਾ
2 ਦਿਨ ਦੀ ਬਾਰਸ਼ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ 1.25 ਲੱਖ ਕਿਊਸਿਕ ’ਤੇ ਪੁੱਜ ਚੁੱਕਾ ਸੀ, ਜੋ ਕਿ ਹੁਣ ਘੱਟ ਕੇ 70 ਹਜ਼ਾਰ ਕਿਊਸਿਕ ’ਤੇ ਰਹਿ ਗਿਆ ਹੈ। ਅੱਜ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਘਟਣ ਕਾਰਨ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਕੁੱਝ ਰਾਹਤ ਦਿਖਾਈ ਦਿੱਤੀ। ਜੇਕਰ ਬਾਰਸ਼ ਰੁਕ ਗਈ ਤਾਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਮੰਡਰਾ ਰਿਹਾ ਖ਼ਤਰਾ ਟਲ ਜਾਵੇਗਾ। ਬੇਟ ਇਲਾਕੇ ਦੇ ਪਿੰਡਾਂ ਦੇ ਲੋਕਾਂ ਵਲੋਂ ਪਰਮਾਤਮਾ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਕਿ ਮੀਂਹ ਰੁਕ ਜਾਵੇ ਤਾਂ ਜੋ ਉਨ੍ਹਾਂ ’ਤੇ ਜੋ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ, ਉਹ ਵੀ ਟਲ ਜਾਵੇ।


author

Babita

Content Editor

Related News