ਜੈਵਿਕ-ਵਿਭਿੰਨਤਾ ਦੇ ਨਾਸ਼ ਕਾਰਨ ਮੁਹਾਲ ਹੋ ਜਾਵੇਗਾ ਸਾਡਾ ਜਿਉਣਾ

Saturday, Jun 06, 2020 - 08:31 AM (IST)

ਜੈਵਿਕ-ਵਿਭਿੰਨਤਾ ਦੇ ਨਾਸ਼ ਕਾਰਨ ਮੁਹਾਲ ਹੋ ਜਾਵੇਗਾ ਸਾਡਾ ਜਿਉਣਾ

ਕਪੂਰਥਲਾ : ਜੰਗਲਾਂ ਦੀ ਕਟਾਈ, ਜੰਗਲੀ ਜੀਵਾਂ ਦੇ ਟਿਕਾਣਿਆਂ 'ਤੇ ਕਬਜ਼ੇ ਹੋਣ ਕਾਰਨ ਹੋ ਰਹੇ ਜੰਗਲੀ ਜੀਵਾਂ ਦੇ ਖਾਤਮੇ, ਸਾਲ ਵਿਚ ਇਕ ਤੋਂ ਵੱਧ ਫ਼ਸਲਾਂ ਲੈਣ ਦੀ ਲਾਲਸਾ ਸਮੇਤ ਮਨੁੱਖੀ ਗਤੀਵਿਧੀਆਂ ਦੇ ਕਾਰਨ ਜਲਵਾਯੂ ਇੰਨੀ ਤੇਜ਼ੀ ਨਾਲ ਬਦਲ ਰਿਹਾ ਹੈ ਕਿ ਇਸ ਨੇ ਕੁਦਰਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜੇਕਰ ਅਸੀਂ ਇਸੇ ਹੀ ਰਾਹ *ਤੇ ਚਲਦੇ ਰਹੇ ਅਤੇ ਜੈਵਿਕ-ਵਿਭਿੰਨਤਾ ਦਾ ਖਤਾਮਾ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਾਡਾ ਜਿਉਣਾ ਮੁਸ਼ਕਲ ਹੋ ਜਾਵੇਗਾ। ਸਾਡੇ ਖਾਣ ਲਈ ਕੁਝ ਨਹੀਂ ਰਹੇਗਾ ਅਤੇ ਨਾ ਹੀ ਸਾਡੇ ਰਹਿਣ ਲਈ  ਸਵੱਛ ਵਾਤਾਵਰਣ ਰਹੇਗਾ। ਕੋਵਿਡ -19 ਮਹਾਮਾਰੀ ਦਾ ਸੰਕਟ  ਸਾਡੇ  ਸਾਰਿਆਂ ਸਾਹਮਣੇ ਇਕ ਜਿਉਦੀਂ ਜਾਗਦੀ ਮਿਸਾਲ ਹੈ। ਜਦੋਂ ਅਸੀਂ ਜੈਵਿਕ-ਵਿਭਿੰਨਤਾ ਦਾ ਨਾਸ਼ ਕਰਾਂਗੇ ਤਾਂ ਸਾਡੀ ਜ਼ਿੰਦਗੀ ਖਤਰੇ ਵਿਚ ਪੈ ਜਾਵੇਗੀ। ਕੁਦਰਤ ਨੇ ਸਾਨੂੰ ਇਹ ਸੰਦੇਸ਼ ਦਿੱਤਾ ਹੈ। ਜੈਵਿਕ-ਵਿਭਿੰਨਤਾਂ ਨੂੰ ਬਚਾਉਣ ਲਈ ਹੁਣ ਸਾਨੂੰ ਇਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ। ਜੇਕਰ ਅਸੀਂ ਹੁਣ ਦੇਰ ਕੀਤੀ ਤਾਂ ਇਸ ਦੇ ਬਹੁਤ ਭਿਆਨਕ ਸਿੱਟੇ ਭੁਗਤਣੇ ਪੈਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਮੁੱਖ ਸਕੱਤਰ ਵਿਗਿਆਨ ਤਕਨਾਲੌਜੀ ਤੇ ਵਾਤਾਵਰਣ ਪੰਜਾਬ,ਸ੍ਰੀ ਅਲੋਕ ਸ਼ੇਖਰ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਰਵਾਏ ਗਏ ਵੈੱਬਨਾਰ ਮੌਕੇ ਕੀਤਾ।

