ਠੇਕੇਦਾਰ ਨੇ ਗਲੀਆਂ-ਨਾਲੀਆਂ ਦਾ ਕੰਮ ਅੱਧਵਾਟੇ ਛੱਡਿਆ

Sunday, Jun 11, 2017 - 12:14 AM (IST)

ਠੇਕੇਦਾਰ ਨੇ ਗਲੀਆਂ-ਨਾਲੀਆਂ ਦਾ ਕੰਮ ਅੱਧਵਾਟੇ ਛੱਡਿਆ

ਮੰਡੀ ਘੁਬਾਇਆ(ਕੁਲਵੰਤ)-ਪਿੰਡ ਫੱਤੂਵਾਲਾ 'ਚ ਠੇਕੇਦਾਰ ਗਲੀਆਂ-ਨਾਲੀਆਂ ਦਾ ਕੰਮ ਅੱਧਵਾਟੇ ਛੱਡ ਕੇ ਚੱਲਦਾ ਬਣਿਆ, ਜਿਸ ਕਾਰਨ ਪਿੰਡ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਕਾਸੀ ਨਾ ਹੋਣ ਕਾਰਨ ਨਾਲੀਆਂ 'ਚ ਖੜ੍ਹਾ ਗੰਦਾ ਪਾਣੀ ਬਦਬੂ ਮਾਰ ਰਿਹਾ ਹੈ, ਜਿਸ ਕਰਕੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਫੱਤੂਵਾਲਾ ਦੇ ਵਸਨੀਕਾਂ ਮੋਹਨ ਸਿੰਘ, ਬਲਕਾਰ ਸਿੰਘ, ਗੁਰਦੇਵ ਸਿੰਘ, ਪਰਮਜੀਤ ਸਿੰਘ, ਮਹਿੰਦਰ ਸਿੰਘ, ਅਮਰੀਕ ਸਿੰਘ, ਸੋਹਣ ਸਿੰਘ ਤੇ ਸੁੱਚਾ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਦਿਨ ਆਈ ਜ਼ੋਰਦਾਰ ਬਾਰਿਸ਼ ਨਾਲ ਕਈ ਥਾਵਾਂ 'ਤੇ ਸੜਕ ਤੋਂ ਨਾਲੀਆਂ ਦੀ ਕ੍ਰਾਸਿਗ ਨਾ ਹੋਣ ਕਾਰਨ ਗਲੀਆਂ-ਨਾਲੀਆਂ ਦਾ ਪਾਣੀ ਕਈ ਘਰਾਂ 'ਚ ਦਾਖਲ ਹੋ ਗਿਆ ਤੇ ਕਈ ਖਾਲਿਆਂ ਦੀ ਨਿਕਾਸੀ ਨਾ ਹੋਣ ਕਰਕੇ ਉਹ ਗੰਦਾ ਪਾਣੀ ਘਰਾਂ ਦੇ ਅੱਗੇ ਖੜ੍ਹਾ ਰਹਿੰਦਾ ਹੈ। ਖੜ੍ਹੇ ਪਾਣੀ 'ਚ ਮੱਛਰਾਂ ਦੀ ਭਰਮਾਰ ਹੈ, ਜਿਸ ਕਾਰਨ ਕਈ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗਲੀਆਂ-ਨਾਲੀਆਂ ਪੂਰੀਆਂ ਕਰਵਾਉਣ ਸੰਬੰਧੀ ਉਨ੍ਹਾਂ ਮਹਿਕਮੇ ਦੇ ਐੱਸ. ਡੀ. ਓ. ਤੇ ਜੇ. ਈ. ਨੂੰ ਕਈ ਵਾਰ ਜਾਣੂ ਕਰਵਾਇਆ ਪਰ ਉਨ੍ਹਾਂ ਵੱਲੋਂ ਹੁਣ ਤਕ ਕੋਈ ਹੱਲ ਨਹੀਂ ਕੀਤਾ ਗਿਆ ਪਰ ਪਤਾ ਨਹੀਂ ਮਹਿਕਮੇ ਦੀ ਲਾਪ੍ਰਵਾਹੀ ਹੈ ਜਾਂ ਠੇਕੇਦਾਰ ਆਪਣੀ ਧੌਂਸ ਜਮਾਉਂਦਾ ਹੋਇਆ ਕੰਮ ਅੱਧ-ਵਿਚਾਲੇ ਛੱਡ ਗਿਆ, ਜਿਸ ਕਰਕੇ ਲੋਕਾਂ 'ਚ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਦਾ ਗਲੀਆਂ-ਨਾਲੀਆਂ ਦਾ ਰਹਿੰਦਾ ਕੰਮ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ। ਇਸ ਸੰਬੰਧੀ ਜੇ. ਈ. ਨੇ ਕਿਹਾ ਕਿ ਠੇਕੇਦਾਰ ਨੂੰ ਮਿਲ ਕੇ ਇਸ ਦਾ ਜਲਦ ਹੀ ਹੱਲ ਕੱਢਿਆ ਜਾਵੇਗਾ ਤਾਂ ਜੋ ਪਿੰਡ ਵਾਸੀਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


Related News