ਰਾਮ ਰਹੀਮ ਮਾਮਲਾ : ਕੁਝ ਅਜਿਹਾ ਸੀ ਕਾਂਗਰਸ ਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦਾ ਡੇਰਾ ਮੁਖੀ ਪ੍ਰੇਮ

Friday, Sep 01, 2017 - 09:41 PM (IST)

ਰਾਮ ਰਹੀਮ ਮਾਮਲਾ : ਕੁਝ ਅਜਿਹਾ ਸੀ ਕਾਂਗਰਸ ਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦਾ ਡੇਰਾ ਮੁਖੀ ਪ੍ਰੇਮ

ਬਠਿੰਡਾ (ਵਿਜੇ) — ਪੰਜਾਬ 'ਚ ਸੱਤਾ ਹਾਸਲ ਕਰਨ ਲਈ ਸਿਆਸੀ ਪਾਰਟੀਆਂ 'ਚ ਡੇਰਾ ਮੁਖੀ ਦਾ ਆਸ਼ੀਰਵਾਦ ਲੈਣ ਲਈ ਇਕ ਹੋੜ ਜਿਹੀ ਲਗੀ ਰਹਿੰਦੀ ਸੀ। ਡੇਰੇ ਦਾ ਕੋਈ ਧਰਮ ਨਾ ਹੋਣ ਕਾਰਨ ਸਰਕਾਰ ਤੇ ਸਿਆਸਤਦਾਨਾਂ ਦੇ ਇਸ਼ਾਰੇ 'ਤੇ ਪੁਲਸ ਲੋਕਾਂ 'ਤੇ ਡੇਰੇ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਤੇ ਡੇਰਾ ਪ੍ਰੇਮੀਆਂ ਵਲੋਂ ਕੀਤੀ ਸ਼ਿਕਾਇਤ 'ਤੇ ਧਾਰਾ 295-ਏ ਦੇ ਤਹਿਤ ਮਾਮਲੇ ਦਰਜ ਕਰਦੀ ਰਹੀ। ਸਾਲ 2000 ਤੋਂ ਬਾਅਦ ਡੇਰੇ ਦਾ ਪ੍ਰਭਾਵ ਵਧਣ ਲੱਗਾ ਤੇ 2002 'ਚ ਡੇਰੇ ਵਲੋਂ ਇਕ ਸਿਆਸੀ ਵਿੰਗ ਦੀ ਸਥਾਪਨਾ ਕੀਤੀ ਗਈ ਜੋ ਸਿਆਸਤਦਾਨਾਂ ਨੂੰ ਬਲੈਕਮੇਲ ਕਰਨ ਲਗੀ।

ਡੇਰਾ ਮੁਖੀ ਨੂੰ ਖੁਸ਼ ਕਰਨ ਲਈ ਬਦਲੇ ਪਿੰਡਾਂ ਦੇ ਨਾਂ
2002 'ਚ ਸੂਬੇ 'ਚ ਕਾਂਗਰਸ ਸਰਕਾਰ ਡੇਰੇ ਦੇ ਸਮਰਥਨ ਨਾਲ ਬਣੀ, ਉਦੋਂ ਤੋਂ ਲੈ ਕੇ ਅੱਜ ਤਕ ਸਿਆਸਤਦਾਨ ਡੇਰੇ ਦਾ ਗੁਣਗਾਨ ਕਰਦੇ ਰਹੇ। ਬਾਅਦ 'ਚ ਡੇਰੇ ਦਾ ਪ੍ਰਭਾਵ ਇਸ ਕਦਰ ਵੱਧਿਆ ਕਿ ਸਰਕਾਰ ਨੇ 2 ਪਿੰਡਾਂ ਦੇ ਨਾਂ ਹੀ ਪ੍ਰੇਮਿਆਂ ਦੇ ਕਹਿਣ 'ਤੇ ਡੇਰਾ ਮੁਖੀ ਨੂੰ ਖੁਸ਼ ਕਰਨ ਲਈ ਬਦਲ ਦਿੱਤੇ। 2003 ਤੋਂ ਲੈ ਕੇ 2005 ਦੌਰਾਨ ਪ੍ਰੇਮਿਆਂ ਦੇ ਕਹਿਣ 'ਤੇ ਪਿੰਡ ਕੈਲੋਵਾਂਦਰ ਦਾ ਨਾਂ ਬਦਲ ਕੇ ਨਸੀਬਪੁਰਾ ਰੱਖ ਦਿੱਤਾ ਗਿਆ ਤੇ ਇਸ ਦੀ ਸੂਚਨਾ ਵੀ ਜਾਰੀ ਕਰ ਦਿੱਤੀ। ਇਥੋਂ ਤਕ ਕਿ ਉਥੇ ਇਕ ਨਾਮ ਚਰਚਾ ਘਰ ਵੀ ਬਣਾ ਦਿੱਤਾ ਗਿਆ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮਾਤਾ ਦਾ ਨਾਂ ਨਸੀਬ ਕੌਰ ਦਿਸਦੇ ਨਾਂ 'ਤੇ ਇਸ ਪਿੰਡ ਦਾ ਨਾਂ ਰੱਖਿਆ ਗਿਆ। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਇਸ ਪਿੰਡ 'ਚ ਕਦੇ ਡੇਰੇ ਦੇ ਸੰਤ ਸ਼ਾਹ ਮਸਤਾਨਾ ਜੀ ਆਏ ਸਨ, ਜਿਨ੍ਹਾਂ ਨੇ ਖੁਸ਼ ਹੋ ਕੇ ਕਿਹਾ ਸੀ ਕਿ ਤੁਹਾਡਾ ਨਸੀਬਾਂ ਵਾਲਾ ਹੈ। ਪਿੰਡ ਦੇ ਸਰਪੰਚ ਗੁਰਤੇਜ਼ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਪਿਛੌਕੜ ਬਾਰੇ ਨਹੀਂ ਜਾਣਦੇ ਪਰ ਜਦ ਪਿੰਡ ਦਾ ਨਾਂ ਬਦਲਿਆ ਗਿਆ ਤਾਂ ਬਾਂਦਰ ਗੌਤ ਦੇ ਲੋਕਾਂ ਨੇ ਇਸ 'ਤੇ ਇਤਰਾਜ਼ ਵੀ ਜਤਾਇਆ ਸੀ। ਪਿੰਡ ਦੀ ਕੁਲ ਆਬਾਦੀ 3200 ਹੈਜਦ ਕਿ 65 ਲੋਕ ਡੇਰਾ ਪ੍ਰੇਮੀ ਹਨ।

