ਡੇਰਾ ਪ੍ਰੇਮੀ ਵੱਲੋਂ ਬੇਅਦਬੀ ਦੇ ਮੁੱਖ ਗਵਾਹ ਨਾਲ ਗਾਲੀ-ਗਲੋਚ, ਪੁਲਸ ਛਾਉਣੀ ’ਚ ਤਬਦੀਲ ਹੋਇਆ ਪਿੰਡ ਮੱਲਕੇ

07/30/2022 4:52:11 PM

ਸਮਾਲਸਰ (ਸੁਰਿੰਦਰ ਸੇਖਾ) : ਪੁਲਸ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਮੱਲਕੇ (ਮੋਗਾ) ’ਚ 4 ਨਵੰਬਰ  2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਗਵਾਹ ਗੁਰਸੇਵਕ ਸਿੰਘ ਫੌਜੀ ਨੂੰ ਕਥਿਤ ਡੇਰਾ ਪ੍ਰੇਮੀਆਂ ਵੱਲੋਂ ਗਾਲੀ ਗਲੋਚ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਫੌਜੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮੈਂ ਆਪਣੇ ਖੇਤ ਜਾ ਰਿਹਾ ਸੀ ਤਾਂ ਅਮਰਦੀਪ ਸਿੰਘ ਦੀਪਾ ਦੇ ਪਿਤਾ ਸੁਖਮੰਦਰ ਸਿੰਘ ਵੱਲੋਂ ਮੈਨੂੰ ਕਿਹਾ ਕਿ ਤੂੰ ਗਵਾਹੀ ਦੇ ਕੇ ਸਾਡਾ ਕੀ ਕਰ ਲਿਆ  ਅਤੇ ਹੋਰ ਗਾਲੀ-ਗਲੋਚ ਕੀਤਾ। ਇਸ ਘਟਨਾ ਦਾ ਸੋਸ਼ਲ ਮੀਡੀਆ ਉੱਪਰ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਪਿੰਡ ਮੱਲਕੇ ਵੱਲ ਵਹੀਰਾਂ ਘੱਤ ਦਿੱਤੀਆਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਭਾਂਪਦੇ ਹੋਏ ਡੀ. ਐੱਸ. ਪੀ. ਬਾਘਾਪੁਰਾਣਾ ਜਸਜੋਤ ਸਿੰਘ, ਡੀ. ਐੱਸ. ਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਅਤੇ ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਜਤਿੰਦਰ ਸਿੰਘ ਵੱਲੋਂ ਆਪਣੀਆਂ ਪੁਲਸ ਪਾਰਟੀਆਂ ਲੈ ਕੇ ਪਿੰਡ ਮੱਲਕੇ ਦੇ ਹਰ ਰਸਤੇ ਨੂੰ ਸੀਲ ਕਰ ਪਿੰਡ ਮੱਲਕੇ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। 

ਖ਼ਬਰ ਲਿਖੇ ਜਾਣ ਤੱਕ ਮੌਕੇ ਉੱਪਰ ਪਹੁੰਚੇ ਉੱਚ ਅਫ਼ਸਰਾਂ ਵੱਲੋਂ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਜ਼ਿਕਰਯੋਗ ਹੈ ਕਿ ਨਵੰਬਰ 2015 'ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ  ਬੇਅਦਬੀ ਕਰਨ ਵਾਲੇ ਕਥਿਤ ਡੇਰਾ ਪ੍ਰੇਮੀਆਂ ਦੀ ਪੰਜਾਬ ਪੁਲਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਵੱਲੋਂ ਪਹਿਚਾਨ ਕੀਤੇ ਜਾਣ ਤੇ  ਬੀਤੇ 07 ਜੁਲਾਈ 2022 ਨੂੰ ਮਾਨਯੋਗ ਜ਼ਿਲ੍ਹਾ ਜੁਡੀਸ਼ੀਅਲ ਅਦਾਲਤ ਵੱਲੋਂ ਕਥਿਤ ਡੇਰਾ ਪ੍ਰੇਮੀਆਂ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਕਰਨ ਉਪਰੰਤ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਸੀ ।

ਸਿੱਖ ਜਥੇਬੰਦੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸੁਖਜੀਤ ਸਿੰਘ ਖੋਸਾ ਨੇ ਡੀ. ਐੱਸ. ਪੀ ਬਾਘਾਪੁਰਾਣਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਥਿਤ ਗਾਲੀ ਗਲੋਚ ਕਰਨ ਵਾਲੇ ਡੇਰਾ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਜਾਵੇ । ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਿੱਖ ਜਥੇਬੰਦੀਆਂ ਵੱਲੋਂ ਉਕਤ ਡੇਰਾ ਪ੍ਰੇਮੀ ਦੇ ਘਰ ਦੀ ਘੇਰਾਬੰਦੀ ਕੀਤੀ ਜਾਵੇਗੀ। ਇਸ ਸਮੇਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ, ਰਾਜਾ ਸਿੰਘ ਖੁਖਰਾਣਾ, ਜਗਸੀਰ ਸਿੰਘ ਰਾਜੇਆਣਾ, ਮੱਖਣ ਸਿੰਘ ਮੁਸਾਫਰ ਸਮਾਲਸਰ, ਵੀਰਪਾਲ ਸਿੰਘ ਸਮਾਲਸਰ , ਡਾ. ਬਲਵੀਰ ਸਿੰਘ ਸਰਾਵਾਂ, ਭੋਲਾ ਸਿੰਘ ਥਰਾਜ, ਗੁਰਭਾਗ ਸਿੰਘ ਮਰੂੜ, ਦਵਿੰਦਰ ਸਿੰਘ ਹਰੀਏ ਵਾਲਾ, ਗੁਰਪਰੀਤ ਸਿੰਘ ਜਿਉਣ ਵਾਲਾ ਆਦਿ ਤੋਂ ਇਲਾਵਾ ਸਿੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।


Gurminder Singh

Content Editor

Related News