ਪੀ. ਯੂ. ਚੋਣਾਂ : ਸਾਧਵੀ ਬਲਾਤਕਾਰ ਕੇਸ ਦੇ ਚਲਦੇ ਫਿੱਕਾ ਪਿਆ ਚੋਣਾਂ ਦਾ ਮਾਹੌਲ

Monday, Sep 04, 2017 - 10:25 AM (IST)

ਚੰਡੀਗੜ੍ਹ (ਹੰਸ) — ਨੌ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ 'ਚ ਪੰਚਕੂਲਾ ਦੀ ਸੀ. ਬੀ. ਆਈ. ਕੋਰਟ ਤੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੂਲਾ 'ਚ ਹੋਈ ਹਿੰਸਾ ਤੇ ਉਸ ਤੋਂ ਪਹਿਲਾਂ ਚੰਡੀਗੜ੍ਹ 'ਚ ਪੈਦਾ ਹੋਏ ਹਾਲਾਤ ਦਾ ਅਸਰ ਹੁਣ ਪੰਜਾਬ ਯੂਨੀਵਰਸਿਟੀ 'ਚ ਸੰਘ ਦੀਆਂ ਚੋਣਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਚਕੂਲਾ 'ਚ ਮਚੇ ਹੰਗਾਮੇ ਤੋਂ ਬਾਅਦ ਤੇ ਪਹਿਲਾਂ 4 ਦਿਨ ਪੀ. ਯੂ. ਕੈਂਪਸ 'ਚ ਵੀ ਛੁੱਟੀਆਂ ਰਹੀਆਂ ਸਨ। ਚੱਪੇ-ਚੱਪੇ 'ਤੇ ਪੁਲਸ ਤਾਇਨਾਤ ਸੀ। ਇਸ ਕਾਰਨ ਕੈਂਪਸ 'ਚ ਚੋਣ ਗਤੀਵਿਧੀਆਂ ਸਮੇਂ 'ਤੇ ਸ਼ੁਰੂ ਹੀ ਨਹੀਂ ਹੋ ਸਕੀਆਂ' ਤੇ ਚੋਣਾਂ ਦਾ ਮਾਹੌਲ ਹਰ ਸਾਲ ਜਿਹਾ ਨਹੀਂ ਗਰਮਾ ਪਾਇਆ। ਹਾਲਾਕਿ ਹੁਣ ਵੀ ਪੀ. ਯੂ. ਕੈਂਪਸ 'ਚ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ।
ਵਿਦਿਆਰਥੀ ਸ਼ਾਂਤੀਪੂਰਵਕ ਤਰੀਕੇ ਨਾਲ ਕਲਾਸ ਰੂਮ ਤੇ ਹਾਸਟਲਾਂ 'ਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ ਪਰ ਚੋਣਾਂ ਲਈ ਸਮੇਂ ਘੱਟ ਮਿਲਣ ਦਾ ਮਲਾਲ ਹਰ ਵਿਦਿਆਰਥੀ ਸੰਘ ਨੂੰ ਹੈ। ਵਿਦਿਆਰਥੀ ਸੰਗਠਨਾਂ ਦਾ ਕਹਿਣਾ ਹੈ ਕਿ ਡੇਰਾ ਕਾਂਡ ਤੋਂ ਬਾਅਦ ਪੰਚਕੂਲਾ 'ਚ ਡੇਰਾ ਸਮਰਥਕਾਂ ਦੇ ਮਚਾਏ ਗਏ ਹੁੜਦੰਗ ਦੇ ਕਾਰਨ ਪੀ. ਯੂ. ਕੈਂਪਸ 'ਚ ਚੋਣਾਂ ਦਾ ਮਾਹੌਲ ਨਹੀਂ ਬਣ ਪਾਇਆ। ਕਿਉਂਕਿ ਸਮਾਂ ਘੱਟ ਹੈ, ਇਸ ਲਈ ਹੁਣ ਉਨ੍ਹਾਂ ਜ਼ੋਰ ਆਪਣੇ-ਆਪਣੇ ਉਮੀਦਵਾਰਾਂ ਲਈ ਵੱਖ-ਵੱਖ ਤਰੀਕੇ ਨਾਲ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਹੁਣ ਜਦ ਚੋਣਾਂ ਨੂੰ ਸਿਰਫ 4 ਦਿਨ ਰਹਿ ਗਏ ਹਨ ਤਾਂ ਪ੍ਰਚਾਰ 'ਚ ਪੂਰੀ ਤਾਕਤ ਝੌਂਕ ਦਿੱਤੀ ਹੈ। ਵਿਦਿਆਰਥੀ ਆਗੂ ਪ੍ਰਚਾਰ ਦੌਰਾਨ ਹਰ ਵਿਦਿਆਰਥੀ ਨੂੰ ਆਪਣੀਆਂ ਗਤੀਵਿਧੀਆਂ ਬਾਰੇ ਦੱਸ ਰਹੇ ਹਨ।
