ਪੁਲਸ ਨੇ ਡੇਰਾ ਸਮਰਥਕ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਦਰਮਿਆਨ ਕੀਤਾ ਅਦਾਲਤ ’ਚ ਪੇਸ਼
Tuesday, Jun 12, 2018 - 02:55 AM (IST)

ਮੋਗਾ, (ਸੰਦੀਪ)— ਅੱਜ ਪੁਲਸ ਵਲੋਂ ਗ੍ਰਿਫਤਾਰ ਕੀਤੇ ਡੇਰਾ ਸਮਰਥਕ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਵਿਚ ਸਥਾਨਕ ਜੁਡੀਸ਼ੀਅਲ ਕੰਪਲੈਕਸ ਵਿਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਵਿਕਰਮਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ ਅਦਾਲਤ ਨੇ 5 ਦਿਨ ਤੱਕ ਪੁਲਸ ਰਿਮਾਂਡ ਦੇ ਦਿੱਤਾ ਹੈ। ਅੱਜ ਅਦਾਲਤੀ ਕੰਪਲੈਕਸ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ 2011 ਵਿਚ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਡੇਰਾ ਸਮਰਥਕ ਤੇ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਉਸਨੂੰ 5 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਪਰ ਇਸਦੀ ਪੁਸ਼ਟੀ ਪੁਲਸ ਅਧਿਕਾਰੀਆਂ ਐੱਸ. ਪੀ. ਵਜੀਰ ਸਿੰਘ, ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਤੇ ਡੀ. ਐੱਸ. ਪੀ. (ਡੀ) ਸਰਬਜੀਤ ਸਿੰਘ ਨੇ ਕੀਤੀ। ਇਸ ਤਰ੍ਹਾਂ ਦੇ ਹਾਲਾਤ ਸਥਾਨਕ ਸਿਵਲ ਹਸਪਤਾਲ ਵਿਚ ਵੀ ਵਿਅਕਤੀ ਦੇ ਮੈਡੀਕਲ ਕਰਵਾਉਣ ਦੀ ਕਾਰਵਾਈ ਦੌਰਾਨ ਬਣੇ ਸਨ। ਉਕਤ ਮਾਮਲੇ ਵਿਚ ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਉਰਫ ਬਿੱਟੂ 'ਤੇ ਵੀ ਡੇਰਾ ਪ੍ਰੇਮੀਆਂ ਨੂੰ ਉਕਸਾਉਣ ਦੇ ਕਥਿਤ ਦੋਸ਼ ਲੱਗੇ ਸਨ, ਜਿਸ ਕਾਰਨ ਪੁਲਸ ਵਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ। ਡੇਰਾ ਪ੍ਰੇਮੀ ਨਾ ਭੜਕਣ ਅਤੇ ਹਾਲਾਤ ਕਾਬੂ ਵਿਚ ਰਹਿਣ, ਇਸ ਲਈ ਪੁਲਸ ਵਲੋਂ ਇਹ ਮਾਮਲਾ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ।