ਗਮਾਡਾ ਤੋਂ ਰਿਟਾਇਰ ਹੋਣ ਦੇ ਬਾਵਜੂਦ ਚੀਫ ਸਰਕਲ ਹੈੱਡ ਕਰਦਾ ਰਿਹਾ ਫਾਈਲਾਂ ਕਲੀਅਰ
Tuesday, Mar 06, 2018 - 07:14 AM (IST)

ਮੋਹਾਲੀ, (ਕੁਲਦੀਪ)- ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਸਾਬਕਾ ਚੀਫ ਇੰਜੀਨੀਅਰ ਸੁਰਿੰਦਰਪਾਲ ਸਿੰਘ ਪਹਿਲਵਾਨ ਵੱਲੋਂ ਕਰੋੜਾਂ ਰੁਪਏ ਦੇ ਕੰਮਾਂ ਦੀ ਅਲਾਟਮੈਂਟ ਨੂੰ ਲੈ ਕੇ ਸੁਰਖੀਆਂ ਵਿਚ ਰਹੇ ਗਮਾਡਾ ਦੀ ਭ੍ਰਿਸ਼ਟਾਚਾਰ ਸਬੰਧੀ ਹਾਲਤ ਵਿਚ ਹੁਣ ਕਾਂਗਰਸ ਦੀ ਸਰਕਾਰ ਆਉਣ 'ਤੇ ਵੀ ਕੋਈ ਸੁਧਾਰ ਨਹੀਂ ਆਇਆ ਹੈ । ਵਿਜੀਲੈਂਸ ਦਾ ਸਾਇਆ ਪੈਣ ਦੇ ਬਾਵਜੂਦ ਵੀ ਗਮਾਡਾ ਦੇ ਸੀਨੀਅਰ ਅਧਿਕਾਰੀ ਅੱਜ ਵੀ ਉਸੇ ਤਰ੍ਹਾਂ ਆਪਣੀਆਂ ਮਨਮਾਨੀਆਂ ਕਰਨ ਵਿਚ ਲੱਗੇ ਹੋਏ ਹਨ । ਇਸ ਦੀ ਉਦਾਹਰਣ ਇਸ ਗੱਲ ਤੋਂ ਮਿਲੀ ਕਿ ਗਮਾਡਾ ਵਿਚ ਚੀਫ ਸਰਕਲ ਹੈੱਡ (ਸੀ. ਐੱਚ. ਡੀ.) ਦੇ ਅਹੁਦੇ ਤੋਂ ਰਿਟਾਇਰ ਹੋਇਆ ਪਵਨ ਕੁਮਾਰ ਅਰੋੜਾ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਕਿਸੇ ਨਿਯੁਕਤੀ ਤੋਂ ਬਿਨਾਂ ਹੀ ਦਫਤਰ ਵਿਚ ਆਪਣੀ ਸੀਟ 'ਤੇ ਲਗਾਤਾਰ ਕੰਮ ਕਰਦਾ ਰਿਹਾ । ਇਹ ਮਾਮਲਾ ਪੂਰੇ ਗਮਾਡਾ ਦਫਤਰ ਵਿਚ ਗਰਮਾਇਆ ਹੋਇਆ ਹੈ ।
