ਬੰਪਰ ਫਸਲ ਦੇ ਬਾਵਜੂਦ ਪਿਆਜ਼ ਸੋਨਾ ਤੇ ਆਲੂ ਹੋਏ ਕੌਡੀਆਂ ਦੇ ਭਾਅ
Monday, Aug 21, 2017 - 06:51 AM (IST)

ਫਿਰੋਜ਼ਪੁਰ/ਜ਼ੀਰਾ, (ਜੈਨ, ਅਕਾਲੀਆਂ ਵਾਲਾ)— ਦੇਸ਼ ਦੇ ਕਿਸਾਨਾਂ ਦੀ ਮਾੜੀ ਆਰਥਿਕਤਾ ਕਦੇ ਸਰਕਾਰ ਲਈ ਮਜ਼ਾਕ ਬਣੀ ਤੇ ਕਦੇ ਇਸਦਾ ਸਰਮਾਏਦਾਰ ਵਾਪਰੀ ਵਰਗ ਨੇ ਫਾਇਦਾ ਉਠਾਇਆ। ਕਿਸਾਨ ਮਿਹਨਤ ਕਰਕੇ ਫਸਲ ਤਿਆਰ ਹੋਣ ਦਾ ਇੰਤਜ਼ਾਰ ਕਰਦਾ ਹੈ ਪਰ ਜਦ ਇਸਦੀ ਫਸਲ ਮੰਡੀ ਵਿਚ ਆਉਂਦੀ ਹੈ, ਤਾਂ ਉਸ ਕੋਲ ਰੇਟ ਤੈਅ ਕਰਨ ਦਾ ਅਧਿਕਾਰ ਨਹੀਂ ਹੈ। ਵਪਾਰੀਆਂ ਦੇ ਹੱਥਾਂ ਵਿਚ ਆਈ ਉਸਦੀ ਮਿਹਨਤ ਦਾ ਫਾਇਦਾ ਉਸਨੂੰ ਉਸ ਕਦਰ ਨਹੀਂ ਮਿਲਦਾ ਜਿੰਨਾ ਇਸ 'ਚੋਂ ਖਰੀਦਦਾਰ ਲੈ ਜਾਂਦੇ ਹਨ। ਪਿਆਜ਼ ਦਾ ਭਾਅ ਇਸ ਸਮੇਂ ਆਸਮਾਨ ਨੂੰ ਛੂਹ ਰਿਹਾ ਹੈ।
ਜਦ ਪਿਆਜ਼ ਨੂੰ ਉਤਪਾਦਕ ਕਿਸਾਨ ਮੰਡੀਆਂ ਵਿਚ ਲੈ ਕੇ ਆਏ ਸੀ ਤਾਂ ਕੌਡੀਆਂ ਭਾਅ ਹੋਏ ਇਸ ਪਿਆਜ਼ ਨੂੰ ਲੈ ਕੇ ਮੰਦਸੌਰ (ਐੱਮ.ਪੀ.) ਵਿਚ ਕਈ ਕਿਸਾਨਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਪਰ ਅੱਜ ਪਿਆਜ਼ ਦੇ ਭਾਅ ਵਿਚ ਕੁਝ ਮਹੀਨਿਆਂ ਦੇ ਅੰਤਰ ਨਾਲ ਹੀ ਕਿਸਾਨਾਂ ਤੋਂ ਖਰੀਦੇ ਪਿਆਜ਼ ਦੇ ਰੇਟ ਤੋਂ 20 ਗੁਣਾਂ ਤੇਜ਼ੀ ਕਿਸਾਨਾਂ ਨੂੰ ਚਿੰਤਾ ਦੇ ਆਲਮ ਵਿਚ ਡੁਬੋ ਰਹੀ ਹੈ। ਦੂਜੇ ਪਾਸੇ ਕੌਡੀਆਂ ਭਾਅ ਹੋਏ ਆਲੂ ਵੀ ਕਿਸਾਨਾਂ ਲਈ ਸਿਰਦਰਦੀ ਬਣੇ ਹੋਏ ਹਨ।
