ਦੇਸ਼ ਭਗਤ ਮਛੇਰਿਆਂ ਨੇ ਨਹੀਂ ਲਾਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ
Wednesday, Nov 01, 2017 - 06:31 AM (IST)

ਅੰਮ੍ਰਿਤਸਰ, (ਨੀਰਜ)- ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਭਾਰਤੀ ਕੈਦੀਆਂ ਨਾਲ ਜੇਲ ਪ੍ਰਬੰਧਕ ਕਿੰਨਾ ਗੰਦਾ ਵਰਤਾਅ ਕਰਦੇ ਹਨ ਉਸ ਦੇ ਜ਼ਿੰਦਾ ਸਬੂਤ ਸਰਬਜੀਤ ਅਤੇ ਕਿਰਪਾਲ ਦੀ ਹੱਤਿਆ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਭਾਰਤੀ ਮਛੇਰਿਆਂ ਦੇ ਮਾਮਲੇ ਵਿਚ ਵੀ ਪਾਕਿਸਤਾਨ ਦਾ ਜੇਲ ਮੈਨੇਜਮੈਂਟ ਆਪਣੀਆਂ ਮਾੜੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਕਰਾਚੀ ਸਥਿਤ ਲਾਂਡੀ ਜੇਲ 'ਚੋਂ 68 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਦੇ ਸਮੇਂ ਪਾਕਿਸਤਾਨ ਜੇਲ ਪ੍ਰਬੰਧਕਾਂ ਨੇ ਜ਼ਬਰਦਸਤੀ ਮਛੇਰਿਆਂ ਨੂੰ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਨੂੰ ਕਿਹਾ ਪਰ ਕਿਸੇ ਵੀ ਮਛੇਰੇ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਨਹੀਂ ਲਾਏ। ਸਾਰੇ ਮਛੇਰਿਆਂ ਨੇ ਹਿੰਦੁਸਤਾਨ ਪ੍ਰਤੀ ਆਪਣੀ ਦੇਸ਼ ਭਗਤੀ ਦਰਸਾਉਂਦੇ ਹੋਏ ਪਾਕਿਸਤਾਨ ਜ਼ਿੰਦਾਬਾਦ ਦਾ ਇਕ ਵੀ ਨਾਅਰਾ ਨਹੀਂ ਲਾਇਆ, ਜਦੋਂ ਕਿ ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਮਛੇਰਿਆਂ ਨੇ ਰਿਹਾਅ ਹੁੰਦੇ ਸਮੇਂ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਹਨ। ਪਾਕਿਸਤਾਨੀ ਮੀਡੀਆ ਦੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਮਛੇਰਿਆਂ ਦੇ ਦਲ ਦੇ ਨੇਤਾ ਅਬਦੁਲ ਨੇ ਦੱਸਿਆ ਕਿ ਪਾਕਿਸਤਾਨ ਜੇਲ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਰਿਹਾਅ ਕਰਦੇ ਸਮੇਂ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਲਈ ਦਬਾਅ ਜ਼ਰੂਰ ਬਣਾਇਆ ਸੀ ਪਰ ਕਿਸੇ ਵੀ ਮਛੇਰੇ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਨਹੀਂ ਲਾਇਆ, ਇੱਥੋਂ ਤੱਕ ਕਿ ਰਿਹਾਅ ਹੁੰਦੇ ਸਮੇਂ ਪਾਕਿਸਤਾਨੀ ਮੀਡੀਆ ਨੇ ਵੀ ਉਨ੍ਹਾਂ 'ਤੇ ਦਬਾਅ ਬਣਾਇਆ ਅਤੇ ਧਮਕਾਇਆ ਕਿ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਓ ਪਰ ਕਿਸੇ ਵੀ ਮਛੇਰੇ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਨਹੀਂ ਲਾਇਆ। ਟੀਮ ਲੀਡਰ ਨੇ ਦੱਸਿਆ ਕਿ ਪਾਕਿਸਤਾਨ ਕੋਸਟ ਗਾਰਡ ਦੇ ਅਧਿਕਾਰੀ ਜ਼ਬਰਦਸਤੀ ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰ ਰਹੇ ਹਨ। ਗੁਜਰਾਤ ਦੇ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਸਾਰੇ ਮਛੇਰੇ ਮੱਛੀ ਫੜਨ ਲਈ ਸਮੁੰਦਰ ਵਿਚ ਆਪਣੀਆਂ ਬੇੜੀਆਂ ਵਿਚ ਉਤਰਦੇ ਹਨ। ਸਮੁੰਦਰ ਦੀਆਂ ਲਹਿਰਾਂ ਵਿਚ ਕੋਈ ਫੈਂਸਿੰਗ ਨਹੀਂ ਬਣੀ ਹੁੰਦੀ ਹੈ, ਜਦੋਂ ਵੀ ਕੋਈ ਤੇਜ਼ ਲਹਿਰ ਆਉਂਦੀ ਹੈ ਤਾਂ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਪਾਕਿਸਤਾਨੀ ਸਰਹੱਦ ਵਿਚ ਉਨ੍ਹਾਂ ਦੀ ਕਿਸ਼ਤੀ ਪਹੁੰਚ ਗਈ ਹੈ ਅਤੇ ਪਾਕਿਸਤਾਨੀ ਕੋਸਟ ਗਾਰਡ ਦੇ ਕਰਮਚਾਰੀ ਇਸ ਦਾ ਫਾਇਦਾ ਚੁੱਕਦੇ ਹਨ ਜਦੋਂ ਕਿ ਅੰਤਰਰਾਸ਼ਟਰੀ ਸਮਝੌਤੇ ਅਨੁਸਾਰ ਗਲਤੀ ਨਾਲ ਸਰਹੱਦ ਪਾਰ ਕਰਨ ਵਾਲੇ ਵਿਅਕਤੀ ਦੀ ਤੁਰੰਤ ਰਿਹਾਈ ਕੀਤੀ ਜਾਣੀ ਤੈਅ ਹੋਈ ਹੈ ਪਰ ਪਾਕਿਸਤਾਨ ਇਸ ਦੀ ਸ਼ਰੇਆਮ ਉਲੰਘਣਾ ਕਰ ਰਿਹਾ ਹੈ। ਮਛੇਰਿਆਂ ਦੇ ਮੁਖੀ ਨੇ ਕਿਹਾ ਕਿ ਜੇਲ ਵਿਚ ਸਜ਼ਾ ਕੱਟਣ ਦੇ ਦੌਰਾਨ ਵੀ ਪਾਕਿਸਤਾਨੀ ਜੇਲ ਪ੍ਰਬੰਧਕਾਂ ਦਾ ਵਤੀਰਾ ਭਾਰਤੀ ਮਛੇਰਿਆਂ ਪ੍ਰਤੀ ਚੰਗਾ ਨਹੀਂ ਹੈ ਜੇਕਰ ਕੋਈ ਮਛੇਰਾ ਬੀਮਾਰ ਹੋ ਜਾਂਦਾ ਹੈ ਤਾਂ ਉਸ ਦਾ ਪੂਰਾ ਇਲਾਜ ਨਹੀਂ ਕਰਵਾਇਆ ਜਾਂਦਾ ਹੈ। ਇਸ ਕਾਰਨ ਕਈ ਮਛੇਰਿਆਂ ਦੀ ਮੌਤ ਵੀ ਹੋ ਚੁੱਕੀ ਹੈ। ਸਾਰੇ ਮਛੇਰਿਆਂ ਨੇ ਕਿਹਾ ਕਿ ਉਹ ਹਿੰਦੁਸਤਾਨ ਦੇ ਰਹਿਣ ਵਾਲੇ ਹਨ ਅਤੇ ਹਿੰਦੁਸਤਾਨ ਉਨ੍ਹਾਂ ਦੇ ਦਿਲ ਵਿਚ ਵਸਦਾ ਹੈ। ਪਾਕਿਸਤਾਨੀ ਜੇਲ ਪ੍ਰਬੰਧਕ ਉਨ੍ਹਾਂ ਨੂੰ ਜ਼ਬਰਦਸਤੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਨਹੀਂ ਲਵਾ ਸਕਦੇ ਭਾਵੇਂ ਉਨ੍ਹਾਂ ਨੂੰ ਦੁਬਾਰਾ ਹੀ ਜੇਲ ਵਿਚ ਕਿਉਂ ਨਾ ਰਹਿਣਾ ਪਏ। ਮਛੇਰਿਆਂ ਨੇ ਕਿਹਾ ਕਿ ਉਹ ਹਿੰਦੁਸਤਾਨ ਨਾਲ ਬਹੁਤ ਪਿਆਰ ਕਰਦੇ ਹਨ।