ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤਾਈ, ‘ਆਪ’ ਦੇ ‘ਆਪਣਿਆਂ’ ’ਤੇ ਕਾਰਵਾਈ, ਭ੍ਰਿਸ਼ਟਾਚਾਰ ਖ਼ਿਲਾਫ਼ ਸਰਕਾਰ ਦਾ ਸਪਸ਼ਟ ਸਟੈਂਡ
Saturday, May 24, 2025 - 02:27 PM (IST)

ਚੰਡੀਗੜ੍ਹ (ਅੰਕੁਰ ਤਾਂਗੜੀ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੇ ਵਤੀਰੇ ਨੂੰ ਲੈ ਕੇ ਇਕ ਵੱਡਾ ਸੰਦੇਸ਼ ਦਿੱਤਾ ਹੈ। ਪਹਿਲਾਂ ਵਿਰੋਧੀਆਂ ਵੱਲੋਂ ਇਹ ਕਹਿ ਕੇ ਸਰਕਾਰ ਨੂੰ ਘੇਰਿਆ ਜਾਂਦਾ ਸੀ ਕਿ ਕੇਵਲ ‘ਛੋਟੀਆਂ ਮੱਛੀਆਂ’ ਹੀ ਫੜੀਆਂ ਜਾਂਦੀਆਂ ਹਨ ਤੇ ਵੱਡੀਆਂ ਮੱਛੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਪਰ ਹੁਣ ਇਸ ਮਾਮਲੇ ’ਚ ਬੇਹੱਦ ਸਖ਼ਤ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 55 ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ! ਲੱਗਣ ਜਾ ਰਿਹੈ ਵੱਡਾ ਪ੍ਰਾਜੈਕਟ
ਜਲੰਧਰ ਕੇਂਦਰੀ ਹਲਕੇ ਤੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ’ਤੇ ਸ਼ਿਕੰਜਾ ਕਸ ਕੇ ਸਰਕਾਰ ਨੇ ਇਹ ਸੰਦੇਸ਼ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨਾਂ ਆਉਣ ’ਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਉਹ ਚਾਹੇ ਕੋਈ ਆਪਣਾ ਹੀ ਕਿਉਂ ਨਾ ਹੋਵੇ। ਇਸ ਤੋਂ ਕੁਝ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਦੇ ਮੁਖੀ ਐੱਸ. ਪੀ. ਐੱਸ. ਪਰਮਾਰ ਨੂੰ ਵੀ ਮੁਅੱਤਲ ਕਰ ਕੇ ਸਰਕਾਰ ਨੇ ਆਪਣਾ ਸਟੈਂਡ ਸਪੱਸ਼ਟ ਕੀਤਾ ਕਿ ਜਿੱਥੇ ਭ੍ਰਿਸ਼ਟਾਚਾਰ ਕਰਨ ਵਾਲੇ ਨਹੀਂ ਬਖ਼ਸ਼ੇ ਜਾਣਗੇ, ਉੱਥੇ ਹੀ ਇਨ੍ਹਾਂ ਨਾਲ ਲਿਹਾਜ਼ ਵਰਤਣ ਵਾਲਿਆਂ ਨਾਲ ਵੀ ਕੋਈ ਨਰਮਾਈ ਨਹੀਂ ਵਰਤੀ ਜਾਵੇਗੀ।
ਬਾਕੀਆਂ ਨੂੰ ਹੋਏ ਕੰਨ
ਪਿਛਲੇ ਕਈ ਮਹੀਨਿਆਂ ਤੋਂ ਵਿਰੋਧੀ ਧਿਰਾਂ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੇਵਲ ਸਧਾਰਨ ਲੋਕਾਂ ’ਤੇ ਕਾਰਵਾਈ ਕਰਦੀ ਹੈ ਜੋ ਕਿ ਜਾਂ ਤਾਂ ਦਬਾਅ ’ਚ ਆ ਗਏ ਹਨ ਜਾਂ ਪਾਰਟੀ ’ਚ ਅੰਦਰੂਨੀ ਟਕਰਾਅ ਦਾ ਹਿੱਸਾ ਬਣ ਚੁੱਕੇ ਹਨ ਪਰ ਪਹਿਲਾਂ ਵਿਜੀਲੈਂਸ ਦੇ ਮੁਖੀ ਦੀ ਮੁਅੱਤਲੀ ਤੇ ਹੁਣ ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਨੇ ਸਰਕਾਰ ਦੇ ਸਖ਼ਤ ਰੁਖ ਨੂੰ ਜ਼ਾਹਰ ਕੀਤਾ ਹੈ। ਪਹਿਲਾਂ ਇਕ ਉੱਚ ਅਹੁਦੇ ’ਤੇ ਬੈਠੇ ਅਫ਼ਸਰ ਤੇ ਹੁਣ ਲੋਕਾਂ ਵੱਲੋਂ ਚੁਣੇ ਪ੍ਰਤੀਨਿਧ ’ਤੇ ਕਾਰਵਾਈ ਨੇ ਹੁਣ ਹੋਰਨਾਂ ਨੂੰ ਵੀ ਕੰਨ ਕਰ ਦਿੱਤੇ ਹਨ ਤੇ ਉਹ ਭ੍ਰਿਸ਼ਟਾਚਾਰ ਕਰਨ ਤੋਂ ਪਹਿਲਾਂ ਸੋਚਣਗੇ ਜ਼ਰੂਰ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ
ਪਹਿਲਾਂ ਵੀ ਸਰਕਾਰ ਨੇ ‘ਆਪਣਿਆਂ’ ’ਤੇ ਕੀਤੀ ਕਾਰਵਾਈ
ਸਰਕਾਰ ਨੇ 2022 ’ਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕਮਿਸ਼ਨ ਲੈਣ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕਰਵਾਇਆ ਸੀ ਤੇ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਵੀ ਬਰਖ਼ਾਸਤ ਕਰ ਦਿੱਤਾ ਗਿਆ। 2023 ’ਚ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਰਿਸ਼ਵਤਖੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਅੱਜ ਤੋਂ...
ਮਹਿਜ਼ 247 ਵੋਟਾਂ ਨਾਲ ਮਿਲੀ ਸੀ ਜਿੱਤ
ਰਮਨ ਅਰੋੜਾ ਦਾ ਕੋਈ ਸਿਆਸੀ ਪਿਛੋਕੜ ਨਹੀਂ ਸੀ। ਉਹ ਜਲੰਧਰ ਦੇ ਪੀਰ ਬੋਦਲਾ ਬਾਜ਼ਾਰ ’ਚ ਕੱਪੜਾ ਵਪਾਰੀ ਸਨ। ਕੋਰੋਨਾ ਕਾਲ ਦੌਰਾਨ ਸਮਾਜ ਲਈ ਕੀਤੇ ਕੰਮਾਂ ਨੂੰ ਦੇਖਦਿਆਂ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਖੱਤਰੀ ਅਰੋੜਾ ਪੰਜਾਬ ਬੋਰਡ ਦਾ ਵਾਈਸ ਚੇਅਰਮੈਨ ਲਾਇਆ ਸੀ। ਦਸੰਬਰ 2021 ’ਚ ਉਹ ਅਰਵਿੰਦ ਕੇਜਰੀਵਾਲ ਦੇ ਸੰਪਰਕ ’ਚ ਆਏ, ਜਦੋਂ ਉਹ ਜਲੰਧਰ ਆਏ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਜਲੰਧਰ ਕੇਂਦਰੀ ਹਲਕੇ ਤੋਂ ਟਿਕਟ ਦਿੱਤੀ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਵਿਧਾਇਕ ਰਾਜਿੰਦਰ ਬੇਰੀ ਨਾਲ ਸੀ ਤੇ ਉਹ ਬੜੀ ਮੁਸ਼ਕਲ ਨਾਲ ਮਹਿਜ਼ 247 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8