ਮਲੋਟ ਰੈਲੀ ਮੌਕੇ ਸਟੇਜ ''ਤੇ ਚੜਨ ਨੂੰ ਲੈਕੇ ਕਾਂਗਰਸ ਵਰਕਰਾਂ ਵਿਚ ਹੋਇਆ ਬੋਲ-ਬੁਲਾਰਾ
Friday, May 23, 2025 - 06:31 PM (IST)

ਮਲੋਟ (ਸ਼ਾਮ ਜੁਨੇਜਾ) : ਸੰਵਿਧਾਨ ਬਚਾਓ ਰੈਲੀ ਵਿਚ ਰਾਜਾ ਵੜਿੰਗ ਦੇ ਆਉਣ ਤੋਂ ਪਹਿਲਾਂ ਸਟੇਜ 'ਤੇ ਚੜ੍ਹਨ ਨੂੰ ਲੈਕੇ ਕੁਝ ਵਰਕਰਾਂ ਵਿਚ ਬੋਲ ਬੁਲਾਰਾ ਹੋ ਗਿਆ। ਹਾਲਾਂਕਿ ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਵੱਲੋਂ ਮਾਮਲਾ ਸ਼ਾਂਤ ਕਰ ਦਿੱਤਾ। ਜ਼ਿਕਰਯੋਗ ਹੈ ਕਿ ਅੱਜ ਮਲੋਟ ਵਿਖੇ ਸੰਵਿਧਾਨ ਬਚਾਓ ਰੈਲੀ ਨੂੰ ਲੈਕੇ ਕਾਂਗਰਸ ਪਾਰਟੀ ਨੇ ਇਕ ਪ੍ਰੋਗਰਾਮ ਰੱਖਿਆ ਸੀ। ਅੱਤ ਦੀ ਗਰਮੀ ਦੇ ਬਾਵਜੂਦ ਵੀ ਵਰਕਰਾਂ ਵਿਚ ਭਾਰੀ ਉਤਸ਼ਾਹ ਸੀ ਤੇ ਉਮੀਦ ਨਾਲੋਂ ਕਿਤੇ ਵਧੇਰੇ ਇਕੱਠ ਸੀ। ਉਧਰ ਮੰਚ ਉਪਰ ਵੀ ਸੁਰੱਖਿਆ ਪ੍ਰਬੰਧਾਂ ਅਤੇ ਹੋਰ ਕਾਰਨਾਂ ਕਰਕੇ ਸੀਮਤ ਸੀਟਾਂ ਲਾਈਆਂ ਸਨ।
ਇਸ ਮੌਕੇ ਅਜੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੁੱਜੇ ਨਹੀਂ ਸਨ ਅਤੇ ਰੈਲੀ ਸ਼ੁਰੂ ਨਹੀਂ ਹੋਈ ਸੀ ਪਰ ਇਸ ਦੇ ਬਾਵਜੂਦ ਸੁਰੱਖਿਆ ਕਰਮਚਾਰੀਆਂ ਅਤੇ ਪ੍ਰਬੰਧਕਾਂ ਵੱਲੋਂ ਮੰਚ 'ਤੇ ਜਾਣ ਲਈ ਚੂੜੀ ਕੱਸੀ ਹੋਈ ਸੀ। ਇਸ ਦੌਰਾਨ ਇਕ ਕੌਂਸਲਰ ਨੂੰ ਸਟੇਜ 'ਤੇ ਚੜ੍ਹਨ ਤੋਂ ਰੋਕੇ ਜਾਣ 'ਤੇ ਇਹ ਸਥਿਤੀ ਬਣੀ। ਮੰਚ 'ਤੇ ਚੜਨ ਨੂੰ ਲੈ ਕੇ ਕੁਝ ਵਰਕਰਾਂ ਵਿਚ ਆਪਸੀ ਬੋਲਬੁਲਾਰਾ ਹੋ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਮਾਮਲਾ ਸ਼ਾਂਤ ਕਰ ਦਿੱਤਾ। ਪ੍ਰਬੰਧਕਾਂ ਦਾ ਕਹਿਣਾ ਸੀ ਕਿ ਆਸ ਤੋਂ ਜ਼ਿਆਦਾ ਇਕੱਠ ਅਤੇ ਮੰਚ ਉਪਰ ਚੜਨ ਨੂੰ ਲੈਕੇ ਇਕ ਘਟਨਾ ਹੋਈ।