ਗੁਰਦਾਸਪੁਰ ਦੇ ਚੌਕ ਖੁੱਲ੍ਹੇ ਕਰਨ ਦੇ ਬਾਵਜੂਦ ਲੱਗ ਰਹੇ ਲੰਮੇ ਜਾਮ, ਨਾਜਾਇਜ਼ ਕਬਜ਼ੇ ਬਣ ਰਹੇ ਸਮੱਸਿਆ
Thursday, Dec 12, 2024 - 01:09 PM (IST)
ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸ਼ਹਿਰ ਅੰਦਰ ਟ੍ਰੈਫਿਕ ਵਿਵਸਥਾ ਦੀ ਹਾਲਤ ਦਿਨੋ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਅਨੇਕਾਂ ਪ੍ਰਮੁੱਖ ਚੌਕਾਂ ਨੂੰ ਬੇਸ਼ੱਕ ਖੁੱਲ੍ਹਾ ਕਰ ਦਿੱਤਾ ਗਿਆ ਹੈ ਪਰ ਇਨ੍ਹਾਂ ਚੌਕਾਂ ਦੇ ਆਲੇ-ਦੁਆਲੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਵਿਵਸਥਾ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ, ਜਿਸ ਕਾਰਨ ਨਾ ਸਿਰਫ ਸ਼ਹਿਰ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ, ਸਗੋਂ ਸ਼ਹਿਰ ਵਿਚ ਹੋਰ ਕੰਮਾਂਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ ਵੀ ਰੋਜ਼ਾਨਾ ਹੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤਾਜ਼ਾ ਮਿਸਾਲ ਗੁਰਦਾਸਪੁਰ ਦੇ ਭਾਈ ਲਾਲੋ ਜੀ ਚੌਕ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਰੋਜ਼ਾਨਾ ਹੀ ਲੰਬਾ ਜਾਮ ਲੱਗਾ ਰਹਿੰਦਾ ਹੈ। ਖਾਸ ਤੌਰ ’ਤੇ ਸਵੇਰੇ ਸਕੂਲ ਅਤੇ ਦਫ਼ਤਰ ਲੱਗਣ ਦੇ ਸਮੇਂ ਅਤੇ ਛੁੱਟੀ ਵੇਲੇ ਇਥੇ ਹਾਲਾਤ ਬਹੁਤ ਹੀ ਗੰਭੀਰ ਬਣ ਜਾਂਦੇ ਹਨ। ਅੱਜ ਵੀ ਸਵੇਰੇ 9 ਵਜੇ ਦੇ ਕਰੀਬ ਜਦੋਂ ਚੌਕ ਦਾ ਦੌਰਾ ਕੀਤਾ ਗਿਆ ਤਾਂ ਇਥੇ ਲੰਬੇ ਟ੍ਰੈਫਿਕ ਜਾਮ ਲੱਗੇ ਹੋਏ ਸਨ। ਇਥੋਂ ਤੱਕ ਕਿ ਜਾਮ ’ਚ ਜਿਥੇ ਸਕੂਲੀ ਬੱਚੇ ਫਸੇ ਹੋਏ ਸਨ, ਉਸ ਦੇ ਨਾਲ ਹੀ ਇਕ ਐਂਬੂਲੈਂਸ ਅਤੇ ਕੁਝ ਬੱਸਾਂ ਵੀ ਜਾਮ ’ਚ ਫਸੀਆਂ ਦਿਖਾਈ ਦਿੱਤੀਆਂ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਇਸ ਦੌਰਾਨ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਚੌਕ ’ਚ ਨਾਜਾਇਜ਼ ਕਬਜ਼ਿਆਂ ਕਾਰਨ ਪਹਿਲਾਂ ਹੀ ਇਥੇ ਅਕਸਰ ਆਵਾਜਾਈ ਜਾਮ ਲੱਗਦੇ ਸਨ ਪਰ ਹੁਣ ਇਸ ਚੌਕ ਦੇ ਨਵੀਨੀਕਰਨ ਅਤੇ ਸੈਂਟਰ ’ਚ ਇਕ ਗੋਲ ਚੌਕ ਬਣਾਉਣ ਲਈ ਸ਼ੁਰੂ ਕੀਤੇ ਕੰਮ ਨੇ ਇਥੇ ਹਾਲਾਤ ਹੋਰ ਵੀ ਬਦਤਰ ਬਣਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਚੌਕ ’ਚ ਬਹੁਤ ਵੱਡਾ ਗੋਲ ਚੱਕਰ ਬਣਾਇਆ ਜਾ ਰਿਹਾ ਹੈ। ਜਦੋਂ ਕਿ ਚੌਕ ਦੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਹੋਏ ਨਾਜਾਇਜ਼ ਕਬਜ਼ੇ ਅਜੇ ਤੱਕ ਨਹੀਂ ਹਟਾਏ ਗਏ, ਜਿਸ ਕਾਰਨ ਇਥੇ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਸ਼ਹਿਰ ਦਾ ਬੱਸ ਸਟੈਂਡ ਸ਼ਹਿਰ ਦੇ ਬਾਹਰ ਵਾਰ ਜਾਣ ਕਾਰਨ ਲੋਕਾਂ ਨੇ ਬੇਸ਼ੱਕ ਆਵਾਜਾਈ ਸਮੱਸਿਆ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਸੀ ਪਰ ਇਸ ਦੇ ਉਲਟ ਇਥੇ ਹਾਲਾਤ ਹੋਰ ਵੀ ਗੰਭੀਰ ਬਣਦੇ ਜਾ ਰਹੇ ਹਨ। ਗੁਰਦਾਸਪੁਰ ਸ਼ਹਿਰ ਦਾ ਤਿੱਬੜੀ ਚੌਕ ਅਤੇ ਭਾਈ ਲਾਲੋ ਜੀ ਚੌਕ ਸਾਰਾ ਦਿਨ ਹੀ ਆਵਾਜਾਈ ਜਾਮ ਦਾ ਕੇਂਦਰ ਬਣਿਆ ਰਹਿੰਦਾ ਹੈ।
ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਬੱਸ ਸਟੈਂਡ ਬਾਹਰ ਚਲਾ ਗਿਆ ਹੈ ਤਾਂ ਇਸ ਦੇ ਬਾਵਜੂਦ ਵੀ ਮਿਨੀ ਬੱਸਾਂ ਅਤੇ ਕਈ ਵੱਡੀਆਂ ਬੱਸਾਂ ਵੀ ਇਸ ਚੌਕ ਰਾਹੀਂ ਹੋ ਕੇ ਗੁਜ਼ਰਦੀਆਂ ਹਨ, ਜੋ ਇੱਥੇ ਆਵਾਜਾਈ ’ਚ ਵਿਘਨ ਦਾ ਕਾਰਨ ਬਣਦੀਆਂ ਹਨ। ਇਸੇ ਕਾਰਨ ਅੱਜ ਇੱਥੇ ਅੰਡਰਪਾਸ ਤੋਂ ਦੂਰ ਬੱਸ ਸਟੈਂਡ ਤੱਕ ਵੀ ਲੰਬੀਆਂ ਲਾਈਨਾਂ ਲੱਗੀਆਂ ਦਿਖਾਈ ਦਿੱਤੀਆਂ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਹੋਰ ਤੇ ਹੋਰ ਸਵੇਰ ਵੇਲੇ ਐੱਸ. ਐੱਸ. ਪੀ. ਗੁਰਦਾਸਪੁਰ ਦੀ ਗੱਡੀ ਨੂੰ ਇਸ ਚੌਕ ’ਚੋਂ ਲੰਘਾਉਣ ਲਈ ਖੁਦ ਐੱਸ. ਐੱਸ. ਪੀ. ਦੇ ਗਨਮੈਨਾਂ ਨੂੰ ਹੀ ਕਾਫੀ ਮੁਸ਼ੱਕਤ ਕਰਨੀ ਪਈ। ਇਸੇ ਤਰ੍ਹਾਂ ਮੱਛੀ ਮਾਰਕੀਟ ਚੌਕ ਅਤੇ ਹਰਦੋਛੰਨੀ ਮੋੜ ’ਤੇ ਵੀ ਪੂਰਾ ਦਿਨ ਲੋਕ ਜਾਮ ’ਚ ਫਸੇ ਦਿਖਾਈ ਦਿੰਦੇ ਹਨ।
ਲੋਕਾਂ ਨੇ ਸਿਗਨਲ ਲਾਈਟਾਂ ਲਗਾਉਣ ਦੀ ਕੀਤੀ ਮੰਗ
ਟ੍ਰੈਫਿਕ ਜਾਮ ਕਾਰਨ ਪ੍ਰੇਸ਼ਾਨ ਹੋ ਰਹੇ ਸ਼ਹਿਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਅਤੇ ਐੱਸ. ਐੱਸ. ਪੀ. ਹਰੀਸ਼ ਦਾਯਮਾ ਕੋਲੋਂ ਮੰਗ ਕੀਤੀ ਕਿ ਉਹ ਆਵਾਜਾਈ ਦੀ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਵਿਵਸਥਾ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਚੌਕਾਂ ’ਚ ਹੋਏ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ ਕਿਉਂਕਿ ਇਹ ਚੌਕਾਂ ਦੇ ਨਾਜਾਇਜ਼ ਕਬਜ਼ੇ ਹੀ ਆਵਾਜਾਈ ’ਚ ਵਿਘਨ ਦਾ ਕਾਰਨ ਬਣਦੇ ਹਨ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਸ ਹਸਪਤਾਲ 'ਚ ਮਿਲੇਗੀ ਖ਼ਾਸ ਸਹੂਲਤ, ਨਜ਼ਦੀਕੀ ਸੂਬਿਆਂ ਨੂੰ ਵੀ ਹੋਵੇਗਾ ਲਾਭ
ਚੌਕ ਅਤੇ ਸੜਕਾਂ ਛੋਟੀਆਂ ਹੋਣ ਕਾਰਨ ਪਹਿਲਾਂ ਹੀ ਇਥੇ ਵਾਹਨਾਂ ਦਾ ਆਉਣਾ-ਜਾਣਾ ਮੁਸ਼ਕਲ ਹੁੰਦਾ ਹੈ ਪਰ ਚੌਕਾਂ ਦੀਆਂ ਨੁੱਕਰਾਂ ’ਤੇ ਰੇੜੀਆਂ ਅਤੇ ਹੋਰ ਦੁਕਾਨਾਂ ਵਾਲਿਆਂ ਵੱਲੋਂ ਲਗਾਏ ਸਾਮਾਨ ਕਾਰਨ ਇਥੇ ਵਾਹਨਾਂ ਦਾ ਲੰਘਣਾ ਸੰਭਵ ਨਹੀਂ ਹੁੰਦਾ, ਜਿਸ ਕਾਰਨ ਸੜਕਾਂ ਛੋਟੀਆਂ ਪੈ ਜਾਂਦੀਆਂ ਹਨ ਅਤੇ ਇਥੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗਦੀਆਂ ਹਨ।
ਇਸੇ ਤਰ੍ਹਾਂ ਭਾਈ ਲਾਲੋ ਜੀ ਚੌਕ ਦੇ ਸਟਰਕਚਰ ਨੂੰ ਬਣਾਉਣ ਤੋਂ ਪਹਿਲਾਂ ਇਥੇ ਦੀ ਸਥਿਤੀ ਨੂੰ ਗੰਭੀਰਤਾ ਦੇ ਨਾਲ ਦੇਖਿਆ ਜਾਵੇ ਅਤੇ ਇਸ ਚੌਕ ’ਚ ਸਿਗਨਲ ਲਾਈਟਾਂ ਵੀ ਜ਼ਰੂਰ ਲਗਾਈਆਂ ਜਾਣ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਅੰਦਰ ਇਨ੍ਹਾਂ ਚੌਕਾਂ ਰਾਹੀਂ ਆਉਣ ਵਾਲੀਆਂ ਬੱਸਾਂ ਨੂੰ ਵੀ ਸ਼ਹਿਰ ਦੇ ਬਾਹਰਵਾਰ ਜਾਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਆਵਾਜਾਈ ਵਿਘਨ ਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8