ਖ਼ਰਾਬ ਮੌਸਮ ਦੇ ਬਾਵਜੂਦ ਸੇਫ ਸਕੂਲ ਵੈਨ ਮੁਹਿੰਮ ਦੀਆਂ ਉਡਾਈਆਂ ਧੱਜੀਆਂ

Tuesday, Jan 30, 2018 - 05:25 AM (IST)

ਖ਼ਰਾਬ ਮੌਸਮ ਦੇ ਬਾਵਜੂਦ ਸੇਫ ਸਕੂਲ ਵੈਨ ਮੁਹਿੰਮ ਦੀਆਂ ਉਡਾਈਆਂ ਧੱਜੀਆਂ

ਅੰਮ੍ਰਿਤਸਰ,   (ਨੀਰਜ)-  ਅੱਜਕਲ ਧੁੰਦ ਵਿਚ ਜਿਥੇ ਹਰ ਰੋਜ਼ ਸੜਕ ਹਾਦਸਿਆਂ ਵਿਚ ਲੋਕ ਮਾਰੇ ਜਾ ਰਹੇ ਹਨ ਤੇ ਉਥੇ ਹੀ ਦੂਜੇ ਪਾਸੇ ਇਸ ਖ਼ਰਾਬ ਮੌਸਮ ਵਿਚ ਪ੍ਰਸ਼ਾਸਨ ਵੱਲੋਂ ਜਾਰੀ ਸੇਫ ਸਕੂਲ ਵੈਨ ਮੁਹਿੰਮ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। 
ਹਾਲਾਤ ਇਹ ਹਨ ਕਿ ਟ੍ਰਾਂਸਪੋਰਟ ਵਿਭਾਗ ਦੀ ਸਖਤੀ ਦੇ ਬਾਵਜੂਦ ਜ਼ਿਆਦਾਤਰ ਸਕੂਲ ਪ੍ਰਬੰਧਕ ਆਪਣੇ ਸਕੂਲਾਂ ਦੀਆਂ ਵੈਨਾਂ ਅਤੇ ਬੱਸਾਂ ਨੂੰ ਨਿਯਮਾਂ ਮੁਤਾਬਕ ਨਹੀਂ ਚਲਾ ਰਹੇ ਅਤੇ ਮਾਣਯੋਗ ਹਾਈ ਕੋਰਟ, ਬਾਲ ਸੁਰੱਖਿਆ ਵਿਭਾਗ ਦੇ ਸੇਫ ਸਕੂਲ ਵੈਨਾਂ ਸਬੰਧੀ ਜਾਰੀ ਕੀਤੇ ਗਏ ਨਿਰਦੇਸ਼ਾਂ ਦਾ ਪਾਲਣ ਨਹੀਂ ਕਰ ਰਹੇ ਹਨ। ਹਾਲਾਤ ਇਹ ਹਨ ਕਿ ਜ਼ਿਆਦਾਤਰ ਸਕੂਲ ਵੈਨਾਂ ਵਿਚ ਮਹਿਲਾ ਕੰਡੈਕਟਰ ਹੀ ਨਹੀਂ ਬਿਠਾਈ ਜਾ ਰਹੀ ਹੈ ਜਦਕਿ ਨਿਰਦੇਸ਼ ਹਨ ਕਿ ਜੇਕਰ ਕਿਸੇ ਵੀ ਸਕੂਲ ਵੈਨ ਜਾਂ ਬੱਸ ਵਿਚ ਕੋਈ ਕੁੜੀ ਬੈਠਦੀ ਹੈ ਤਾਂ ਉਸ ਵਿਚ ਮਹਿਲਾ ਕੰਡੈਕਟਰ ਦਾ ਹੋਣਾ ਜ਼ਰੂਰੀ ਹੈ। ਉਹ ਵੀ ਕੁੜੀ ਦੇ ਸਕੂਲ ਵੈਨ ਵਿਚ ਬੈਠਣ ਤੋਂ ਪਹਿਲਾਂ ਬੈਠੀ ਹੋਣੀ ਚਾਹੀਦੀ ਹੈ ।  ਇੰਨਾ ਹੀ ਨਹੀਂ ਕੁਝ ਨਾਮੀ ਸਕੂਲਾਂ ਨੂੰ ਛੱਡ ਕੇ ਜ਼ਿਆਦਾਤਰ ਸਕੂਲਾਂ ਦੀਆਂ ਬੱਸਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਹੀ ਨਹੀਂ ਲਾਏ ਗਏ ਹਨ ਜਦ ਕਿ ਸਖ਼ਤ ਆਦੇਸ਼ ਹਨ ਕਿ ਸਾਰੀਆਂ ਸਕੂਲ ਵੈਨਾਂ ਅਤੇ ਬੱਸਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣੇ ਜ਼ਰੂਰੀ ਹਨ। 