ਇਸ ਵੈੱਬਨਾਰ ਦੀ ਮੇਜ਼ਬਾਨੀ ਕਰਦਿਆਂ ਡਾ. ਨੀਲਿਮਾ ਜੇਰਥ ਡਾਇਰੈਕਟਰ ਜਨਰਲ ਸਾਇੰਸ ਸਿਟੀ ਨੇ ਕਿਹਾ ਕਿ ਮਨੱਖ ਧਰਤੀ ਦੀ ਸਮਰੱਥਾਂ ਤੋਂ ਪਰੇ ਹੋ ਕੇ ਕੁਦਰਤੀ ਸਰੋਤਾਂ ਦੀ ਵਰਤੋਂ ਕਰ ਰਿਹਾ। ਜਿਹੜੀ ਕਿ ਸਾਡੇ ਸਰਿਆਂ ਦੇ ਵਾਤਾਵਰਣ ਦੀ ਸਰੁੱਖਿਆਂ ਲਈ ਖਤਰੇ ਦੀ ਘੰਟੀ ਹੈ। ਵਿਸ਼ਵ ਵਾਤਾਵਰਣ ਦਿਵਸ  ਸਾਨੂੰ ਇਸ ਵਾਲੇ ਜਾਗਰੂਕ ਹੋਣ ਦਾ ਹੋਕਾ ਦੇ ਰਿਹਾ ਹੈ। ਇਸ ਮੌਕੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।

PunjabKesari

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਸਤਵਿੰਦਰ ਸਿੰਘ ਮਰਵਾਹਾ

 ਵੈੱਬਨਾਰ ਨੂੰ ਸੰਬੋਧਨ  ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਸਤਵਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਇਸ ਵਾਰ ਵਿਸ਼ਵ  ਵਾਤਾਵਰਣ ਦਿਵਸ  ਦਾ ਥੀਮ ਜੈਵਿਕ ਵਿਭਿੰਨਤਾ ਅਤੇ ਕੁਦਰਤ ਲਈ ਸਮਾਂ ਹੈ। ਉਨ੍ਹਾਂ ਕਿਹਾ ਜਦੋਂ ਪੂਰੀ ਦੁਨੀਆਂ ਕੋਰੋਨਾ ਮਹਾਮਾਰੀ ਨਾਲ ਲੜ ਰਹੀ ਹੈ, ਇਸ ਵਕਤ ਕੁਦਰਤ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਕ ਕੁਦਰਤ ਹੀ ਹੈ ਜੋ ਸਾਨੂੰ ਖਾਣ ਲਈ ਭੋਜਨ, ਸਾਹ ਲੈਣ ਲਈ ਹਵਾ ਅਤੇ ਪੀਣ ਲਈ ਪਾਣੀ ਅਤੇ ਜਿਉਣ ਲਈ ਸਵੱਛ ਵਾਤਾਵਰਣ ਮਹੁੱਈਆ ਕਰਵਾਉਦੀ ਹੈ। ਨਦੀਆਂ ਦੇ ਪਾਣੀਆਂ ਦੀ ਗੁਣਵੰਤਾਂ ਵਿਚ ਸੁਧਾਰ ਲਿਆਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ  ਇਕੱਲੀ ਸਨਅਤ ਹੀ ਪਾਣੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਸਗੋਂ ਘਰੇਲੂ ਕੂੜਾ-ਕਰਕਟ (ਵੇਸਟਜ਼) ਪਾਣੀ ਦੇ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਲਾਕਡਾਊਨ ਦੇ ਸਮੇਂ ਦੇਖਿਆ ਗਿਆ ਹੈ ਜਦੋਂ ਸਾਰੀਆਂ ਫ਼ੈਕਟਰੀਆਂ ਬੰਦ ਸਨ ਤੱਦ ਵੀ  ਦਰਿਆਵਾਂ ਦਾ ਪਾਣੀ ਗੰਦਲਾ ਹੀ ਰਿਹਾ ਹੈ, ਕਿਉਂਕਿ ਪਾਣੀ ਦੇ ਸਰੋਤ ਹੀ ਗੰਦਲੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਤਾਲਾਬੰਦੀ ਦੌਰਾਨ ਸਨਅੱਤ ਦੇ ਬੰਦ ਹੋਣ ਦਾ ਸਾਕਰਾਤਮਕ ਪ੍ਰਭਾਵ ਪਾਣੀ ’ਤੇ ਇਹਨਾਂ ਜ਼ਿਆਦਾ ਨਹੀਂ ਦੇਖਿਆ ਗਿਆ ਜਿਨ੍ਹਾਂ ਫ਼ੈਕਟਰੀਆਂ ਅਤੇ ਟਰਾਂਸਪੋਰਟ ਬੰਦ ਹੋਣ ਦਾ ਪ੍ਰਭਾਵ ਹਵਾ ਦੇ ਪ੍ਰਦੂਸ਼ਣ ’ਤੇ ਪਿਆ ਹੈ। ਭਾਵ ਇਸ ਨਾਲ ਹਵਾ ਦੀ ਗੁਣਵੰਤਤਾਂ ਵਿਚ ਸੁਧਾਰ ਵੇਖਿਆ ਗਿਆ ਹੈ।  ਉਨ੍ਹਾਂ  ਵੈਬਨਾਰ ਵਿਚ ਹਿੱਸਾ ਲੈਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਕਣਕ ਅਤੇ ਝੋਨੇ ਦੀ ਵਾਢੀ ਤੋਂ ਖੇਤਾਂ ਨੂੰ ਅੱਗ ਨਾ ਲਗਾਉਣ ਦਾ ਸੰਦੇਸ਼ ਘਰ-ਘਰ ਪੰਹਚਾਉਣ ਕਿਉਂਕਿ ਇਸ ਨਾਲ ਜਿੱਥੇ  ਮਿੱਟੀ ਦੀ ਉਤਪਾਦਕਤਾ ਘੱਟਦੀ ਹੈ ਉੱਥੇ ਹੀ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ।

