ਜੇਲ ''ਚ ਡੇਰਾ ਪ੍ਰੇਮੀ ਦਾ ਕਤਲ ਕਰਨ ਵਾਲੇ ਮੁਲਜ਼ਮ 4 ਦਿਨਾਂ ਦੇ ਪੁਲਸ ਰਿਮਾਂਡ ''ਤੇ
Sunday, Jun 23, 2019 - 06:22 PM (IST)

ਪਟਿਆਲਾ : ਡੇਰਾ ਸਿਰਸਾ ਦੀ ਉੱਚ ਪੱਧਰੀ ਕਮੇਟੀ ਦੇ ਮੈਂਬਰ ਅਤੇ ਬਰਗਾੜੀ ਬੇਅਦਬੀ ਮਾਮਲੇ 'ਚ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਕਤਲ ਕਰਨ ਵਾਲੇ ਮੁਲਜ਼ਮ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ ਪੁਲਸ ਵਲੋਂ ਅੱਜ ਜ਼ਿਲਾ ਮੈਜਿਸਟਰੇਟ ਸਾਹਮਣੇ ਪੇਸ਼ ਕੀਤ ਗਿਆ, ਜਿਥੋਂ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਚਾਰ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ। ਦੋਵਾਂ ਮੁਲਜ਼ਮਾਂ ਨੂੰ ਸੁਰੱਖਿਆ ਦੇ ਸਖਤ ਪਹਿਰੇ ਹੇਠ ਅਦਾਲਤ 'ਚ ਲਿਜਾਇਆ ਗਿਆ, ਇਥੇ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਇਕੋ ਜਿਹਾ ਪਹਿਰਾਵਾ ਪਹਿਨਾ ਕੇ ਅਦਾਲਤ ਵਿਚ ਪੇਸ਼ ਕੀਤਾ।
ਦੱਸਣਯੋਗ ਹੈ ਕਿ ਪਿਛਲੇ 7 ਮਹੀਨਿਆਂ ਤੋਂ ਨਾਭਾ ਦੀ ਨਵੀਂ ਬਣੀ ਜ਼ਿਲਾ ਜੇਲ 'ਚ ਬੰਦ ਮਹਿੰਦਰਪਾਲ ਬਿੱਟੂ ਦਾ ਸ਼ਨੀਵਾਰ ਸ਼ਾਮ ਜੇਲ ਵਿਚ ਬੰਦ ਦੋ ਕੈਦੀਆਂ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਵਲੋਂ ਕਤਲ ਕਰ ਦਿੱਤਾ ਸੀ। ਪੁਲਸ ਨੇ ਸ਼ਨੀਵਾਰ ਰਾਤ ਹੀ ਮਹਿੰਦਰਪਾਲ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਸੀ। ਫਿਲਹਾਲ ਮਹਿੰਦਰਪਾਲ ਦੀ ਲਾਸ਼ ਨੂੰ ਕੋਟਕਪੂਰਾ ਦੇ ਨਾਮ ਚਰਚਾ ਵਿਚ ਘਰ ਵਿਚ ਰਖਵਾਇਆ ਗਿਆ ਹੈ। ਜਿਥੇ ਪੁਲਸ ਵਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਧਰ ਡੇਰਾ ਸਿਰਸਾ ਵਲੋਂ ਆਈ 7 ਮੈਂਬਰੀ ਕਮੇਟੀ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮਹਿੰਦਰਪਾਲ ਦਾ ਸਸਕਾਰ ਨਹੀਂ ਕੀਤਾ ਜਾਵੇਗਾ।