ਹੜ੍ਹਾਂ ਕਾਰਨ ਟੁੱਟੇ ਸੜਕ ਦੇ ਕਿਨਾਰੇ ਨਿੱਤ ਵਾਪਰ ਰਹੇ ਹਾਦਸੇ, ਸਰਕਾਰ ਖਾਮੋਸ਼
Wednesday, Mar 18, 2026 - 05:55 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਗੁਰਦਾਸਪੁਰ ਤੋਂ ਗਾਲਹੜੀ ਰੋਡ 'ਤੇ ਪਿਛਲੇ ਸਾਲ ਹੜ੍ਹ ਆਉਣ ਕਾਰਨ ਸੜਕਾਂ ਦੇ ਕਿਨਾਰੇ ਬਿਲਕੁਲ ਖਤਮ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਵੱਲ ਅੱਜ ਤੱਕ ਕੋਈ ਧਿਆਨ ਨਾ ਦੇਣ ਕਾਰਨ ਨਿੱਤ ਦਿਨ ਆਉਣ ਜਾਣ ਵਾਲੇ ਰਾਹਗੀਰ ਹਾਦਸਿਆ ਦਾ ਸ਼ਿਕਾਰ ਹੋ ਰਹੇ ਹਨ। ਅੱਜ ਮੁੜ ਗਾਹਲੜੀ ਅੱਡੇ ਵਿਖੇ ਬੀਐਸਐਫ ਦੀ ਚੌਂਕੀ ਦੇ ਸਾਹਮਣੇ ਸੜਕ ਹਾਦਸਾ ਵਾਪਰ ਗਿਆ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਕ ਇਨੋਵਾ ਕਾਰ ਸੜਕ ਕਿਨਾਰੇ ਟੁੱਟੇ ਹੋਣ ਕਾਰਣ ਪਲਟ ਗਈ। ਕਾਰ ਵਿਚ ਕਰੀਬ ਛੇ ਤੋਂ ਸੱਤ ਸਵਾਰੀਆਂ ਸਨ ਜੋ ਇਸ ਹਾਦਸੇ ਵਿਚ ਵਾਲ-ਵਾਲ ਬਚ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਸੀ। ਇਲਾਕੇ ਵਿਚ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਸੜਕਾਂ ਦੇ ਕਿਨਾਰੇ ਕਾਫੀ ਨੁਕਸਾਨੇ ਗਏ ਹਨ, ਜਿਸ ਕਰਕੇ ਸੜਕ ਦਾ ਕਿਨਾਰਾ ਕਈ ਥਾਵਾਂ 'ਤੇ ਖਤਮ ਹੋ ਚੁੱਕਾ ਹੈ। ਇਸੇ ਕਾਰਨ ਡਰਾਈਵਰ ਦਾ ਵਾਹਨ ‘ਤੇ ਕੰਟਰੋਲ ਖੋਹ ਬੈਠਾ ਅਤੇ ਹਾਦਸਾ ਵਾਪਰ ਗਿਆ।
ਸਥਾਨਕ ਲੋਕਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਕਿਸੇ ਦਾ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਕਾਰ ਨੂੰ ਨੁਕਸਾਨ ਪਹੁੰਚਿਆ ਹੈ। ਗੌਰਤਲਬ ਹੈ ਕਿ ਇਸ ਮਾਮਲੇ ਸਬੰਧੀ ਇਲਾਕਾ ਵਾਸੀਆਂ ਵੱਲੋਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਅਤੇ ਇਸ ਬਾਰੇ ਕਈ ਵਾਰ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕਿਨਾਰਿਆਂ ਵਿਚ ਸੁਧਾਰ ਕੀਤਾ ਜਾਵੇ ਤਾਂ ਕਿ ਕਿਸੇ ਨਾਲ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ ।