ਕੌਮੀ ਜੈਵਿਕ ਵਿਭਿੰਨਤਾ ਅਥਾਰਟੀ  ਦੇ ਸਕੱਤਰ ਸ੍ਰੀ ਜੇ ਜਸਟਿਨ ਮੋਹਨ

ਇਸ ਮੌਕੇ  ਭਾਰਤ ਸਰਕਾਰ ਦੇ  ਕੌਮੀ ਜੈਵਿਕ ਵਿਭਿੰਨਤਾ ਅਥਾਰਟੀ  ਦੇ ਸਕੱਤਰ ਸ੍ਰੀ ਜੇ ਜਸਟਿਨ ਮੋਹਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਦੇਸ਼ ਵਿਚ ਜੈਵਿਕ ਵਿਭਿੰਨਤਾ ਦੇ ਸਰੋਤਾਂ ਦਾ ਪ੍ਰਭੂਸਤਾ ਅਧਿਕਾਰ ਹੈ। ਇਸ ਮੌਕੇ ਉਹਨਾਂ ਜੈਵਿਕ ਵਿਭਿੰਨਤਾ ਐਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ  ਜਨ-ਸਧਾਰਣ, ਸਨਅਤ ਅਤੇ ਵਪਾਰੀਆਂ ਵਿਚ ਜੈਵਿਕ ਵਿਭਿੰਨਤਾ ਦੇ ਰੱਖ-ਰਖਾਵ ਪ੍ਰਤੀ ਜਾਗਰੂਕਤਾ ਕਮੀ ਇਕ ਬਹੁਤ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਥਾਈ ਵਿਕਾਸ ਲਈ  ਜੈਵਿਕ ਵਿਭਿੰਨਤਾ ਦੇ ਲਾਭਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਅਤੇ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਲਈ ਜੈਵਿਕ ਵਿਭਿੰਨਤਾਂ ਦੇ ਢਾਂਚੇ ਨੂੰ ਮਜ਼ਬੂਤ ਅਤੇ ਸਸ਼ਕਤੀਕਰਨਾ ਸਰਕਾਰ ਲਈ ਬਹੁਤ ਜ਼ਰੂਰੀ ਹੈ।  ਇਸ ਪਾਸੇ ਵੱਲ ਜ਼ਰੂੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਮੌਕੇ ਨਿਊਯਾਰਕ ਦੇ ਅਰਥ ਇੰਸਟੀਚਿਊਟ ਨਾਲ ਸਬੰਧ ਐਸ.ਡੀ ਜੀ ਅਕੈਡਮੀ ਦੀ ਡਾਇਰੈਕਟਰ ਡਾ. ਚੰਦਰਿਕਾ ਬਾਹਦੁਰ ਨੇ ਸਥਾਈ ਵਿਕਾਸ ਦੇ 17 ਟੀਚਿਆਂ ਬਾਰੇ ਜਾਣਕਾਰੀ ਦਿੰਦਿਆਂ ਜੈਵਿਕ ਵਿਭਿੰਨਤਾਂ ਨੂੰ ਸਥਾਈ ਵਿਕਾਸ ਦੇ ਟੀਚਿਆਂ ਵਿਚ ਬੜੀ ਪ੍ਰਮੁੱਖਤਾ ਨਾਲ ਲਿਆ ਗਿਆ ਹੈ। ਇਹਨਾਂ ਟੀਚਿਆਂ ਦੀ ਪ੍ਰਾਪਤੀ  ਲਈ ਇਕਜੁੱਟ ਹੋ ਕੇ ਯਤਨ ਹੋਣੇ ਚਾਹੀਦੇ ਹਨ ਅਤੇ ਵਿਸ਼ਵ ਪੱਧਰ ’ਤੇ ਅਜਿਹੇ ਤਜਰਬੇ ਸਾਂਝੇ ਹੋਣੇ ਚਾਹੀਦੇ ਹਨ। 

ਇਸ ਮੌਕੇ ਬੱਚਿਆਂ ਦੇ ਭਾਸ਼ਣ ਅਤੇ ਕਵਿਤਾ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ ਜਿਹਨਾਂ ਨੂੰ ਸਾਇੰਸ ਸਿਟੀ ਖੁੱਲ੍ਹਣ ’ਤੇ ਇਨਾਮ ਦਿੱਤੇ ਜਾਣਗੇ।

 


author

Harinder Kaur

Content Editor

Related News