ਕਿਸਮਤ ਦਾ ਮਾਰਿਆ, ਬੇਘਰ ਬੇਚਾਰਾ, ਰੈਣ ਬਸੇਰਾ ਬਣਿਆ ''ਸਹਾਰਾ''
Monday, Dec 04, 2017 - 07:33 AM (IST)
ਬਠਿੰਡਾ, (ਵਰਮਾ,ਆਜ਼ਾਦ)- ਦੇਸ਼ ਦੀ ਆਬਾਦੀ 125 ਕਰੋੜ ਤੋਂ ਜ਼ਿਆਦਾ ਹੋਣ ਨਾਲ ਜ਼ਿਆਦਾ ਲੋਕਾਂ ਦੇ ਕੋਲ ਆਪਣਾ ਘਰ ਨਹੀਂ ਜਦਕਿ ਕੁੱਲ ਆਬਾਦੀ ਦੇ 10 ਫੀਸਦੀ ਲੋਕ ਅੱਜ ਵੀ ਫੁੱਟਪਾਥਾਂ 'ਤੇ ਸੌਂ ਕੇ ਰਾਤ ਗੁਜ਼ਾਰਦੇ ਹਨ। ਗਰਮੀ-ਸਰਦੀ, ਬਰਸਾਤ 'ਚ ਇਨ੍ਹਾਂ ਦਾ ਆਸ਼ਿਆਨਾ ਫੁੱਟਪਾਥ ਹੀ ਹੁੰਦੇ ਹਨ, ਜਿਸ 'ਤੇ ਸੁਪਰੀਮ ਕੋਰਟ ਨੇ ਸਾਰੇ ਨਗਰ ਕੌਂਸਲਾਂ, ਨਗਰ ਨਿਗਮਾਂ, ਪੰਚਾਇਤਾਂ ਨੂੰ ਵਿਸ਼ੇਸ਼ ਤੌਰ 'ਤੇ ਰੈਣ ਬਸੇਰੇ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਬਠਿੰਡਾ ਨਗਰ ਨਿਗਮ 'ਚ ਦੋ ਰੈਣ ਬਸੇਰਾ ਚੱਲ ਰਹੇ ਹਨ ਜਦਕਿ ਇਕ ਰੈਣ ਬਸੇਰਾ ਰੈੱਡ ਕਰਾਸ ਦੀ ਦੇਣ ਹੈ। ਸੁਪਰੀਮ ਕੋਰਟ ਦੇ ਆਦੇਸ਼ 'ਤੇ ਰੈਣ ਬਸੇਰੇ ਤਾਂ ਬਣ ਦਿੱਤੇ ਗਏ ਪਰ ਇਸ ਦਾ ਸੰਚਾਲਨ ਸਮਾਜ ਸੇਵੀ ਸੰਸਥਾ ਕਰ ਰਹੀ ਹੈ ਜੋ ਰੈਣ ਬਸੇਰੇ ਵਿਚ ਰਹਿਣ ਵਾਲੇ ਬੇਸਹਾਰਾ ਨੂੰ ਬਿਸਤਰ ਦੇ ਇਲਾਵਾ ਖਾਣ ਦਾ ਪ੍ਰਬੰਧ ਵੀ ਕਰਦੀ ਹੈ। ਬਠਿੰਡਾ ਨਗਰ ਨਿਗਮ ਨੇ ਇਸ ਦੀ ਜ਼ਿੰਮੇਵਾਰੀ ਸਹਾਰਾ ਜਨ ਸੇਵਾ ਨੂੰ ਸੌਂਪ ਦਿੱਤੀ ਹੈ, ਜਿਸ ਦੇ ਪ੍ਰਧਾਨ ਵਿਜੇ ਗੋਇਲ ਦੀ ਦੇਖ-ਰੇਖ ਵਿਚ ਉਸ ਦੇ ਵਾਲੰਟੀਅਰ ਬੇਸਹਾਰਾ ਨੂੰ ਸਹਾਰਾ ਦੇਣ 'ਚ ਲੱਗੇ ਰਹਿੰਦੇ ਹਨ। ਖਾਣ-ਪੀਣ ਦਾ ਪ੍ਰਬੰਧ ਵੀ ਸਹਾਰਾ ਜਨ ਸੇਵਾ ਵੱਲੋਂ ਕੀਤਾ ਜਾਂਦਾ ਹੈ ਜਦਕਿ ਨਗਰ ਨਿਗਮ ਵੱਲੋਂ ਰੈਣ-ਬਸੇਰੇ ਬਣਾਏ ਗਏ ਹਨ, ਜਿਨ੍ਹਾਂ 'ਚ ਬਿਜਲੀ, ਕੂਲਰ, ਪੱਖੇ ਤੇ ਪਖਾਨੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਨਸ਼ੇ ਦੀ ਲਤ, ਕੜਾਕੇ ਦੀ ਠੰਡ, ਫਿਰ ਵੀ ਮਿਲਦਾ ਹੈ ਖੁੱਲ੍ਹਾ ਆਸਮਾਨ
