ਫਿਰੋਜ਼ਪੁਰ ਨੇੜੇ ਨਹਿਰ 'ਚ ਪਿਆ ਵੱਡਾ ਪਾੜ, ਪੂਰੇ ਪਿੰਡ 'ਚ ਮਚ ਗਈ ਤਬਾਹੀ, ਦੇਖੋ ਮੌਕੇ ਦੀਆਂ ਤਸਵੀਰਾਂ
Thursday, Jun 13, 2024 - 12:41 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਲੂਥਰ 'ਚੋਂ ਨਿਕਲਦੀ ਰਾਜਸਥਾਨ ਬੀਕਾਨੇਰ ਨਹਿਰ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਖੇਤ ਜਲ ਮਗਨ ਹੋ ਗਏ ਹਨ। ਖੇਤਾਂ 'ਚ 2-2 ਫੁੱਟ ਦੇ ਕਰੀਬ ਪਾਣੀ ਖੜ੍ਹਾ ਹੋ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਫ਼ਸਲ ਨਸ਼ਟ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਸ ਨਹਿਰ 'ਚ ਪਾਣੀ ਛੱਡਿਆ ਗਿਆ ਸੀ ਤਾਂ ਕਿ ਇਸ ਦਾ ਲਾਭ ਕਿਸਾਨਾਂ ਨੂੰ ਮਿਲ ਸਕੇ ਅਤੇ ਕਿਸਾਨ ਝੋਨਾ ਲਗਾ ਸਕਣ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਪਿੰਡ ਲੂਥਰ ਦੇ ਕੋਲ ਨਹਿਰ 'ਚ ਪਾਣੀ ਦਾ ਦਬਾਅ ਨਾ ਝੱਲਦੇ ਹੋਏ 20 ਫੁੱਟ ਚੌੜਾ ਪਾੜ ਪਿਆ ਹੈ, ਜਿਸ ਨਾਲ ਕਿਸਾਨਾਂ ਵੱਲੋਂ ਲਗਾਇਆ ਜਾ ਰਿਹਾ ਝੋਨਾ ਅਤੇ ਪਨੀਰੀ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕਾਂ 'ਤੇ ਲੱਗੀਆਂ ਸਖ਼ਤ ਪਾਬੰਦੀਆਂ, ਪੜ੍ਹੋ ਕੀ ਹੈ ਪੂਰੀ ਖ਼ਬਰ
ਪ੍ਰਭਾਵਿਤ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਬੜੀ ਮੁਸ਼ਕਲ ਨਾਲ ਲੇਬਰ ਲੱਭ ਕੇ ਉਨ੍ਹਾਂ ਨੇ ਝੋਨਾ ਲਗਾਇਆ ਸੀ ਪਰ ਨਹਿਰ ਦਾ ਬੰਨ੍ਹ ਟੁੱਟਣ ਨਾਲ ਉਨ੍ਹਾਂ ਦਾ ਪੈਸਾ ਅਤੇ ਮਿਹਨਤ ਦੋਵੇਂ ਬਰਬਾਦ ਹੋ ਗਏ ਹਨ। ਕਿਸਾਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਗੱਲ ਦਾ ਸਹੀ ਤਰੀਕੇ ਨਾਲ ਮੁਆਇਨਾ ਹੀ ਨਹੀਂ ਕੀਤਾ ਕਿ ਕਿੱਥੋਂ ਨਹਿਰ ਦੇ ਕੰਢੇ ਕਮਜ਼ੋਰ ਹਨ ਅਤੇ ਕਿੱਥੇ ਉਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜਲਦਬਾਜ਼ੀ 'ਚ ਮੁੱਖ ਮੰਤਰੀ ਵੱਲੋਂ ਲਏ ਗਏ ਫ਼ੈਸਲੇ ਨੂੰ ਲਾਗੂ ਕਰਦਿਆਂ ਉਨ੍ਹਾਂ ਨੇ ਇਕਦਮ ਨਹਿਰਾਂ 'ਚ ਪਾਣੀ ਛੱਡ ਦਿੱਤਾ ਅਤੇ ਪਾਣੀ ਦਾ ਦਬਾਅ ਵੱਧਣ ਕਾਰਨ ਇਸ ਨਹਿਰ 'ਚ ਕਰੀਬ 20 ਫੁੱਟ ਤੋਂ ਵੱਧ ਚੌੜਾ ਪਾੜ ਪੈ ਗਿਆ।
ਇਹ ਵੀ ਪੜ੍ਹੋ : ਭਿਆਨਕ ਗਰਮੀ ਤੋਂ ਲੋਕਾਂ ਨੂੰ ਨਹੀਂ ਮਿਲੇਗੀ ਕੋਈ ਰਾਹਤ, 46 ਡਿਗਰੀ ਤੱਕ ਪੁੱਜੇਗਾ ਪਾਰਾ, ਰਹੋ ਬਚ ਕੇ
ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨਹਿਰੀ ਵਿਭਾਗ ਅਤੇ ਅਧਿਕਾਰੀ ਜਾਂ ਕਰਮਚਾਰੀ ਨਹਿਰ 'ਤੇ ਇਸ ਪਾੜ ਨੂੰ ਪੂਰਨ ਲਈ ਅਜੇ ਤੱਕ ਨਹੀਂ ਪਹੁੰਚੇ। ਇਸ ਕਾਰਨ ਕਿਸਾਨਾਂ 'ਚ ਭਾਰੀ ਰੋਸ ਹੈ। ਪਿੰਡ ਲੂਥਰ ਦੇ ਲੋਕਾਂ ਨੇ ਦਸਿਆ ਕਿ ਪੀੜਤ ਕਿਸਾਨਾਂ ਵੱਲੋਂ ਆਪਣੇ ਪੱਧਰ 'ਤੇ ਹੀ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਪਾੜ ਨੂੰ ਪੂਰਨ ਲਈ ਲੱਗੇ ਹੋਏ ਹਨ, ਜਦੋਂ ਕਿ ਲੋੜ ਹੈ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਵਲੋਂ ਇਸ ਪਾੜ ਨੂੰ ਪੂਰਨ ਦੇ ਨਾਲ-ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋ ਰਹੇ ਨੁਕਸਾਨ ਨੂੰ ਬਚਾਇਆ ਜਾਵੇ।
ਲੋਕਾਂ ਨੇ ਦੱਸਿਆ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਜਾਣ ਕਾਰਨ ਪਾਣੀ ਪਿੰਡ ਦੇ ਆਸ-ਪਾਸ ਘਰਾਂ ਦੇ ਅੰਦਰ ਵੀ ਜਾਣਾ ਸ਼ੁਰੂ ਹੋ ਗਿਆ ਹੈ ਅਤੇ ਜੇਕਰ ਸਮੇਂ ਸਿਰ ਇਸ ਨੂੰ ਰੋਕਿਆ ਨਾ ਗਿਆ ਤਾਂ ਪਾਣੀ ਪਿੰਡਾਂ ਦੇ ਅੰਦਰ ਵੀ ਦਾਖ਼ਲ ਹੋ ਜਾਏਗਾ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਅਤੇ ਫਸਲਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8