ਡੇਰਾ ਵਿਵਾਦ : ਭੋਗ ਸਮਾਗਮ ਸ਼ਾਂਤੀ ਪੂਰਵਕ ਨਿਪਟ ਜਾਣ ''ਤੇ ਪੁਲਸ ਪ੍ਰਸ਼ਾਸਨ ਨੇ ਲਿਆ ਸੁੱਖ ਦਾ ਸਾਹ

09/04/2017 4:30:42 PM

ਤਲਵੰਡੀ ਸਾਬੋ (ਮੁਨੀਸ਼)-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਮੌਕੇ 25 ਅਗਸਤ ਨੂੰ ਪੰਚਕੂਲਾ ਵਿਖੇ ਵਾਪਰੀਆਂ ਹਿੰਸਕ ਘਟਨਾਵਾਂ ਵਿਚ ਮਾਰੇ ਗਏ ਵਿਅਕਤੀਆਂ ਦੀ ਲੜੀ ਵਿਚ ਹਲਕਾ ਤਲਵੰਡੀ ਸਾਬੋ ਦੇ ਇਕ ਵਿਅਕਤੀ ਦਾ ਅੱਜ ਭੋਗ ਸਿੱਖ ਮਰਿਆਦਾ ਅਨੁਸਾਰ ਸ਼ਾਂਤੀ ਪੂਰਵਕ ਪੈ ਜਾਣ ਉਪਰੰਤ ਪੁਲਸ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਅੱਜ ਸਬ ਡਵੀਜ਼ਨ ਦੇ ਪਿੰਡ ਬੰਗੀ ਨਿਹਾਲ ਸਿੰਘ ਦੇ ਹਰੀ ਸਿੰਘ ਦੇ ਭੋਗ ਸਮਾਗਮ ਨੂੰ ਲੈ ਕੇ ਤਲਵੰਡੀ ਸਾਬੋ ਸ਼ਹਿਰ ਤੋਂ ਲੈ ਕੇ ਹਲਕੇ ਦੀ ਹਰਿਆਣਾ ਨਾਲ ਲੱਗਦੀ ਹੱਦ ਅਤੇ ਸਮੁੱਚੇ ਹਲਕੇ ਅੰਦਰ ਸੁਰੱਖਿਆ ਪ੍ਰਬੰਧ ਸਵੇਰ ਤੋਂ ਹੀ ਸਖਤ ਕੀਤੇ ਹੋਏ ਸਨ ਤੇ ਡੀ. ਐੱਸ. ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਖੁਦ ਸਮੁੱਚੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ।
ਦੂਜੇ ਪਾਸੇ ਪੰਚਕੂਲਾ ਦੇ ਸੈਕਟਰ ਪੰਜ ਦੇ ਮਨਸਾ ਦੇਵੀ ਥਾਣੇ ਵਿਚ ਦਰਜ ਐੱਫ. ਆਈ. ਆਰ. ਨੰ. 0073 ਵਿਚ ਹਲਕਾ ਤਲਵੰਡੀ ਸਾਬੋ ਦੇ ਤਿੰਨ ਹੋਰ ਪ੍ਰੇਮੀਆਂ ਦੇ ਨਾਮਜ਼ਦ ਹੋਣ ਬਾਰੇ ਪਤਾ ਲੱਗਾ ਹੈ। ਉਕਤ ਨਾਮਜ਼ਦ ਵਿਅਕਤੀਆਂ ਵਿਚ ਪ੍ਰਿਤਪਾਲ ਪੁੱਤਰ ਸੁਖਦੇਵ ਰਾਮ ਵਾਸੀ ਪੱਕਾ ਕਲਾਂ, ਅਵਤਾਰ ਸਿੰਘ ਪੁੱਤਰ ਰਾਮ ਚੰਦਰ ਵਾਸੀ ਸ਼ੇਰਗੜ੍ਹ ਅਤੇ ਕੁਲਦੀਪ ਸਿੰਘ ਪੁੱਤਰ ਪੇਪਲਾਰਾਮ ਵਾਸੀ ਚੱਕ ਹੀਰਾ ਸਿੰਘ ਵਾਲਾ ਦੇ ਨਾਂ ਸ਼ਾਮਿਲ ਹਨ। ਭਾਵੇਂ ਡੀ. ਐੱਸ. ਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਪੰਚਕੂਲਾ ਮਾਮਲੇ ਵਿਚ ਨਾਮਜ਼ਦ ਹੋਣ ਸਬੰਧੀ ਉਨ੍ਹਾਂ ਕੋਲ ਕੋਈ ਸੂਚਨਾ ਨਹੀ ਹੈ ਪਰ ਪੰਚਕੂਲਾ ਤੋਂ ਮਿਲੀ ਐੱਫ. ਆਈ. ਆਰ. ਵਿਚ ਉਕਤ ਤਿੰਨਾਂ ਵਿਅਕਤੀਆਂ ਦੇ ਨਾਮ ਸ਼ਾਮਿਲ ਹਨ ਤੇ ਇਨ੍ਹਾਂ ਦੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੇ ਵੀ ਉਕਤ ਤਿੰਨਾਂ 'ਤੇ ਦਰਜ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਜਿੱਥੇ ਪੱਕਾ ਕਲਾਂ ਦੇ ਵਿਅਕਤੀ ਬਾਰੇ ਇਹ ਪਤਾ ਨਹੀਂ ਲੱਗਾ ਕਿ ਉਹ ਕਿਸ ਜੇਲ ਵਿਚ ਹੈ, ਉਥੇ ਹੀ ਸ਼ੇਰਗੜ੍ਹ ਅਤੇ ਚੱਕ ਹੀਰਾ ਸਿੰਘ ਨਿਵਾਸੀ ਡੇਰਾ ਪ੍ਰੇਮੀਆਂ ਦੇ ਅੰਬਾਲਾ ਜੇਲ ਵਿਚ ਹੋਣ ਸਬੰਧੀ ਸੂਚਨਾ ਮਿਲੀ ਹੈ। ਉਕਤ ਵਿਅਕਤੀਆਂ ਦੇ ਨਾਮਜ਼ਦ ਹੋਣ ਕਾਰਨ ਹੁਣ ਹਲਕੇ ਦੇ ਕੁਲ ਪੰਜ ਵਿਅਕਤੀ ਪੰਚਕੂਲਾ ਵਿਖੇ ਦਰਜ ਮਾਮਲਿਆਂ ਵਿਚ ਸ਼ਾਮਿਲ ਪਾਏ ਗਏ ਹਨ ਤੇ ਅੱਗੇ ਇਹ ਗਿਣਤੀ ਅਜੇ ਹੋਰ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਹਿਲਾਂ ਨਾਮਜ਼ਦ ਦੋਵੇਂ ਵਿਅਕਤੀ ਪਿੰਡ ਭਾਗੀਵਾਂਦਰ ਦੇ ਹਨ।
ਦੂਜੇ ਪਾਸ ਕਈ ਪ੍ਰੇਮੀਆਂ ਦੀਆਂ ਦੁਕਾਨਾਂ 25 ਅਗਸਤ ਤੋਂ ਹੀ ਬੰਦ ਹਨ, ਜਿਸ ਕਰ ਕੇ ਪਰਿਵਾਰਾਂ ਲਈ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ ਤੇ ਕਈ ਦਿਹਾੜੀਦਾਰ ਡੇਰਾ ਪ੍ਰੇਮੀਆਂ ਲਈ ਤਾਂ ਹੋਰ ਵੀ ਮੁਸ਼ਕਿਲ ਖੜ੍ਹੀ ਹੋ ਗਈ ਹੈ ਤੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋਣ ਦੀ ਕਗਾਰ 'ਤੇ ਪੁੱਜ ਗਏ ਹਨ। ਪੰਚਕੂਲਾ ਮਾਮਲੇ ਵਿਚ ਨਾਮਜ਼ਦ ਇਕ ਗਰੀਬ ਵਿਅਕਤੀ ਦੇ ਪਰਿਵਾਰ ਬਾਰੇ ਪਤਾ ਲੱਗਾ ਹੈ ਕਿ ਉਹ ਹੁਣ ਉਸ ਦੀ ਕਾਨੂੰਨੀ ਪੈਰਵਾਈ ਕਰਨ ਜੋਗਾ ਵੀ ਨਹੀਂ ਹੈ। ਕੁਲ ਮਿਲਾ ਕੇ ਡੇਰਾ ਮਾਮਲੇ ਨੇ ਜਿੱਥੇ ਪ੍ਰੇਮੀਆਂ ਨੂੰ ਸਮਾਜਿਕ ਤੌਰ 'ਤੇ ਵੱਖ-ਵੱਖ ਕਰ ਕੇ ਰੱਖ ਦਿੱਤਾ ਹੈ ਉਥੇ ਉਨ੍ਹਾਂ ਨੂੰ ਵੱਡੀ ਆਰਥਿਕ ਮਾਰ ਵੀ ਝੱਲਣੀ ਪੈ ਰਹੀ ਹੈ ਤੇ ਉਹ ਜਲਦੀ ਇਸ ਮਾਮਲੇ ਦੇ ਠੰਡੇ ਪੈਣ ਦੀ ਉਡੀਕ ਕਰ ਰਹੇ ਹਨ।


Related News