ਭਾਰਤ ਵਿਚ ਪਿਆਜ਼ ਦੀ ਪੈਦਾਵਾਰ ਵਿਚ ਸਭ ਤੋਂ ਵੱਧ ਮਹਾਰਾਸ਼ਟਰ, ਕਰਨਾਟਕ, ਰਾਜਸਥਾਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਦਾ ਨੰਬਰ ਵੀ ਆਉਂਦਾ ਹੈ। ਉਕਤ ਰਾਜਾਂ ਵਿਚ ਇਸਦੀ ਬੰਪਰ ਫਸਲ ਹੋਣ ਦੇ ਬਾਵਜੂਦ ਪਿਆਜ਼ ਦਾ ਭਾਅ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਪਿਆਜ਼ ਉਤਪਾਦਕਾਂ ਤੋਂ 2 ਰੁਪਏ ਕਿਲੋ ਖਰੀਦ ਕੇ ਪਿਆਜ਼ ਮਾਫੀਆ ਵੱਲੋਂ ਇਸਦੀ ਜਾਅਲੀ ਕਮੀ ਦਿਖਾ ਕੇ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ। ਸਰਕਾਰ ਅਜਿਹੇ ਪਿਆਜ਼ ਮਾਫੀਆ 'ਤੇ ਸ਼ਿਕੰਜਾ ਕਿਉਂ ਨਹੀਂ ਕੱਸ ਰਹੀ। ਜਾਣਕਾਰੀ ਮੁਤਾਬਤ ਕੁਝ ਪਿਆਜ਼ ਮਾਫੀਆ ਨੇ ਕਿਸਾਨਾਂ ਤੋਂ ਜ਼ਮੀਨਾਂ ਲੰਬੇ ਸਮੇਂ ਤੱਕ ਠੇਕੇ 'ਤੇ ਲੈ ਕੇ ਖੇਤਾਂ ਵਿਚ ਹੀ ਪਿਆਜ਼ ਸਟੋਰ ਕੀਤਾ ਹੋਇਆ ਹੈ, ਜਿਸ ਕਾਰਨ ਇਹ ਨੌਬਤ ਆ ਗਈ ਹੈ।
ਦੇਸ਼ ਦੇ ਕਿਸਾਨਾਂ ਨੂੰ ਜਿੱਥੇ ਸਰਕਾਰੀ ਨੀਤੀਆਂ ਦੀ ਮਾਰ ਪੈਂਦੀ ਹੈ ਉਥੇ ਕਦੇ ਇਸਨੂੰ ਵਪਾਰੀ ਵਰਗ ਨੇ ਲੁੱਟਿਆ, ਕਦੇ ਆਵਾਰਾ ਪਸ਼ੂ ਕਿਸਾਨਾਂ ਦੀ ਫਸਲ ਉਜਾੜ ਰਹੇ ਹਨ ਤੇ ਕਦੀ ਕੁਦਰਤੀ ਆਫਤਾਂ ਕਿਸਾਨਾਂ ਦੇ ਭਵਿੱਖ ਵਿਚ ਚਿੰਤਾ ਦੀਆਂ ਲਕੀਰਾਂ ਮਾਰ ਦਿੰਦੀਆਂ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਉਤਪਾਦਕ ਦੇ ਹੱਥ ਪੱਲੇ ਪੈਂਦਾ ਕੁਝ ਨਹੀਂ। ਜਦ ਕਿ ਖਰੀਦਦਾਰ ਕਿਸਾਨ ਕੋਲ ਅਨਾਜ ਭੰਡਾਰ ਦੇ ਪ੍ਰਬੰਧ ਨਾ ਹੋਣ ਕਰਕੇ ਬੈਠੇ ਬਿਠਾਏ ਕਮਾਈ ਕਰ ਜਾਂਦੇ ਹਨ। ਸਰਕਾਰ ਵੱਲੋਂ ਗਊ ਸੈੱਸ ਲਿਆ ਜਾਂਦਾ ਹੈ ਪਰ ਇਸਦੇ ਬਾਵਜੂਦ ਆਵਾਰਾ ਪਸ਼ੂਆਂ ਨੂੰ ਠੱਲ੍ਹ ਨਹੀਂ ਪੈ ਰਹੀ।