ਸੁਪਰੀਮ ਕੋਰਟ ਦੇ ਨਿਰਦੇਸ਼ ਅਤੇ ਨਗਰ ਨਿਗਮ ਦੇ ਯਤਨ ਨਾਲ 25-25 ਬਿਸਤਰਿਆਂ ਦੇ ਦੋ ਰੈਣ ਬਸੇਰੇ ਤਿਆਰ ਕੀਤੇ ਗਏ ਪਰ ਉਨ੍ਹਾਂ ਵਿਚ ਠਹਿਰਨ ਵਾਲਿਆਂ ਦੀ ਗਿਣਤੀ ਨਾਂਹ ਦੇ ਬਰਾਬਰ ਹੀ ਹੈ। ਆਮ ਤੌਰ 'ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲਿਆਂ ਬੇਸਹਾਰਾ/ਬੇਘਰਿਆਂ ਨੂੰ ਜੋ ਪੈਸੇ ਇਕੱਠੇ ਹੁੰਦੇ ਹਨ, ਉਸ ਨਾਲ ਉਹ ਨਸ਼ੇ ਦਾ ਸੇਵਨ ਕਰਦੇ ਹਨ ਜੋ ਸਮਾਜਕ ਸੰਸਥਾਵਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਅਜਿਹਾ ਕੋਈ ਕਾਨੂੰਨ ਨਹੀਂ ਕਿ ਭੀਖ ਮੰਗ ਕੇ ਸ਼ਰਾਬ ਜਾਂ ਹੋਰ ਕੋਈ ਨਸ਼ਾ ਨਾ ਕਰੇ ਪਰ ਭੀਖ ਮੰਗਣਾ ਕਾਨੂੰਨ ਦੇ ਦਾਇਰੇ ਵਿਚ ਨਹੀਂ ਆਉੁਂਦਾ। ਬੇਘਰਿਆਂ ਵਿਚ ਕੁਝ ਅਜਿਹੇ ਅਪਾਹਜ ਵੀ ਹਨ ਜੋ ਚੱਲ-ਫਿਰ ਨਹੀਂ ਸਕਦੇ। ਜਿਥੋਂ ਤੱਕ ਕਿ ਕਈਆਂ ਦੇ ਅੰਗ ਬੇਕਾਰ ਹਨ ਜਾਂ ਕੱਟ ਚੁੱਕੇ ਹਨ, ਉਨ੍ਹਾਂ ਨੇ ਆਪਣਾ ਅਸਥਾਈ ਆਸ਼ਿਆਨਾ ਫੁੱਟਪਾਥਾਂ ਨੂੰ ਹੀ ਬਣਾ ਰੱਖਿਆ ਹੈ। ਮਾਨਵਤਾ ਦੀ ਭਲਾਈ ਨੂੰ ਸਮਰਪਿਤ ਕੁਝ ਲੋਕ ਇਨ੍ਹਾਂ ਦੀ ਦੁਰਦਸ਼ਾ ਵੇਖ ਕੇ ਇਨ੍ਹਾਂ ਨੂੰ ਭੋਜਨ ਤੇ ਰਾਤ ਨੂੰ ਲੈਣ ਲਈ ਰਜਾਈ, ਕੰਬਲ ਦੇ ਜਾਂਦੇ ਹਨ ਪਰ ਅਗਲੇ ਦਿਨ ਉਨ੍ਹਾਂ ਦੇ ਕੰਬਲ ਗਾਇਬ ਮਿਲਦੇ ਹਨ। ਕੁਝ ਅਜਿਹੇ ਬੇਘਰੇ ਵੀ ਹਨ, ਜਿਨ੍ਹਾਂ ਨੂੰ ਨਸ਼ੇ ਦੀ ਲਤ ਲੱਗੀ ਹੈ, ਉਹ ਆਪਣਾ ਸਭ ਕੁਝ ਵੇਚ ਕੇ ਭੀਖ ਮੰਗਦੇ ਹਨ, ਜਿਸ ਨਾਲ ਇਕੱਠੇ ਹੋਏ ਪੈਸਿਆਂ ਨਾਲ ਉਹ ਆਪਣੇ ਨਸ਼ੇ ਦੀ ਪੂਰਤੀ ਕਰਦੇ ਹਨ, ਦਾਨ ਵਿਚ ਮਿਲੇ ਸਾਮਾਨ ਨੂੰ ਉਹ ਵੇਚ ਕੇ ਉਸ ਨਾਲ ਨਸ਼ੇ ਦਾ ਸੇਵਨ ਕਰਦੇ ਹਨ। ਇਸ ਲਈ ਇਹ ਲੋਕ ਰੈਣ-ਬਸੇਰੇ ਵਿਚ ਨਾ ਸੌਂ ਕੇ ਫੁੱਟਪਾਥ 'ਤੇ ਸੌਣਾ ਪਸੰਦ ਕਰਦੇ ਹਨ।
ਸੁਪਰੀਮ ਕੋਰਟ ਦੇ ਆਦੇਸ਼ 'ਤੇ ਬਣੇ ਰੈਣ ਬਸੇਰੇ
ਸਾਲ 2012-13 ਵਿਚ ਸੁਪਰੀਮ ਕੋਰਟ ਨੇ ਬੇਘਰਿਆਂ ਦੀ ਦਸ਼ਾ ਦੇ ਆਧਾਰ 'ਤੇ ਸਾਰੇ ਰਾਜਾਂ ਨੂੰ ਹਰੇਕ ਜ਼ਿਲੇ ਵਿਚ ਰੈਣ ਬਸੇਰਾ ਬਣਾਉਣ ਲਈ ਆਦੇਸ਼ ਜਾਰੀ ਕੀਤੇ ਸਨ। ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਦੇਸ਼ ਦੇ 10 ਫੀਸਦੀ ਲੋਕ ਅਜੇ ਵੀ ਫੁੱਟਪਾਥਾਂ 'ਤੇ ਹੀ ਆਪਣੀ ਪੂਰੀ ਜ਼ਿੰਦਗੀ ਗੁਜ਼ਾਰ ਦਿੰਦੇ ਹਨ, ਜਿਸ ਨੂੰ ਲੈ ਕੇ ਰੈਣ ਬਸੇਰਿਆਂ ਦਾ ਨਿਰਮਾਣ ਹੋਇਆ। ਨਗਰ ਨਿਗਮ ਬਠਿੰਡਾ ਨੇ ਨਿਗਮ ਦੇ ਪੁਰਾਣੇ ਦਫ਼ਤਰ ਵਿਚ 4 ਕਮਰਿਆਂ 'ਚ ਰੈਣ ਬਸੇਰਾ ਬਣਾਇਆ ਜਦਕਿ ਇਕ ਰੈਣ ਬਸੇਰਾ ਅਮਰੀਕ ਸਿੰਘ ਰੋਡ ਅੰਨਪੂਰਣਾ ਮੰਦਰ ਦੇ ਕੋਲ ਪੁਰਾਣੇ ਪਟਵਾਰਖਾਨੇ ਦੇ ਇਕ ਕਮਰਿਆਂ ਵਿਚ ਬਣਾਇਆ ਗਿਆ, ਜਿਸ ਵਿਚ ਅਕਸਰ ਤਾਲਾ ਹੀ ਜੜਿਆ ਰਹਿੰਦਾ ਹੈ ਕਿਉਂਕਿ ਇਨ੍ਹਾਂ ਰੈਣ ਬਸੇਰਿਆਂ ਵਿਚ ਰਹਿਣਾ ਕੋਈ ਪਸੰਦ ਨਹੀਂ ਕਰਦਾ। ਨਾ ਹੀ ਕੋਈ ਅਜਿਹੀ ਵਿਵਸਥਾ ਹੈ ਕਿ ਇੱਛੁਕ ਬੇਘਰ ਆ ਕੇ ਇਸ ਦਾ ਲਾਭ ਉਠਾ ਸਕਦੇ ਹਨ। ਨਗਰ ਨਿਗਮ ਨੇ ਖਾਨਾਪੂਰਤੀ ਕਰਦੇ ਹੋਏ ਰੈਣ ਬਸੇਰੇ ਤਾਂ ਬਣਾ ਦਿੱਤੇ ਪਰ ਇਸ ਦਾ ਪ੍ਰਬੰਧ ਸਹਾਰਾ ਜਨ ਸੇਵਾ ਨੂੰ ਸੌਂਪ ਦਿੱਤਾ। ਬੇਸ਼ੱਕ ਸਹਾਰਾ ਚੰਗਾ ਕੰਮ ਕਰ ਰਹੀ ਹੈ ਪਰ ਇਸ ਨਾਲ ਨਗਰ ਨਿਗਮ ਅਤੇ ਸਰਕਾਰ ਦਾ ਕੋਈ ਯੋਗਦਾਨ ਨਹੀਂ, ਉਹ ਆਪਣੇ ਬਲਬੂਤੇ 'ਤੇ ਹੀ ਬੇਘਰਾਂ ਤੇ ਬੇਸਹਾਰਾ ਦੇ ਭੋਜਨ ਅਤੇ ਰਹਿਣ ਦਾ ਪ੍ਰਬੰਧ ਕਰਦੇ ਹਨ।
ਕੀ ਕਹਿੰਦੇ ਹਨ ਸਹਾਰਾ ਜਨਸੇਵਾ ਦੇ ਪ੍ਰਧਾਨ?
ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰੈਣ ਬਸੇਰੇ ਲਈ 60 ਰਜਾਈਆਂ ਅਤੇ ਕੰਬਲਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਬਾਵਜੂਦ ਇਸ ਦੇ ਕੋਈ ਵੀ ਇਸ ਨਾਲ ਰਹਿਣਾ ਪਸੰਦ ਨਹੀਂ ਕਰਦਾ। ਇਨ੍ਹਾਂ ਦਾ ਕਹਿਣਾ ਹੈ ਕਿ ਰੈਣ ਬਸੇਰੇ ਦੇ ਅੰਦਰ ਸੌਂ ਰਹੇ ਬੇਸਹਾਰਾ ਨੂੰ ਕੋਈ ਵੀ ਦਾਨ ਨਹੀਂ ਮਿਲਦਾ ਜਦਕਿ ਫੁੱਟਪਾਥ 'ਤੇ ਸੌਣ 'ਤੇ ਲੋਕਾਂ ਦੀਆਂ ਧਾਰਮਕ ਅਤੇ ਸਮਾਜਕ ਭਾਵਨਾਵਾਂ ਜਾਗਦੀਆਂ ਹਨ, ਜਿਸ ਕਾਰਨ ਉਹ ਦਾਨ ਦੇ ਰੂਪ ਵਿਚ ਗਰਮ ਕੱਪੜੇ ਅਤੇ ਹੋਰ ਸਾਮਾਨ ਦੇ ਜਾਂਦੇ ਹਨ। ਗੋਇਲ ਨੇ ਦੱਸਿਆ ਕਿ ਸੰਸਥਾ ਵੱਲੋਂ ਵੀ ਬੇਸਹਾਰਾ ਦੀ ਪੂਰੀ ਮਦਦ ਕੀਤੀ ਜਾਂਦੀ ਹੈ ਪਰ ਮਾਲ ਗੋਦਾਮ ਰੋਡ 'ਤੇ ਬਣੇ ਰੈਣ ਬਸੇਰੇ ਨਾਲ ਲੱਗੇ ਫੁੱਟਪਾਥ 'ਤੇ ਰੋਜ਼ਾਨਾ ਲਗਭਗ 100 ਤੋਂ 150 ਲੋਕ ਸੌਂਦੇ ਹਨ। ਉਨ੍ਹਾਂ ਨੂੰ ਕਈ ਵਾਰ ਕਿਹਾ ਜਾਂਦਾ ਹੈ ਕਿ ਉਹ ਰੈਣ ਬਸੇਰਾ ਕਮਰੇ ਵਿਚ ਆ ਕੇ ਸੌਣ ਪਰ ਕੋਈ ਵੀ ਚੱਲਣ ਲਈ ਤਿਆਰ ਨਹੀਂ। ਕੁਝ ਅਜਿਹੇ ਵੀ ਲੋਕ ਹਨ ਜੋ ਸ਼ਰਾਬ ਤੇ ਹੋਰ ਨਸ਼ੇ ਵਿਚ ਸਹਾਰਾ ਸੰਸਥਾ ਦੇ ਵਾਲੰਟੀਅਰਾਂ ਦੇ ਨਾਲ ਗਾਲੀ-ਗਲੋਚ ਤੱਕ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਮਾਜਕ ਭਲਾਈ ਦਾ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਸਭ ਕੁਝ ਸਹਿਣਾ ਪੈਂਦਾ ਹੈ।
ਸਰਦੀ ਨਾਲ 2 ਬੇਸਹਾਰਾ ਦੀ ਹੋ ਚੁੱਕੀ ਹੈ ਮੌਤ