2017 ਦੀਆਂ ਚੋਣਾਂ 'ਚ ਡੇਰੇ ਨੇ ਅਕਾਲੀ-ਭਾਜਪਾ ਸਰਕਾਰ ਦਾ ਕੀਤਾ ਸੀ ਐਲਾਨ
ਪਿੰਡ ਦੀ ਸਾਬਕਾ ਸਰਪੰਚ ਮਲਕੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਲੋਕ ਡੇਰਾ ਮੁਖੀ ਨਾਲ ਇਸ ਪਿੰਡ ਦਾ ਨਾਂ ਕੱਢਵਾ ਕੇ ਲਿਆਏ ਸਨ, ਜਿਸ ਨੂੰ ਸਰਕਾਰ ਨੇ ਪੂਰਾ ਕਰ ਦਿੱਤਾ। ਅਜਿਹਾ ਹੀ ਕੁਝ ਸਾਬਕਾ ਅਕਾਲੀ-ਭਾਜਪਾ ਗਠਬੰਧਨ ਸਰਕਾਰ ਨੇ ਕੀਤਾ, ਜਿਨ੍ਹਾਂ ਨੇ 2 ਸਾਲ ਪਹਿਲਾਂ ਬਠਿੰਡਾ ਦੇ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਪ੍ਰੇਮ ਕੋਟਲੀ ਰੱਖ ਦਿੱਤਾ। ਪਿੰਡ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਜ਼ਿਲਾ ਪ੍ਰਸ਼ਾਸਨ ਨੂੰ ਲਿਖਤ ਸ਼ਿਕਾਇਤ ਵੀ ਦਿੱਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। ਪਿੰਡ ਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਿਰਫ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ਇਸ ਪਿੰਡ ਦਾ ਨਾਂ ਬਦਲਿਆ ਗਿਆ ਸੀ। ਇਥੇ ਹੀ ਬੱਸ ਨਹੀਂ ਅਕਾਲੀ-ਭਾਜਪਾ ਸਰਕਾਰ ਨੇ ਡੇਰਾ ਮੁਖੀ ਨੂੰ ਮਿਲੀ ਜੈਡ ਸ਼੍ਰੇਣੀ ਦੀ ਸਰੁੱਖਿਆ 'ਚ ਪੰਜਾਬ ਪੁਲਸ ਦੇ 5 ਕਰਮਚਾਰੀ ਵੀ ਦਿੱਤੇ ਸਨ। 2017 ਦੀਆਂ ਚੋਣਾਂ 'ਚ ਡੇਰੇ ਵਲੋਂ ਅਕਾਲੀ-ਭਾਜਪਾ ਸਰਕਾਰ ਦੇ ਸਮਰਥਨ ਦਾ ਐਲਾਨ ਕੀਤਾ ਗਿਆ ਸੀ, ਜਿਸ ਨਾਲ ਕਾਂਗਰਸ ਖਫਾ ਸੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਂਦੇ ਹੀ ਡੇਰਾ ਮੁਖੀ ਨੂੰ ਦਿੱਤੀ ਗਈ ਪੁਲਸ ਸੁਰੱਖਿਆ ਵਾਪਸ ਮੰਗਵਾ ਲਈ। ਡੇਰੇ ਦਾ ਝੁਕਾਅ ਲਗਾਤਾਰ ਭਾਜਪਾ ਵਲ ਵਧਦਾ ਰਿਹਾ , ਜਿਸ ਕਾਰਨ ਹੋਰ ਸਿਆਸੀ ਪਾਰਟੀਆਂ ਨਾਖੁਸ਼ ਸਨ। 


Related News