ਡੇਰਾ ਸਮਰਥਕ ਬੈਲਟ ਪਾਏਗੀ ਚੋਣਾਂ 'ਤੇ ਅਸਰ
ਪੀ. ਯੂ. ਕੈਂਪਸ ਦੀ ਵਿਦਿਆਰਥਣ ਸਿਆਸਤ ਦੇ ਜਾਣਕਾਰ ਪ੍ਰਭਪੀਤ ਨੇ ਕਿਹਾ ਕਿ ਪੀ. ਯੂ. ਕੈਂਪਸ 'ਚ 10 ਤੋਂ 15 ਫੀਸਦੀ ਵਿਦਿਆਰਥੀ ਪੰਜਾਬ ਤੇ ਹਰਿਆਣਾ ਦੇ ਉਨ੍ਹਾਂ ਖੇਤਰਾਂ ਤੋਂ ਪੜ੍ਹਨ ਆਉਂਦੇ ਹਨ, ਜਿਥੇ ਡੇਰਾ ਸੱਚਾ ਸੌਦਾ ਦਾ ਖਾਸ ਪ੍ਰਭਾਵ ਹੈ। ਇਨ੍ਹਾਂ 'ਚੋਂ ਸਿਰਸਾ, ਕੈਥਲ ਟੋਹਾਣਾ, ਫਤਿਹਾਬਾਦ, ਮਾਲਵਾ ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਮਾਨਸਾ ਆਦਿ ਸ਼ਾਮਲ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਵਿਦਿਆਰਥਈ ਸੰਘ ਚੋਣਾਂ 'ਤੇ ਵੀ ਇਨ੍ਹਾਂ ਖੇਤਰਾਂ ਦੇ ਵਿਦਿਆਰਥੀਆਂ ਦੇ ਰੁਖ ਦਾ ਖਾਸਾ ਅਸਰ ਰਹੇਗਾ। ਇਹ ਵਿਦਿਆਰਥੀ ਭਾਜਪਾ ਦੇ ਵਿਦਿਆਰਥੀ ਸੰਗਠਨ ਦੇ ਨਾਲ ਜਾਣਗੇ ਜਾਂ ਕਾਂਗਰਸ ਤੇ ਇਨੈਲੋ ਦੇ ਵਿਦਿਆਰਥੀ ਸੰਗਠਨ ਵੱਲ ਰੁਖ ਕਰਨਗੇ, ਇਹ ਦੇਖਣਾ ਦਿਲਚਸਪ ਹੋਵੇਗਾ।
ਪੰਚਕੂਲਾ ਹਿੰਸਾ ਨੇ ਕੀਤਾ ਪਰੇਸ਼ਾਨ
ਐੱਨ. ਐੱਸ. ਯੂ. ਦੇ ਆਲ ਇੰਡੀਆ ਸੈਕ੍ਰੇਟਰੀ ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਸਮਰਥਕਾਂ ਵਲੋਂ ਪੰਚਕੂਲਾ 'ਚ ਮਚਾਏ ਗਏ ਹੁੜਦੰਗ ਨੇ ਇਸ ਵਾਰ ਪੀ. ਯੂ. ਦੇ ਵਿਦਿਆਰਥੀ ਕਾਊਂਸਲ ਦੀਆਂ ਚੋਣਾਂ ਦੇ ਮਾਹੌਲ ਨੂੰ ਖਰਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਚਕੂਲਾ ਹਿੰਸਾ ਤੋਂ ਬਾਅਦ ਤੇ ਇਸ ਦੀ ਆਸ਼ੰਕਾ ਦੇ ਚਲਦੇ ਪਹਿਲਾਂ ਕੈਂਪਸ 'ਚ ਹੋਈਆਂ ਛੁੱਟੀਆਂ 'ਚ ਵਿਦਿਆਰਥੀਆਂ ਦਾ ਧਿਆਨ ਵੀ ਵਿਦਿਆਰਥੀ ਸੰਘ ਦੀ ਬਜਾਇ ਡੇਰਾ ਮੁਖੀ ਦੇ ਕਾਂਡ 'ਤੇ ਚਲਾ ਗਿਆ। ਉਹ ਸਮਾਂ ਚੋਣਾਂ ਦੇ ਮਾਹੌਲ ਨੂੰ ਗਰਮਾਉਣ ਵਾਲਾ ਸੀ ਪਰ ਜਦ ਪੀ. ਯੂ. ਕੈਂਪਸ ਖੁੱਲ੍ਹਾ ਤਾਂ ਚੋਣ ਮਾਹੌਲ ਦੇ ਲਿਹਾਜ਼ ਨਾਲ ਬਹੁਤ ਦੇਰ ਹੋ ਚੁੱਕੀ ਸੀ। ਨਤੀਜਾ ਇਹ ਹੈ ਕਿ ਚੋਣ ਮਾਹੌਲ ਗਰਮਾਇਆ ਨਹੀਂ। ਹੁਣ ਵੀ ਜ਼ਿਆਦਾਤਰ ਵਿਦਿਆਰਥੀ ਚੋਣ ਗਤੀਵਿਧੀਆਂ ਨਾਲ ਨਜ਼ਰ ਨਹੀਂ ਆ ਰਹੇ ਹਨ।


Related News