ਗਮਾਡਾ ਦੀਆਂ ਅਹਿਮ ਫਾਈਲਾਂ ਨਾਲ ਕਰਦਾ ਰਿਹਾ ਛੇੜਛਾੜ : ਗਮਾਡਾ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਰਿਟਾਇਰ ਅਧਿਕਾਰੀ ਗਮਾਡਾ ਦਫਤਰ ਨਾਲ 31 ਜਨਵਰੀ 2018 ਨੂੰ ਸਰਕਲ ਹੈੱਡ ਡਰਾਫਟਸਮੈਨ ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ । ਉਸ ਤੋਂ ਬਾਅਦ ਨਾ ਤਾਂ ਉਸ ਨੂੰ ਸਰਕਾਰ ਤੋਂ ਕੋਈ ਐਕਸਟੈਂਸ਼ਨ ਮਿਲੀ ਅਤੇ ਨਾ ਹੀ ਗਮਾਡਾ ਨੇ ਉਸ ਨੂੰ ਅਧਿਕਾਰਿਤ ਤੌਰ 'ਤੇ ਨਿਯੁਕਤ ਕੀਤਾ, ਉਸ ਦੇ ਬਾਵਜੂਦ ਵੀ ਪਵਨ ਕੁਮਾਰ ਅਰੋੜਾ ਆਪਣੀ ਉਹੀ ਪੁਰਾਣੀ ਸੀਟ 'ਤੇ ਬੈਠ ਕੇ ਗਮਾਡਾ ਦੇ ਅਹਿਮ ਦਸਤਾਵੇਜ਼ਾਂ ਨਾਲ ਛੇੜਛਾੜ ਕਰਦਾ ਰਿਹਾ । ਜਾਣਕਾਰੀ ਮੁਤਾਬਕ ਜਿਸ ਸੀਟ 'ਤੇ ਇਹ ਰਿਟਾਇਰ ਅਧਿਕਾਰੀ ਕੰਮ ਕਰ ਰਿਹਾ ਸੀ, ਉਸ ਸੀਟ 'ਤੇ ਗਮਾਡਾ ਦੇ ਵੱਡੇ ਪ੍ਰਾਜੈਕਟਾਂ ਦੇ ਐਸਟੀਮੇਟ ਤਿਆਰ ਕਰਨ, ਟੈਂਡਰਾਂ ਸਬੰਧੀ ਫਾਈਲਾਂ ਦੀ ਜਾਂਚ ਜਿਹੇ ਹੋਰ ਬਹੁਤ ਸਾਰੇ ਅਹਿਮ ਕੰਮ ਹੁੰਦੇ ਹਨ । ਇਨ੍ਹਾਂ ਸਾਰੇ ਕੰਮਾਂ ਸਬੰਧੀ ਵੱਡੇ ਠੇਕੇਦਾਰਾਂ ਅਤੇ ਕਾਲੋਨਾਈਜ਼ਰਾਂ ਵਲੋਂ ਕੰਮਕਾਜ ਦੀ ਡੀਲਿੰਗ ਹੁੰਦੀ ਹੈ । ਹੁਣ ਇਹ ਰਿਟਾਇਰ ਅਧਿਕਾਰੀ ਇਸ ਅਹਿਮ ਸੀਟ ਦਾ ਕੰਮਕਾਜ ਵੇਖਦਾ ਰਿਹਾ, ਜਦੋਂਕਿ ਇਸ ਦੇ ਬਦਲੇ ਵਿਚ ਉਸ ਨੂੰ ਗਮਾਡਾ ਵਲੋਂ ਕੋਈ ਤਨਖਾਹ ਆਦਿ ਵੀ ਨਹੀਂ ਮਿਲੀ ।
ਭਿਣਕ ਬਾਹਰ ਨਿਕਲਦੇ ਹੀ ਭਜਾ ਦਿੱਤਾ ਸੀ. ਐੱਚ. ਡੀ.