ਰੈਣ ਬਸੇਰਾ ਵਿਚ ਨਾ ਰਹਿ ਕੇ ਫੁੱਟਪਾਥ 'ਤੇ ਸੌਣ ਵਾਲੇ ਇਕ ਮਹੀਨੇ ਦੇ ਦੌਰਾਨ 2 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਦਰਸਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਮੌਤ ਫਾਗ ਤੇ ਸਮਾਗ ਦੇ ਸਮੇਂ ਜ਼ਿਆਦਾ ਠੰਡ ਪੈਣ ਕਾਰਨ ਹੋਈ। ਸਹਾਰਾ ਜਨ ਸੇਵਾ ਨੇ ਇਨ੍ਹਾਂ ਬੇਸਹਾਰਿਆਂ ਦਾ ਕਾਨੂੰਨ ਪ੍ਰਕਿਰਿਆ ਦੇ ਬਾਅਦ ਸਸਕਾਰ ਤਾਂ ਕਰ ਦਿੱਤਾ ਪਰ ਬਚੇ ਹੋਏ ਲੋਕ ਵੀ ਸਰਦੀ ਨਾਲ ਸੁੰਗੜ ਜਾਂਦੇ ਹਨ ਪਰ ਰੈਣ ਬਸੇਰੇ 'ਚ ਸੌਣ ਨੂੰ ਰਾਜ਼ੀ ਨਹੀਂ। ਹੁਣ ਤੱਕ 4200 ਤੋਂ ਜ਼ਿਆਦਾ ਬੇਸਹਾਰਾ ਲਾਸ਼ਾਂ ਦਾ ਸਸਕਾਰ ਕਰ ਚੁੱਕੀਆਂ ਸਹਾਰਾ ਜਨ ਸੇਵਾ ਅਤੇ ਹੋਰ ਸਮਾਜਕ ਸੰਸਥਾਵਾਂ ਦਾ ਕਹਿਣਾ ਹੈ ਕਿ ਫੁੱਟਪਾਥ 'ਤੇ ਸੌਣ ਵਾਲਿਆਂ ਲਈ ਪੁਖਤਾ ਪ੍ਰਬੰਧ ਕਰਨ ਨੂੰ ਤਿਆਰ ਹਨ, ਜੇਕਰ ਉਹ ਮੰਨੇ ਤਾਂ। ਇਸ 'ਚੋਂ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਭੋਜਨ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਮੰਦਰਾਂ ਵਿਚ ਰੋਜ਼ਾਨਾ ਇਨ੍ਹਾਂ ਲਈ ਲੰਗਰ ਲਾਇਆ ਜਾਂਦਾ ਹੈ, ਉਥੇ ਹੀ ਪੇਟ ਭਰ ਖਾਣਾ ਖਾ ਕੇ ਉਹ ਫੁੱਟਪਾਥ 'ਤੇ ਸੌਂ ਜਾਂਦੇ ਹਨ। ਕੁਝ ਲੋਕ ਬੇਸਹਾਰਾ ਵੀ ਹਨ ਜੋ ਸਾਧੂਆਂ ਦੇ ਕੱਪੜੇ ਪਹਿਨ ਕੇ ਭੀਖ ਮੰਗਦੇ ਹਨ ਅਤੇ ਸ਼ਾਮ ਢਲਦੇ ਹੀ ਨਸ਼ੇ ਦਾ ਸੇਵਨ ਕਰਦੇ ਹਨ। ਲੋਕ ਉਨ੍ਹਾਂ 'ਤੇ ਤਰਸ ਕਰ ਕੇ ਉਨ੍ਹਾਂ ਨੂੰ ਦਾਨ 'ਚ ਰਾਸ਼ੀ ਅਤੇ ਹੋਰ ਸਾਮਾਨ ਦੇ ਦਿੰਦੇ ਹਨ, ਉਨ੍ਹਾਂ ਦਾ ਮਕਸਦ ਤਾਂ ਕੁਝ ਹੋਰ ਹੁੰਦਾ ਹੈ।