ਇਸ ਮਾਮਲੇ ਵਿਚ ਜ਼ਿਲਾ ਪ੍ਰਸ਼ਾਸਨ ਵੱਲੋਂ ਆਪ ਡੀ. ਸੀ. ਕਮਲਦੀਪ ਸਿੰਘ  ਸੰਘਾ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਬੈਠਕ ਵੀ ਕੀਤੀ ਹੈ ਅਤੇ ਉਨ੍ਹਾਂ ਨੂੰ ਸੇਫ ਸਕੂਲ ਵੈਨ ਮੁਹਿੰਮ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਜਾ ਚੁੱਕੀ ਹੈ ਪਰ ਇਨ੍ਹਾਂ ਅਪੀਲਾਂ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ ਹੈ। ਹਾਂ ਸਕੂਲਾਂ ਨੇ ਧੁੰਦ ਦੇ ਮੌਸਮ ਨੂੰ ਵੇਖਦੇ ਹੋਏ ਆਪਣੇ ਸਕੂਲ ਲੱਗਣ ਦੇ ਸਮੇਂ ਵਿਚ ਜ਼ਰੂਰ ਤਬਦੀਲੀ ਕਰ ਲਈ ਹੈ ਪਰ ਸਕੂਲ ਵੈਨਾਂ ਸਬੰਧੀ ਜਾਰੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ ।  ਗੁਰੁਗਰਾਮ ਵਿਚ ਮਾਸੂਮ ਸਕੂਲੀ ਬੱਚੇ ਦੀ ਮੌਤ ਦੇ ਮਾਮਲੇ ਦੇ ਬਾਅਦ ਪ੍ਰਸ਼ਾਸਨ ਵੱਲੋਂ ਸਾਰੇ ਸਕੂਲਾਂ ਨੂੰ ਆਪਣੇ ਸਟਾਫ ਦੀ ਪੁਲਸ ਵੈਰੀਫਿਕੇਸ਼ਨ ਵੀ ਜ਼ਰੂਰੀ ਕਰਨ ਆਦੇਸ਼ ਵੀ ਦਿੱਤੇ ਗਏ ਹਨ ਪਰ ਇਸ ਵਿਚ ਵੀ ਕੁਝ ਸਕੂਲਾਂ ਨੂੰ ਛੱਡ ਕੇ ਜ਼ਿਆਦਾਤਰ ਸਕੂਲਾਂ ਨੇ ਆਪਣੇ ਸਟਾਫ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਕਰਵਾਈ ।
ਟ੍ਰਾਂਸਪੋਰਟ ਵਿਭਾਗ ਹਰ ਹਫ਼ਤੇ ਕਰ ਰਿਹੈ ਸਕੂਲ ਵੈਨਾਂ ਦੀ ਚੈਕਿੰਗ
ਮਾਣਯੋਗ ਹਾਈ ਕੋਰਟ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਟ੍ਰਾਂਸਪੋਰਟ ਵਿਭਾਗ ਸੇਫ ਸਕੂਲ ਵੈਨ ਮੁਹਿੰਮ ਨੂੰ ਲਗਾਤਾਰ ਚਲਾਇਆ ਜਾ ਰਿਹਾ ਹੈ ਅਤੇ ਹਰ ਹਫ਼ਤੇ ਸਕੂਲ ਵੈਨਾਂ ਅਤੇ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਰਾਜਨੀਤਕ ਦਬਾਅ ਕਾਰਨ ਅਧਿਕਾਰੀਆਂ ਨੂੰ ਆਜ਼ਾਦੀ ਨਾਲ ਇਸ ਮੁਹਿੰਮ ਵਿਚ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ । ਅਧਿਕਾਰੀਆਂ ਦੀਆਂ ਮੰਨੀਏ ਤਾਂ ਇਕ ਹਫ਼ਤੇ  ਦੇ ਅੰਦਰ ਹੀ ਸੇਫ ਸਕੂਲ ਵੈਨ ਮੁਹਿੰਮ ਨੂੰ ਸੌ ਫ਼ੀਸਦੀ ਸਫਲ ਬਣਾਇਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਉਲਟਾ ਜਦੋਂ ਮੁਹਾਵਾ ਸਕੂਲ ਵੈਨ ਦੁਰਘਟਨਾ ਵਰਗੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ।


Related News