ਰਾਏ ਬਿਲਾਲ ਅਕਰਮ ਭੱਟੀ’ ਦਾ ਡੇਟਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਪੁੱਜਣ ''ਤੇ ਸੰਗਤਾਂ ਵਲੋਂ ਭਰਵਾਂ ਸਵਾਗਤ
Monday, Jul 01, 2024 - 01:11 PM (IST)
ਡੇਟਨ (ਰਾਜ ਗੋਗਨਾ)– ਜਨਮ ਸਾਖੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਤਾਂ ਸਾਰੇ ਜਗਤ ਨੂੰ ਰੁਸ਼ਨਾਉਣ ਵਾਲੇ ਕਰਤਾਰ ਦੇ ਪ੍ਰਗਟ ਹੋਣ ਦੀ ਗਵਾਹੀ ਭਰਦੀ ਹੈ। ਅਤੇ ਜਗਤ ਨੂੰ ਰੁਸ਼ਨਾਉਣ ਵਾਲੀ ਪਹਿਲੀ ਕਿਰਨ ਦਾਈ ਦੌਲਤਾਂ ਨੂੰ ਨਸੀਬ ਹੋਈ। ਉਸ ਤੋਂ ਬਾਅਦ ਸਭ ਤੋਂ ਪਹਿਲੇ ਪਾਕਿਸਤਾਨ ਵਿਚ ਉਹ ਵਿਅਕਤੀ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੈਵੀ ਅਜ਼ਮਤ ਪਛਾਨਣ ਦਾ ਮੌਕਾ ਮਿਲਿਆ ਸੀ। ਉਹ ਸਨ ਰਾਇ ਬੁਲਾਰ ਭੱਟੀ ਜੀ, ਉਨ੍ਹਾਂ ਨੇ ਆਪਣੀ ਅੱਧੀ ਜ਼ਮੀਨ ਜੋ 750 ਮੁਰੱਬੇ (18750 ਕਿਲੇ ਸੀ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਲਾ ਦਿੱਤੀ। ਉਨ੍ਹਾਂ ਦੀ 19ਵੀਂ ਪੀੜ੍ਹੀ ‘ਚੋਂ ਰਾਏ ਬਿਲਾਲ ਅਕਰਮ ਭੱਟੀ ਪਾਕਿਸਤਾਨ ਤੋ ਆਪਣੇ ਪਰਿਵਾਰ ਸਮੇਤ ਇਨੀਂ ਦਿਨੀ ਅਮਰੀਕਾ ਦੇ ਦੌਰੇ ‘ਤੇ ਓਹਾਇਓ ਸੂਬੇ ਦੇ ਪ੍ਰਸਿੱਧ ਸ਼ਹਿਰ ਸਿਨਸਿਨੈਟੀ ਅਤੇ ਡੇਟਨ ਵਿਖੇ ਪੁੱਜੇ। ਜਿੱਥੇ ਸਿੱਖ ਭਾਈਚਾਰੇ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।
ਬੀਤੇ ਦਿਨ ਉਹ ਸਿੱਖ ਸੋਸਾਇਟੀ ਆਫ਼ ਡੇਟਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸੰਗਤ ਨਾਲ ਆਪਣੇ ਪਰਿਵਾਰ ਦੇ ਗੁਰੂ ਜੀ ਨਾਲ ਸਬੰਧਾਂ ਬਾਰੇ ਬੜੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸਾਡੇ ਵਡੇਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੱਬੀ ਸਰੂਪ ਨੂੰ ਪਛਾਣਿਆ ਸੀ। ਉਨ੍ਹਾਂ ਨੇ ਸੰਗਤ ਨੂੰ ਆਪਣੇ ਬੱਚਿਆਂ ਸਮੇਤ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਕਰਨ ਦੀ ਅਪੀਲ ਕੀਤੀ ਤਾਂ ਜੋ ਸਾਡੀ ਅੱਜ ਦੀ ਨੌਜੁਆਨ ਪੀੜੀ ਆਪਣੇ ਵਿਰਸੇ ਨਾਲ ਜੁੜੀ ਰਹੇ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਓਹਾਇਓ ਤੋਂ ਸੰਗਤਾਂ ਪਾਕਿਸਤਾਨ ਸਥਿੱਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਪੁੱਜਣਗੀਆਂ। ਉਨ੍ਹਾਂ ਇਸ ਸੰਬੰਧੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖ਼ੁਆਰੀ ਨਾ ਆਉਣ ਦਾ ਭਰੋਸਾ ਵੀ ਦਿੱਤਾ ਅਤੇ ਕਿਹਾ ਕਿ ਹੁਣ ਸਰਕਾਰ ਨੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਲਈ ਵੀਜ਼ਾ ਵੀ ਬਹੁਤ ਅਸਾਨ ਕਰ ਦਿੱਤਾ ਹੈ। ਹੁਣ ਵੀਜ਼ਾ ਆਨਲਾਈਨ ਹੈ। ਇੰਟਰਨੈਟ ‘ਤੇ ਤੁਸੀਂ ਅਮਰੀਕਾ ਵਿਚਲੀ ਪਾਕਿਸਤਾਨ ਦੀ ਅੰਬੈਸੀ ਦੀ ਵੈਬਸਾਈਟ ‘ਤੇ ਅਰਜੀ ਭੇਜ ਸਕਦੇ ਹੋ। ਕੁਝ ਕੁ ਦਿਨਾਂ ਬਾਅਦ ਤੁਹਾਨੂੰ ਵੀਜ਼ਾ ਜਾਰੀ ਹੋ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-123 ਸਾਲਾਂ 'ਚ ਦੂਜੀ ਵਾਰ ਆਸਟ੍ਰੇਲੀਆ ਨੇ ਮਹਿਲਾ ਗਵਰਨਰ-ਜਨਰਲ ਕੀਤਾ ਨਿਯੁਕਤ
ਉਨ੍ਹਾਂ ਨੇ ਪਰਿਵਾਰ ਸਮੇਤ ਡੇਟਨ ਦਾ ਵਿਸ਼ਵ ਪ੍ਰਸਿੱਧ ਨੈਸ਼ਨਲ ਮਿਉਜ਼ੀਅਮ ਆਫ਼ ਦਾ ਯੂਨਾਇਟਡ ਸਟੇਟ ਏਅਰ ਫੋਰਸ ਵੀ ਵੇਖਿਆ। ਇਸ ਮੌਕੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਭੱਟੀ ਸਾਹਿਬ ਨਾਲ ਨੇੜਲੇ ਸਬੰਧਾਂ ਦਾ ਜਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਭੱਟੀ ਸਾਹਿਬ ਦੀ ਸਹਾਇਤਾ ਨਾਲ ਸਭ ਤੋਂ ਪਹਿਲਾਂ 2015 ਵਿੱਚ ਪਾਕਿਸਤਾਨ ਦਾ ਵੀਜਾ ਪ੍ਰਾਪਤ ਕੀਤਾ ਤੇ ਉਹ ਹੁਣ ਹਰ ਸਾਲ ਪਾਕਿਸਤਾਨ ਦੀ ਯਾਤਰਾ ਕਰਦੇ ਹਨ। ਉਨ੍ਹਾਂ ਨੇ ਦਸਿਆ ਕਿ ਕਈ ਲੋਕ ਕਈ ਤਰ੍ਹਾਂ ਦੇ ਸ਼ੰਕੇ ਜਾਹਿਰ ਕਰਦੇ ਹਨ ਕਿ ਉੱਥੇ ਸਫ਼ਰ ਕਰਨਾ ਬੜਾ ਖ਼ਤਰਨਾਕ ਹੈ। ਜੋ ਕਿ ਗ਼ਲਤ ਹੈ। ਵਿਦੇਸ਼ੀਆਂ ਦੀ ਸੁਰੱਖਿਆ ਲਈ ਫ਼ੌਜ ਦੀ ਗੱਡੀ ਯਾਤਰੂਆਂ ਦੀ ਕਾਰ ਦੇ ਅੱਗੇ ਅੱਗੇ ਜਾਂਦੀ ਹੈ। ਸਿੱਖਾਂ ਨੂੰ ਪਾਕਿਸਤਾਨੀ ਲੋਕ ਬੜੇ ਚਾਅ ਤੇ ਸਤਿਕਾਰ ਨਾਲ ਮਿਲਦੇ ਹਨ ਤੇ ਕਈ ਆਪਣੇ ਵਡੇਰਿਆਂ ਦੇ ਪਿੰਡਾਂ ਬਾਰੇ ਵੀ ਪੁੱਛਦੇ ਹਨ। ਜਿਹੜੇ ਕਿ ਪਹਿਲਾਂ ਦੇਸ਼ ਦੀ ਵੰਡ ਤੋਂ ਪਹਿਲਾਂ ਇਧਰ ਰਹਿੰਦੇ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਦਰਸ਼ਨ ਸਿੰਘ ਤੇ ਭਾਈ ਹੇਮ ਸਿੰਘ ਅਤੇ ਬੱਚਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਇਸ ਮੌਕੇ ਪਾਕਿਸਤਾਨ ਵਿੱਚ ਸ਼ਾਹਮੁੱਖੀ ਵਿੱਚ ਛਪੀ ਪੁਸਤਕ ਗੁਰੂ ਨਾਨਕ ਸਾਹਿਬ–ਜੀਵਨ ਅਤੇ ਫ਼ਿਲਾਸਫੀ ਲੇਖਕ ਡਾ. ਕਲਿਆਣ ਸਿੰਘ ਕਲਿਆਣ, ਡਾ. ਅਜੀਤ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਸਤਵੰਤ ਕੌਰ ਵੱਲੋਂ ਸੰਗਤ ਵਿਚ ਰਿਲੀਜ ਕੀਤੀ ਗਈ। ਗੁਰਦੂਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟੀ ਸਾਹਿਬ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।