ਕਈ ਇਲਾਕਿਆਂ ''ਚ 4-4 ਫੁੱਟ ਪਾਣੀ ਭਰਿਆ, ਸੈਂਕੜੇ ਘਰਾਂ ''ਚ ਵੜਿਆ ਪਾਣੀ

06/30/2017 2:57:32 AM

ਬਠਿੰਡਾ(ਪਰਮਿੰਦਰ)-ਨਗਰ ਨਿਗਮ ਤੇ ਜ਼ਿਲਾ ਪ੍ਰਸ਼ਾਸਨ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਸਾਰੇ ਦਾਅਵੇ ਵੀਰਵਾਰ ਤੜਕੇ ਕਰੀਬ 3 ਵਜੇ ਸ਼ੁਰੂ ਹੋ ਕੇ ਕਰੀਬ 5 ਘੰਟਿਆਂ ਤੱਕ ਹੋਈ 77.2 ਐੱਮ.ਐੱਮ. ਬਾਰਿਸ਼ 'ਚ ਡੁੱਬ ਗਏ। ਬਰਸਾਤੀ ਪਾਣੀ ਦੀ ਨਿਕਾਸੀ ਲਈ ਦਾਅਵੇ ਜ਼ਿਆਦਾ ਕੀਤੇ ਪਰ ਤਿਆਰੀਆਂ ਘੱਟ ਕੀਤੀਆਂ ਗਈਆਂ, ਜਿਸ ਦਾ ਨਤੀਜਾ ਸ਼ਹਿਰ ਦੇ ਲੋਕਾਂ ਨੂੰ ਭੁਗਤਣਾ ਪਿਆ। ਨਿਗਮ ਨੇ ਸ਼ਹਿਰ ਦੇ ਪਾਣੀ ਤੋਂ ਬਚਣ ਲਈ ਕੋਈ ਪ੍ਰਬੰਧ ਨਹੀਂ ਕੀਤਾ। ਪਾਣੀ ਸਾਂਭਣ ਵਾਲੇ ਛੱਪੜਾਂ ਦੀ ਡੀਸਿਲਟਿੰਗ ਨਹੀਂ ਕਰਵਾਈ ਗਈ ਤੇ ਨਾ ਹੀ ਸੀਵਰੇਜ ਦੀ ਸਫਾਈ ਹੋਈ। ਇਹੀ ਨਹੀਂ ਸ਼ਹਿਰ ਤੋਂ ਪਾਣੀ ਬਾਹਰ ਲਿਜਾਣ ਵਾਲੇ ਸਲੱਜ ਕੈਰੀਅਰ (ਗੰਦਾ ਨਾਲਾ) ਵੀ ਅੱਧ ਵਿਚਕਾਰ ਲਟਕਿਆ ਹੋਇਆ ਹੈ। ਇਸੇ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਤਾਂ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਤੇ ਪਾਣੀ ਨੇ ਸ਼ਹਿਰ ਦੇ ਕਈ ਹਿੱਸਿਆਂ ਨੂੰ ਇਕ ਦੂਜੇ ਤੋਂ ਕੱਟ ਦਿੱਤਾ। ਇਸ ਕਰਕੇ ਜ਼ਿਆਦਾਤਰ ਲੋਕ ਘਰਾਂ 'ਚ ਦੁਬਕੇ ਰਹੇ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸੈਂਕੜੇ ਘਰਾਂ ਅੰਦਰ ਪਾਣੀ ਦਾਖਲ ਹੋ ਗਿਆ। ਇਹੀ ਨਹੀਂ ਬਾਰਿਸ਼ ਦੇ ਪਾਣੀ ਤੋਂ ਡੀ. ਸੀ., ਐੱਸ.ਐੱਸ.ਪੀ. ਤੇ ਹੋਰ ਅਧਿਕਾਰੀ ਵੀ ਨਹੀਂ ਬਚ ਸਕੇ ਤੇ ਅਧਿਕਾਰੀਆਂ ਦੇ ਘਰਾਂ ਸਾਹਮਣੇ ਵੀ 2-3 ਫੁੱਟ ਪਾਣੀ ਭਰਿਆ ਰਿਹਾ।
ਨਿਗਮ ਦੀਆਂ ਅਧੂਰੀਆਂ ਤਿਆਰੀਆਂ ਕਾਰਨ ਡੁੱਬਿਆ ਸ਼ਹਿਰ
ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਈ ਮੀਟਿੰਗਾਂ ਕਰ ਕੇ ਲੋਕਾਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਵਿਚਾਰ-ਵਟਾਂਦਰਾ ਤਾਂ ਕੀਤਾ ਗਿਆ ਪਰ ਇਸ ਨੂੰ ਅਮਲ 'ਚ ਨਹੀਂ ਲਿਆਂਦਾ ਗਿਆ। ਨਗਰ ਨਿਗਮ ਨੇ ਬਰਸਾਤੀ ਪਾਣੀ ਨੂੰ ਸੰਭਾਲਣ ਲਈ ਛੱਪੜਾਂ ਦੀ ਸਫਾਈ ਨਹੀਂ ਕਰਵਾਈ। ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੇ ਦੱਸਿਆ ਕਿ ਬਾਰਿਸ਼ ਲਗਭਗ ਅੱਧੀ ਰਾਤ ਤੋਂ ਹੀ ਹੋ ਰਹੀ ਸੀ ਪਰ ਪਾਣੀ ਕੱਢਣ ਵਾਲੀਆਂ ਡਿਸਪੋਜ਼ਲਾਂ ਦੀਆਂ ਮੋਟਰਾਂ ਨੂੰ ਸਮੇਂ 'ਤੇ ਨਹੀਂ ਚਲਾਇਆ ਗਿਆ, ਜਿਸ ਕਾਰਨ ਇਲਾਕੇ ਵਿਚ ਪਾਣੀ ਭਰ ਗਿਆ। ਇਹ ਵੀ ਜ਼ਿਕਰਯੋਗ ਹੈ ਕਿ ਬਰਸਾਤੀ ਪਾਣੀ ਨੂੰ ਸੀਵਰੇਜ ਰਾਹੀਂ ਸ਼ਹਿਰ ਤੋਂ ਬਾਹਰ ਕੱਢਣ ਲਈ ਬਣਾਏ ਗਏ ਸਲੱਜ ਕੈਰੀਅਰ ਦੀ ਹਾਲਤ ਵੀ ਠੀਕ ਨਹੀਂ ਹੈ ਤੇ ਉਕਤ ਸਲੱਜ ਕੈਰੀਅਰ ਕਈ ਵਾਰ ਟੁੱਟ ਚੁੱਕਾ ਹੈ। ਫਿਰ ਤੋਂ ਟੁੱਟਣ ਦੇ ਡਰ ਕਾਰਨ ਉਕਤ ਸਲੱਜ ਕੈਰੀਅਰ 'ਤੇ ਇਕਦਮ ਪਾਣੀ ਦਾ ਬੋਝ ਨਹੀਂ ਪਾਇਆ ਜਾ ਸਕਦਾ। ਇਸ ਦੇ ਨਾਲ ਹੀ ਪ੍ਰਸਤਾਵਿਤ ਨਵੇਂ ਡਿਸਪੋਜ਼ਲ ਵੀ ਤਿਆਰ ਨਹੀਂ ਹੋ ਸਕੇ, ਜਿਸ ਕਾਰਨ ਪਾਣੀ ਨਹੀਂ ਨਿਕਲ ਸਕਿਆ। ਸ਼ਹਿਰ ਦੇ ਡੁੱਬਣ ਕਾਰਨ ਸੀਵਰੇਜ ਪ੍ਰਾਜੈਕਟ 'ਤੇ ਕੰਮ ਕਰ ਰਹੀ ਤ੍ਰਿਵੇਣੀ ਕੰਪਨੀ ਵੀ ਸਵਾਲਾਂ ਦੇ ਘੇਰੇ ਵਿਚ ਆ ਚੁਕੀ ਹੈ।
3 ਫੁੱਟ ਪਾਣੀ ਭਰਨ ਨਾਲ ਸਿਰਕੀ ਬਾਜ਼ਾਰ ਰਿਹਾ ਬੰਦ
ਮਹਾਨਗਰ 'ਚ ਹੋਈ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਸਿਰਕੀ ਬਾਜ਼ਾਰ 'ਚ ਲਗਭਗ 3 ਫੁੱਟ ਪਾਣੀ ਭਰ ਗਿਆ, ਜਿਸ ਕਾਰਨ ਪੂਰਾ ਬਾਜ਼ਾਰ ਬੰਦ ਰਿਹਾ ਤੇ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਦੁਕਾਨਾਂ 'ਚ ਪਾਣੀ ਦਾਖਲ ਹੋਣ ਕਾਰਨ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਹੋਇਆ। ਮੇਅਰ ਬਲਵੰਤ ਰਾਏ ਨਾਥ ਨੇ ਵੀ ਮੌਕੇ ਦਾ ਦੌਰਾ ਕਰ ਕੇ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਪਰ ਉਹ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕੇ। ਸਿਰਕੀ ਬਾਜ਼ਾਰ ਤੋਂ ਇਲਾਵਾ ਪਾਵਰ ਹਾਊਸ ਰੋਡ, ਸਿਵਲ ਲਾਈਨ ਖੇਤਰ, ਭੱਟੀ ਰੋਡ, ਪਰਸਰਾਮ ਨਗਰ, ਜੀ.ਟੀ.ਰੋਡ, ਧੋਬੀਆਣਾ ਬਸਤੀ, ਹਾਜ਼ੀਰਤਨ, ਲਾਲ ਸਿੰਘ ਬਸਤੀ ਤੇ ਹੋਰ ਕਈ ਇਲਾਕਿਆਂ ਵਿਚ 2 ਤੋਂ 4 ਫੁੱਟ ਤੱਕ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੁੱਖ ਸਬਜ਼ੀ ਮੰਡੀ 'ਚ ਬਾਰਿਸ਼ ਦਾ ਪਾਣੀ ਭਰਨ ਕਾਰਨ ਵਪਾਰੀਆਂ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਪੇਸ਼ ਆਈਆਂ।
ਟਰੈਕਟਰ ਤੇ ਰਿਕਸ਼ਾ ਚਾਲਕਾਂ ਨੇ ਕੀਤੀਆਂ ਖੂਬ ਕਮਾਈਆਂ
ਵੱਖ-ਵੱਖ ਇਲਾਕਿਆਂ 'ਚ ਭਰੇ ਪਾਣੀ ਕਾਰਨ ਵੱਡੀ ਗਿਣਤੀ 'ਚ ਵਾਹਨ ਪਾਣੀ 'ਚ ਬੰਦ ਹੋ ਗਏ ਜਦਕਿ ਲੋਕਾਂ ਨੂੰ ਪਾਣੀ 'ਚੋਂ ਨਿਕਲਣ ਲਈ ਰਿਕਸ਼ਿਆਂ ਦਾ ਸਹਾਰਾ ਲੈਣਾ ਪਿਆ। ਅਜਿਹੇ ਵਿਚ ਬੰਦ ਵਾਹਨਾਂ ਨੂੰ ਪਾਣੀ 'ਚੋਂ ਕੱਢਣ ਵਾਲੇ ਟਰੈਕਟਰ ਚਾਲਕਾਂ ਨੇ ਖੂਬ ਕਮਾਈ ਕੀਤੀ ਜਦਕਿ ਰਿਕਸ਼ਾ ਚਾਲਕਾਂ ਦੀ ਵੀ ਚਾਂਦੀ ਰਹੀ। ਮਾਨਸਾ ਰੋਡ 'ਤੇ ਸਥਿਤ ਅੰਡਰਬ੍ਰਿਜ ਵਿਖੇ ਭਾਰੀ ਮਾਤਰਾ 'ਚ ਪਾਣੀ ਭਰ ਗਿਆ, ਜਿਸ ਕਾਰਨ ਬੱਸ ਸਮੇਤ ਕਈ ਵਾਹਨ ਬੰਦ ਹੋ ਗਏ। ਉਥੇ ਹੀ ਟਰੈਕਟਰ ਚਾਲਕਾਂ ਨੇ ਬੰਦ ਗੱਡੀਆਂ ਨੂੰ ਪਾਣੀ 'ਚੋਂ ਕੱਢਣ ਲਈ 200 ਰੁਪਏ ਪ੍ਰਤੀ ਗੱਡੀ ਚਾਰਜ ਕੀਤੇ। ਪੂਰਾ ਦਿਨ ਇਹ ਸਿਲਸਿਲਾ ਚਲਦਾ ਰਿਹਾ।


Related News