'ਮੈਥਾਨਾਲ' ਬਣਦਾ ਹੈ ਸ਼ਰਾਬੀਆਂ ਦੀ ਮੌਤ ਦਾ ਅਸਲ ਕਾਰਣ

08/05/2020 1:07:07 PM

ਚੰਡੀਗੜ੍ਹ (ਰਮਨਜੀਤ) : ਅਜਿਹਾ ਨਹੀਂ ਹੈ ਕਿ ਦੇਸੀ ਸ਼ਰਾਬ ਬਣਾਉਣ, ਵੇਚਣ ਅਤੇ ਪਿਲਾਉਣ ਦਾ ਧੰਦਾ ਨਵਾਂ ਹੈ ਅਤੇ ਦੇਸੀ ਸ਼ਰਾਬ ਦੇ ਕਾਰੋਬਾਰ 'ਚ ਜ਼ਹਿਰ ਦਾ ਕਹਿਰ ਕੋਈ ਪਹਿਲੀ ਵਾਰ ਟੁੱਟਿਆ ਹੈ। ਇਹ ਧੰਦਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਜਦੋਂ ਤੋਂ ਇਹ ਨਿਯਮਿਕ ਜਾਂ ਗ਼ੈਰ-ਕਾਨੂੰਨੀ ਕਾਰੋਬਾਰ ਹੈ, ਉਦੋਂ ਤੋਂ ਇਸ 'ਚ ਮਿਲਾਵਟ ਦਾ ਸਿਲਸਿਲਾ ਵੀ ਚੱਲਿਆ ਆ ਰਿਹਾ ਹੈ। ਵੇਚਣ ਵਾਲੇ ਮੁਨਾਫ਼ਾ ਵਧਾਉਣ ਲਈ ਸ਼ੁਰੂਆਤੀ ਦੌਰ 'ਚ ਪਾਣੀ ਦੀ ਮਿਲਾਵਟ ਕਰਦੇ ਸਨ ਪਰ ਇਸ ਨਾਲ ਸ਼ਰਾਬ ਦਾ ਨਸ਼ਾ ਘੱਟ ਹੋ ਜਾਂਦਾ ਹੈ, ਇਸ ਲਈ ਇਸ 'ਚ ਕਈ ਹੋਰ ਤਰ੍ਹਾਂ ਦੀਆਂ ਮਿਲਾਵਟਾਂ ਕੀਤੀਆਂ ਜਾਣ ਲੱਗੀਆਂ ਤਾਂ ਜੋ ਨਸ਼ਾ ਵੀ ਬਰਕਰਾਰ ਰਹੇ ਅਤੇ ਮੁਨਾਫ਼ਾ ਵੀ ਜ਼ਿਆਦਾ ਹੋਵੇ। ਕਈ ਵਾਰ ਦੇਸ਼ ਦੇ ਕਈ ਹਿੱਸਿਆਂ ਤੋਂ ਜ਼ਹਿਰੀਲੀ ਸ਼ਰਾਬ ਕਾਰਣ ਮੌਤ ਦੀਆਂ ਖਬਰਾਂ ਆ ਚੁੱਕੀਆਂ ਹਨ ਅਤੇ ਇਹ ਜ਼ਹਿਰੀਲੀ ਸ਼ਰਾਬ ਅਸਲ 'ਚ ਮਿਲਾਵਟ ਕਾਰਣ ਹੀ ਬਣ ਜਾਂਦੀ ਹੈ। ਦੇਸੀ ਸ਼ਰਾਬ ਜਿਸ ਨੂੰ ਪੰਜਾਬ 'ਚ ਆਮ ਬੋਲ-ਚਾਲ ਦੀ ਭਾਸ਼ਾ 'ਚ ‘ਘਰ ਦੀ ਕੱਢੀ’ ਵੀ ਕਹਿੰਦੇ ਹਨ, ਉਸ ਦੀ ਰਾਸਾਇਣਕ ਪ੍ਰਕਿਰਿਆ ਬਹੁਤ ਹੀ ਸਧਾਰਣ ਹੈ। ਇਹ ਗੁੜ, ਸ਼ੀਰਾ ਜਾਂ ਖੱਟੇ ਫਲਾਂ ਤੋਂ ਤਿਆਰ ਕੀਤੀ ਜਾਂਦੀ ਹੈ। ਇੱਥੋਂ ਤੱਕ ਸਭ ਕੁਝ ਠੀਕ ਰਹਿੰਦਾ ਹੈ ਪਰ ਇਸ ਨੂੰ ਜ਼ਿਆਦਾ ਨਸ਼ੀਲਾ ਜਾਂ ਟਿਕਾਊ ਨਸ਼ੇ ਵਾਲੀ ਬਣਾਉਣ ਦੇ ਚੱਕਰ 'ਚ ਹੀ ਇਹ ਜ਼ਹਿਰੀਲੀ ਹੋ ਜਾਂਦੀ ਹੈ।
ਅਲਕੋਹਲ ਦੀਆਂ ਕਿਸਮਾਂ