ਦਫਤਰ ਵਿਚ ਰਿਟਾਇਰਮੈਂਟ ਤੋਂ ਬਾਅਦ ਵੀ ਪਵਨ ਕੁਮਾਰ ਅਰੋੜਾ ਨਾਮ ਦਾ ਇਹ ਸਾਬਕਾ ਸਰਕਲ ਹੈੱਡ ਡਰਾਫਟਸਮੈਨ ਅਣਅਧਿਕਾਰਿਤ ਤੌਰ 'ਤੇ ਕੰਮ ਕਰ ਰਿਹਾ ਸੀ, ਜਦੋਂਕਿ ਗਮਾਡਾ ਵਲੋਂ ਉਸ ਦੀ ਰਿਟਾਇਰਮੈਂਟ ਤੋਂ ਬਾਅਦ ਕੋਈ ਨਿਯੁਕਤੀ ਨਹੀਂ ਕੀਤੀ ਗਈ ਸੀ । ਉਹ ਬੜੇ ਆਰਾਮ ਨਾਲ ਗਮਾਡਾ ਬਿਲਡਿੰਗ ਦੀ ਚੌਥੀ ਮੰਜ਼ਿਲ ਦੇ ਕਮਰਾ ਨੰਬਰ 414 ਵਿਚ ਆਪਣੀ ਉਸੇ ਪੁਰਾਣੀ ਸੀਟ 'ਤੇ ਕੰਮ ਰਿਹਾ ਸੀ । ਕਮਰੇ ਦੇ ਬਾਹਰ ਉਸ ਦੇ ਨਾਮ ਦੀ ਤਖਤੀ ਹਟਾ ਦਿੱਤੀ ਗਈ ਸੀ, ਤਾਂਕਿ ਕਿਸੇ ਬਾਹਰੀ ਵਿਅਕਤੀ ਨੂੰ ਪਤਾ ਨਾ ਲਗ ਸਕੇ । ਸੀਟ 'ਤੇ ਬੈਠੇ ਰਿਟਾਇਰ ਅਧਿਕਾਰੀ ਦੀ ਭਿਣਕ ਦਫਤਰ ਤੋਂ ਬਾਹਰ ਨਿਕਲੀ ਅਤੇ ਫੋਟੋ ਲੈਣ 'ਤੇ ਮਾਮਲਾ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਤਾਂ ਉਸ ਨੂੰ ਦਫਤਰ ਤੋਂ ਭਜਾ ਦਿੱਤਾ ਗਿਆ।
ਇਕ ਮਹੀਨੇ ਦੇ ਕੰਮ ਦਾ ਕੌਣ ਹੋਵੇਗਾ ਜ਼ਿੰਮੇਵਾਰ
ਗਮਾਡਾ ਵਿਚ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ 1 ਫਰਵਰੀ ਤੋਂ ਲੈ ਕੇ 28 ਫਰਵਰੀ ਤਕ ਇਸ ਅਹਿਮ ਸੀਟ 'ਤੇ ਬੈਠ ਕੇ ਅਣਅਧਿਕਾਰਿਤ ਤੌਰ 'ਤੇ ਜੋ ਵੀ ਕੰਮ ਕੀਤਾ ਗਿਆ ਹੈ, ਉਸ ਲਈ ਜ਼ਿੰਮੇਵਾਰੀ ਕਿਸ ਅਧਿਕਾਰੀ ਦੀ ਫਿਕਸ ਹੋਣੀ ਚਾਹੀਦੀ ਹੈ ।
ਦਫਤਰ ਵਿਚ ਸੀਟ 'ਤੇ ਕਿਸ ਨੇ ਬਿਠਾਇਆ
ਰਿਟਾਇਰਮੈਂਟ ਤੋਂ ਬਾਅਦ ਬਿਨਾਂ ਕਿਸੇ ਨਿਯੁਕਤੀ ਦੇ ਅਰੋੜਾ ਨੂੰ ਕਿਸ ਮੌਜੂਦਾ ਅਧਿਕਾਰੀ ਨੇ ਉਸ ਸੀਟ 'ਤੇ ਬੈਠਣ ਦੀ ਆਗਿਆ ਦਿੱਤੀ, ਇਸ ਦੇ ਬਾਰੇ ਵਿਚ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ। ਗਮਾਡਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਿਟਾਇਰਮੈਂਟ ਤੋਂ ਬਾਅਦ ਕਿਸੇ ਅਧਿਕਾਰੀ ਨੂੰ ਫਿਰ ਤੋਂ ਨਿਯੁਕਤ ਕੀਤਾ ਤਾਂ ਜਾ ਸਕਦਾ ਹੈ ਪਰ ਉਸ ਦੇ ਲਈ ਕੁਝ ਸਰਕਾਰੀ ਪ੍ਰਕਿਰਿਆ ਹੁੰਦੀ ਹੈ, ਜੋ ਕਿ ਉਕਤ ਅਧਿਕਾਰੀ ਦੇ ਮਾਮਲੇ ਵਿਚ ਪੂਰੀ ਨਹੀਂ ਕੀਤੀ ਗਈ ।