ਪੰਜਾਬ ਕਾਂਗਰਸ ਦਾ ਸਖ਼ਤ ਫ਼ਰਮਾਨ, 8 ਕੌਂਸਲਰਾਂ ਨੂੰ 5 ਸਾਲਾਂ ਲਈ ਪਾਰਟੀ ''ਚੋਂ ਕੱਢਿਆ
Thursday, May 15, 2025 - 10:52 AM (IST)

ਜਲੰਧਰ/ਬਠਿੰਡਾ (ਚੋਪੜਾ) : ਪੰਜਾਬ ਕਾਂਗਰਸ ਨੇ ਵੱਡੀ ਕਾਰਵਾਈ ਕਰਦਿਆਂ ਆਪਣੇ 8 ਕੌਂਸਲਰਾਂ ਨੂੰ 5 ਸਾਲਾਂ ਲਈ ਬਾਹਰ ਕੱਢ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਬਠਿੰਡਾ ਨਗਰ ਨਿਗਮ ਦੇ 8 ਕੌਂਸਲਰਾਂ ਕਮਲਜੀਤ ਕੌਰ, ਮਮਤਾ ਸੈਣੀ, ਪੁਸ਼ਪਾ ਰਾਣੀ, ਕੁਲਵਿੰਦਰ ਕੌਰ, ਰਾਜ ਰਾਣੀ, ਕਮਲੇਸ਼ ਮਹਿਰਾ, ਨੇਹਾ ਅਤੇ ਸੁਰੇਸ਼ ਕੁਮਾਰ ਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਹੈ। ਇਨ੍ਹਾਂ ਸਾਰੇ ਕੌਂਸਲਰਾਂ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਹਿੱਤਾਂ ਖ਼ਿਲਾਫ਼ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦਿੱਤਾ ਸੀ। ਅਵਤਾਰ ਹੈਨਰੀ ਨੇ ਦੱਸਿਆ ਕਿ ਇਹ ਪੂਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਬਠਿੰਡਾ ਨਗਰ ਨਿਗਮ 'ਚ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਬੇਭਰੋਸਗੀ ਮਤਾ ਲਿਆਂਦਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ਕਿਸਾਨਾਂ ਨੂੰ ਹੋਵੇਗਾ ਵੱਡਾ ਫ਼ਾਇਦਾ
ਇਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਆਪਣੇ ਕੌਂਸਲਰਾ ਨੂੰ ਪਾਰਟੀ ਲਾਈਨ ਅਨੁਸਾਰ ਵੋਟਾਂ ਦੇਣ ਦੇ ਨਿਰਦੇਸ਼ ਦਿੱਤੇ ਸਨ ਪਰ ਇਸ ਦੇ ਬਾਵਜੂਦ 8 ਕਾਂਗਰਸੀ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਪੱਖ 'ਚ ਵੋਟਾਂ ਦਿੱਤੀਆਂ, ਜਦੋਂ ਕਿ 4 ਕੌਂਸਲਰ ਵੋਟਿੰਗ ਵਿਚੋਂ ਜਾਣ-ਬੁੱਝ ਕੇ ਗੈਰ-ਹਾਜ਼ਰ ਰਹੇ। ਇਸ ਘਟਨਾ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾਵਾਂ ਅਤੇ ਨਗਰ ਨਿਗਮ ਕੌਂਸਲਰਾਂ ਨੇ ਮਿਲ ਕੇ ਪਾਰਟੀ ਹਾਈਕਮਾਨ ਨੂੰ ਲਿਖਤੀ ਸ਼ਿਕਾਇਤ ਸੌਂਪੀ, ਜਿਸ 'ਚ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਕੌਂਸਲਰਾਂ ਖ਼ਿਲਾਫ ਅਨੁਸ਼ਾਸਨਾਤਮਕ ਕਾਰਵਾਈ ਦੀ ਮੰਗ ਕੀਤੀ ਗਈ ਸੀ। ਅਵਤਾਰ ਹੈਨਰੀ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਸਬੰਧਿਤ 8 ਕੌਂਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਅਤੇ 3 ਦਿਨਾਂ ਅੰਦਰ ਜਵਾਬ ਮੰਗਿਆ, ਜਿਨ੍ਹਾਂ ਵਿਚੋਂ 6 ਕੌਂਸਲਰਾਂ ਨੇ ਆਪਣਾ ਪੱਖ ਲਿਖ਼ਤੀ ਰੂਪ ਵਿਚ ਭੇਜਿਆ ਪਰ ਹੈਨਰੀ ਨੇ ਉਨ੍ਹਾਂ ਦੇ ਜਵਾਬ ਨੂੰ ਅਸਵੀਕਾਰ ਕਰਦਿਆਂ ਕਿਹਾ ਕਿ ਇਹ ਜਵਾਬ ਸੰਤੋਖਜਨਕ ਨਹੀਂ ਹਨ ਅਤੇ ਕਾਂਗਰਸ ਪਾਰਟੀ ਦੀ ਮੂਲ ਭਾਵਨਾ ਅਤੇ ਨਿਸ਼ਠਾ ਦੇ ਖ਼ਿਲਾਫ਼ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ! ਮੁਫ਼ਤ ਕਣਕ ਲਈ ਇਸੇ ਹਫ਼ਤੇ ਹੀ...
ਇਸ ਤੋਂ ਬਾਅਦ ਅਵਤਾਰ ਹੈਨਰੀ ਨੇ ਸਖ਼ਤ ਫੈਸਲਾ ਲੈਂਦਿਆਂ ਸਾਰੇ 8 ਕੌਂਸਲਰਾਂ ਨੂੰ ਆਗਾਮੀ 5 ਸਾਲਾਂ ਲਈ ਕਾਂਗਰਸ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ ਅਤੇ ਨੇਤਾ ਇਕ ਟੀਚੇ ਅਤੇ ਦਿਸ਼ਾ ਵਿਚ ਕੰਮ ਕਰੇ, ਇਹੀ ਸਾਡਾ ਉਦੇਸ਼ ਹੈ। ਪਾਰਟੀ ਪ੍ਰਤੀ ਵਫ਼ਾਦਾਰੀ, ਈਮਾਨਦਾਰੀ ਅਤੇ ਅਨੁਸ਼ਾਸਨ ਹੀ ਸਾਡੀ ਪਛਾਣ ਹੈ। ਹੈਨਰੀ ਨੇ ਕਿਹਾ ਕਿ ਜੋ ਵੀ ਇਸ ਭਾਵਨਾ ਦੇ ਉਲਟ ਕੰਮ ਕਰੇਗਾ, ਉਸ ਖ਼ਿਲਾਫ਼ ਕਾਰਵਾਈ ਯਕੀਨੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨਹੀਣਤਾ ਅਤੇ ਧੜੇਬੰਦੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8