ਅਲਕੋਹਲ ਤਿੰਨ ਤਰ੍ਹਾਂ ਦਾ ਹੁੰਦਾ ਹੈ, ਐਥਾਇਲ ਅਲਕੋਹਲ ਜਾਂ ਏਥੇਨਾਲ, ਮੈਥਾਇਲ ਐਲਕੋਹਲ ਜਾਂ ਮੈਥਾਨਾਲ ਅਤੇ ਆਈਸੋਪ੍ਰੋਪਾਇਲ। ਆਈਸੋਪ੍ਰੋਪਾਇਲ, ਜਿਸ ਨੂੰ ਰਬਿੰਗ ਅਲਕੋਹਲ ਵੀ ਕਹਿੰਦੇ ਹਨ, ਡਾਕਟਰਾਂ ਵਲੋਂ ਸੈਨੀਟਾਈਜੇਸ਼ਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਹੈਂਡ ਸੈਨੀਟਾਈਜ਼ਰ 'ਚ ਜ਼ਿਆਦਾਤਰ ਇਸ ਦਾ ਹੀ ਇਸਤੇਮਾਲ ਹੁੰਦਾ ਹੈ। ਮੈਥਾਨਾਲ ਦਾ ਇਸਤੇਮਾਲ ਇੰਡਸਟਰੀ 'ਚ ਕੀਤਾ ਜਾਂਦਾ ਹੈ ਜਿਵੇਂ ਕਿ ਲੱਕੜੀ ਉਦਯੋਗ, ਪਾਲਿਸ਼ ਜਾਂ ਪੇਂਟ ਆਦਿ 'ਚ। ਮੈਥਾਨਾਲ ਬਹੁਤ ਹੀ ਜ਼ਹਿਰੀਲਾ ਹੁੰਦਾ ਹੈ ਅਤੇ ਜੇਕਰ ਇਸ ਨੂੰ ਪੀ ਲਿਆ ਜਾਵੇ ਤਾਂ ਸਰੀਰ 'ਚ ਅਜਿਹੇ ਕੈਮੀਕਲ ਪ੍ਰਭਾਵ ਹੁੰਦੇ ਹਨ, ਜਿਸ ਨਾਲ ਅੱਖਾਂ ਦੀ ਰੌਸ਼ਨੀ ਜਾਣ ਤੋਂ ਲੈ ਕੇ ਮੌਤ ਤੱਕ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਇਹ ਹੁੰਦਾ ਹੈ ਸਰੀਰ ’ਚ
ਪੰਜਾਬ ਯੂਨੀਵਰਸਿਟੀ ਦੇ ਕੈਮਿਸਟਰੀ ਮਹਿਕਮੇ ਦੇ ਚੇਅਰਪਰਸਨ ਡਾ. ਕਮਲ ਨੈਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਕੋਈ ਸ਼ਰਾਬ ਪੀਂਦਾ ਹੈ ਤਾਂ ਅਲਕੋਹਲ ਸਰੀਰ 'ਚ  ਲੀਵਰ ਦੇ ਜ਼ਰੀਏ ਆਕਸੀਡਾਈਜ਼ ਹੁੰਦਾ ਹੈ ਅਤੇ ‘ਐਲਡਿਹਾਈਡ’ 'ਚ ਬਦਲ ਜਾਂਦੀ ਹੈ ਪਰ ਮਿਥਾਇਲ ਐਲਕੋਹਲ ‘ਫਾਰਮੇਲਡਾਈਡ’ ਨਾਮਕ ਕੈਮਿਕਲ 'ਚ ਬਦਲ ਜਾਂਦਾ ਹੈ, ਜੋ ਕਿ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ। ਇਹ ਜ਼ਹਿਰ ਸਭ ਤੋਂ ਜ਼ਿਆਦਾ ਅਤੇ ਪਹਿਲਾਂ ਅੱਖਾਂ ’ਤੇ ਅਸਰ ਕਰਦੀ ਹੈ। ਅੰਨ੍ਹਾਪਣ ਇਸ ਦਾ ਪਹਿਲਾ ਲੱਛਣ ਹੈ। ਇਸ ਤੋਂ ਬਾਅਦ ਜੇਕਰ ਮਾਤਰਾ ਜ਼ਿਆਦਾ ਹੋਵੇ ਤਾਂ ਪ੍ਰਭਾਵ ਵੱਧਦਾ ਜਾਂਦਾ ਹੈ ਅਤੇ ਸਰੀਰ ਦੇ ਹੋਰ ਅੰਗ ਕੰਮ ਕਰਨਾ ਬੰਦ ਕਰਦੇ ਜਾਂਦੇ ਹਨ ਅਤੇ ਮੌਤ ਦਾ ਕਾਰਣ ਬਣਦੇ ਹਨ। ਵੱਖ-ਵੱਖ ਵਿਅਕਤੀਆਂ 'ਚ ਇਹ ਕੈਮੀਕਲ ਪ੍ਰਕਿਰਿਆ ਤੇਜ਼ ਜਾਂ ਹੌਲੀ ਹੋ ਸਕਦੀ ਹੈ।


 


Babita

Content Editor

Related News